ਰਾਮਦੇਵ-ਸੰਨਿਆਸ ਤੋਂ ਸੱਤਿਆਗ੍ਰਹਿ ਤੱਕ--(2)
ਰਾਮਦੇਵ ਨੇ ਆਪਣੇ ਪਿੰਡ ਦੀ ਸਾਰ ਨਹੀਂ ਲਈ
-ਭਾਵਨਾ ਮਲਿਕ

ਸੁਨੇਹਾ
0
ਲੜੀ ਜੋੜਣ ਲਈ ਕਿਸ਼ਤ ਨੰ: 1 ਪੜ੍ਹੋ ਜੋ ਇਸ ਕਿਸ਼ਤ ਦੇ ਹੇਠਾਂ ਦਿੱਤੀ ਗਈ ਹੈ।

ਭਾਵਨਾ ਮਲਿਕ
ਹੁਣ ਜਾਇਜ਼ਾ ਲਈਏ, ਰਾਮਦੇਵ ਦੇ ਆਪਣੇ ਪਿੰਡ ਦਾ। ਰਾਜਸਥਾਨ ਸਰਹੱਦ ਤੋਂ ਦੋ ਕਿਲੋਮੀਟਰ ਪਹਿਲਾਂ ਵਸੇ ਸਈਅਦ ਅਲੀਪੁਰ, ਜ਼ਿਲ੍ਹਾ ਮਹਿੰਦਰਗੜ੍ਹ (ਹਰਿਆਣਾ) ਵਿਚ ਕੁੱਲ 400 ਘਰ ਹਨ। ਪਿੰਡ ਦੀ ਆਬਾਦੀ ਤਿੰਨ ਹਜ਼ਾਰ ਲੋਕਾਂ ਦੀ ਹੈ। ਏ. ਸੀ. ਕਾਰਾਂ, ਜਹਾਜ਼ਾਂ ਵਿਚ ਸੈਰ ਅਤੇ ਮਿਨਰਲ ਵਾਟਰ ਦੇ ਆਦੀ ਬਾਬਾ ਰਾਮਦੇਵ ਦਾ ਪਿੰਡ ਕੁਝ ਹੋਰ ਹੀ ਦੱਸਦਾ ਹੈ। ਪਿੰਡ ਵਿਚ ਸਫ਼ਾਈ ਬਿਲਕੁਲ ਨਹੀਂ ਹੈ। ਟੁੱਟੀਆਂ ਸੜਕਾਂ, ਬਦਬੂਦਾਰ ਗਲੀਆਂ ਅਤੇ ਮੱਛਰਾਂ ਨਾਲ ਭਰਿਆ ਗੰਦਾ ਪਾਣੀ। ਇਹੀ ਨਹੀਂ, ਪਿੰਡ ਵਿਚ ਕੋਈ ਵੀ ਸਕੂਲ ਜਾਂ ਕਾਲਜ ਨਹੀਂ, ਨਾ ਹੀ ਕੋਈ ਡਿਸਪੈਂਸਰੀ ਜਾਂ ਹਸਪਤਾਲ ਹੈ, ਜਿਥੇ ਮਰੀਜ਼ਾਂ ਦਾ ਇਲਾਜ ਹੋ ਸਕੇ।

ਰਾਮਦੇਵ ਨੇ ਆਪਣੀਆਂ ਆਯੁਰਵੈਦਿਕ ਦਵਾਈਆਂ ਦੀ ਵੀ ਕੋਈ ਸਹੂਲਤ ਨਹੀਂ ਦਿੱਤੀ ਹੋਈ। ਇਹ ਪੁੱਛਣ 'ਤੇ ਕਿ ਕੀ ਰਾਮਦੇਵ ਪਿੰਡ ਲਈ ਕੁਝ ਨਹੀਂ ਕਰਦੇ, ਉਨ੍ਹਾਂ ਦੇ ਚਾਚਾ ਰਾਮਚੰਦਰ ਯਾਦਵ ਨੇ ਰਾਮਦੇਵ ਸਬੰਧੀ ਮਾੜੀ ਸ਼ਬਦਾਵਲੀ ਬੋਲਦੇ ਹੋਏ ਕਿਹਾ ਕਿ 'ਰਾਮਦੇਵ ਨੇ ਇਕ ਬੋਰ ਕਰਵਾਇਆ ਸੀ, ਜਿਸ ਵਿਚ ਪਾਣੀ ਨਹੀਂ ਅਤੇ ਇਕ ਮੋਟਰ ਲਗਵਾਈ ਪਰ ਬਿਜਲੀ ਦਾ ਕੁਨੈਕਸ਼ਨ ਨਹੀਂ ਲਗਵਾਇਆ।' ਇਹ ਹੀ ਨਹੀਂ, ਉਨ੍ਹਾਂ ਨੇ ਅਤੇ ਪਿੰਡ ਦੇ ਸਰਪੰਚ ਮਾਨ ਸਿੰਘ ਨੇ ਰਾਮਦੇਵ 'ਤੇ ਜਬਰਨ ਜ਼ਮੀਨਾਂ 'ਤੇ ਕਬਜ਼ਾ ਕਰਨ ਦਾ ਇਲਜ਼ਾਮ ਵੀ ਲਗਾਇਆ। ਉਨ੍ਹਾਂ ਨੇ ਦੱਸਿਆ ਕਿ 'ਕੁਝ ਸਾਲ ਪਹਿਲਾਂ ਪਿੰਡ ਦੀ ਪੰਚਾਇਤ ਨੇ ਰਾਮਦੇਵ ਨੂੰ 18 ਏਕੜ ਜ਼ਮੀਨ ਪਰਮਾਰਥ ਲਈ ਦਿੱਤੀ। ਰਾਮਦੇਵ ਨੇ ਐਲਾਨ ਕੀਤਾ ਕਿ ਉਹ ਇਸ ਜ਼ਮੀਨ 'ਤੇ ਇਕ ਸਕੂਲ ਖੋਲ੍ਹਣਗੇ ਅਤੇ ਆਪਣਾ ਤਾਲਾ ਲਗਾ ਕੇ ਚਲੇ ਗਏ। ਇਕ ਸਾਲ ਬਾਅਦ ਰਾਮਦੇਵ ਨੇ ਉਥੇ ਸਕੂਲ ਦੀ ਜਗ੍ਹਾ 'ਤੇ ਆਮਲੇ ਉਗਾਉਣ ਦੀ ਗੱਲ ਕੀਤੀ, ਜੋ ਕਿ ਦਵਾਈਆਂ ਅਤੇ ਹਰਬਲ ਚਾਹ ਬਣਾਉਣ ਦੇ ਕੰਮ ਆਉਣਗੇ। ਪੂਰੇ ਪਿੰਡ ਨੇ ਅਤੇ ਸਰਪੰਚ ਮਾਨ ਸਿੰਘ ਨੇ ਇਸ ਗੱਲ ਦਾ ਵਿਰੋਧ ਕੀਤਾ ਅਤੇ ਜ਼ਮੀਨ ਰਾਮਦੇਵ ਤੋਂ ਵਾਪਸ ਲੈ ਲਈ।' ਰਾਮਦੇਵ ਦਾ ਇਕ ਮੁਕੱਦਮਾ ਆਪਣੇ ਚਾਚਾ ਨਾਲ ਵੀ ਅਦਾਲਤ ਵਿਚ ਚੱਲ ਰਿਹਾ ਹੈ। ਰਾਮਚੰਦਰ ਯਾਦਵ ਨੇ ਦੱਸਿਆ ਕਿ 'ਰਾਮਦੇਵ ਉੱਤਰਾਂਚਲ ਤੋਂ ਬੰਦੇ ਲੈ ਕੇ ਆਏ ਅਤੇ ਜਬਰਨ ਪੁਰਾਣੇ ਮਕਾਨ 'ਤੇ ਕਬਜ਼ਾ ਕਰ ਲਿਆ। ਇਸ ਹਾਦਸੇ ਦਾ ਗਵਾਹ ਪੂਰਾ ਪਿੰਡ ਅਤੇ ਰਾਮਦੇਵ ਦਾ ਪਰਿਵਾਰ ਵੀ ਹੈ।'

ਰਾਮਦੇਵ ਨੇ ਆਪਣੇ ਚਾਚਾ ਦੀ ਚਾਰ ਕਿੱਲੇ ਜ਼ਮੀਨ 'ਤੇ ਵੀ ਕਬਜ਼ਾ ਕੀਤਾ ਗਿਆ ਹੋਇਆ। ਇਸ ਦਾ ਮੁਕੱਦਮਾ ਅਦਾਲਤ ਵਿਚ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ 'ਰਾਮਦੇਵ ਦੀ ਪਹੁੰਚ ਅਫਸਰਾਂ ਅਤੇ ਨੇਤਾਵਾਂ ਤੱਕ ਹੋਣ ਕਾਰਨ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ। ਜੋ ਵੀ ਅਫਸਰ ਉਨ੍ਹਾਂ ਦੀ ਮਦਦ ਕਰਦਾ ਹੈ, ਉਸ ਦਾ ਤਬਾਦਲਾ ਕਰਵਾ ਦਿੱਤਾ ਜਾਂਦਾ ਹੈ।'

ਰਾਮਦੇਵ ਦੇ ਪਿਤਾ ਰਾਮਨਿਵਾਸ ਅਤੇ ਭਰਾ ਦੇਵਦੱਤ ਦੀ ਰਿਹਾਇਸ਼ ਪਿੰਡ ਤੋਂ ਬਾਹਰ ਹੈ ਅਤੇ ਉਨ੍ਹਾਂ ਦੇ ਘਰ ਟਿਊਬਵੈੱਲ ਵੀ ਹੈ, ਜੋ ਕਿ ਚਾਰ ਹਜ਼ਾਰ ਲਿਟਰ ਤੱਕ ਪਾਣੀ ਦੇ ਸਕਦਾ ਹੈ। ਇਸ ਦੇ ਨਾਲ ਹੀ ਕੂਲਰ ਅਤੇ ਇਨਵਰਟਰ ਵੀ ਹੈ, ਪਰ ਪਿੰਡ ਦੇ ਕਿਸੇ ਵੀ ਬੰਦੇ ਦੀ ਮਦਦ ਇਹ ਲੋਕ ਨਹੀਂ ਕਰਦੇ। ਰਾਮਦੇਵ ਦੇ ਦਾਦਾ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕੇ ਹਨ ਅਤੇ ਕੁਝ ਵਕਤ ਪਹਿਲਾਂ ਉਨ੍ਹਾਂ ਨੂੰ ਰਾਮਦੇਵ ਨੇ ਘਰੋਂ ਕੱਢ ਕੇ ਆਪਣੇ ਚਾਚੇ ਕੋਲ ਛੱਡ ਦਿੱਤਾ। ਇਕ ਸਵਾਲ ਉੱਠਦਾ ਹੈ ਕਿ ਰਾਮਦੇਵ ਭ੍ਰਿਸ਼ਟਾਚਾਰ ਦੇ ਖਿਲਾਫ਼ ਜੰਗ ਲੜ ਰਹੇ ਹਨ ਅਤੇ ਕੀ ਇਹ ਸਭ ਭ੍ਰਿਸ਼ਟਾਚਾਰ ਨਹੀਂ?

ਰਾਮਦੇਵ ਦਾ ਸੱਤਿਆਗ੍ਰਹਿ ਅਤੇ ਸਾਮਰਾਜ

ਰਾਮਦੇਵ ਨੇ ਵਿਦੇਸ਼ੀ ਬੈਂਕਾਂ ਵਿਚ ਪਿਆ ਭਾਰਤ ਦਾ ਪੈਸਾ ਵਾਪਸ ਮੰਗਵਾਉਣ ਲਈ ਜੋ ਸੱਤਿਆਗ੍ਰਹਿ ਕੀਤਾ, ਉਸ ਦੇ ਇੰਤਜ਼ਾਮ ਵਿਚ ਕੁੱਲ 18 ਕਰੋੜ ਰੁਪਏ ਖਰਚ ਕੀਤੇ ਗਏ। ਦਿੱਲੀ ਦਾ ਰਾਮਲੀਲਾ ਮੈਦਾਨ ਸੱਤਿਆਗ੍ਰਹਿ ਦਾ ਮੰਚ ਘੱਟ ਅਤੇ ਕਿਸੇ ਬਾਰਾਤ ਦਾ ਪੰਡਾਲ ਜ਼ਿਆਦਾ ਲਗਦਾ ਸੀ।

ਰਾਮਲੀਲਾ ਮੈਦਾਨ ਵਿਚ 2.50 ਲੱਖ ਸੁਕੇਅਰ ਵਰਗ ਫੁੱਟ ਵਾਟਰ ਪਰੂਫ ਟੈਂਟ ਲਗਵਾਇਆ ਗਿਆ, ਜਿਸ ਵਿਚ 780 ਪੱਖੇ ਅਤੇ ਇਕ ਸੌ ਕੂਲਰ ਲਗਾਏ ਗਏ, ਜਿਸ ਦਾ ਖਰਚਾ ਇਕ ਮਹੀਨੇ ਦਾ 2 ਕਰੋੜ ਸੀ। ਮਿਊਂਸਪਲ ਕਾਰਪੋਰੇਸ਼ਨ ਕੋਲ 30 ਜੂਨ ਤੱਕ ਮੈਦਾਨ ਦਾ ਕਿਰਾਇਆ 3.10 ਲੱਖ ਜਮ੍ਹਾਂ ਕਰਵਾਇਆ ਗਿਆ। ਦੋ ਖੂਹ ਖੁਦਵਾਏ ਗਏ, ਜਿਨ੍ਹਾਂ ਵਿਚ ਇਕ ਲੱਖ ਲਿਟਰ ਤੱਕ ਪਾਣੀ ਜਮ੍ਹਾ ਕੀਤਾ ਜਾਣਾ ਸੀ। ਪਾਣੀ ਦੀ ਸਫਾਈ ਲਈ 500 ਆਰ. ਓ. ਪਲਾਂਟ ਲਗਾਏ ਗਏ ਸਨ। ਹਰੇਕ ਪਲਾਂਟ ਦੀ ਕੀਮਤ 16 ਲੱਖ ਰੁਪਏ ਹੈ। ਇਨ੍ਹਾਂ 'ਤੇ ਕੁੱਲ ਖਰਚਾ 8 ਕਰੋੜ ਆਇਆ। 1300 ਬਾਥਰੂਮ ਬਣਵਾਏ ਗਏ ਅਤੇ ਕੁਝ ਅਜਿਹੇ ਟੈਂਟ ਲਗਵਾਏ ਗਏ, ਜਿਨ੍ਹਾਂ ਨਾਲ ਵੱਖਰੇ ਬਾਥਰੂਮ ਸਨ। ਸੱਤ ਵੱਡੀਆਂ ਸਕ੍ਰੀਨਾਂ ਅਤੇ ਸੌ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ। ਇਕ ਇਨਟੈਂਸਿਵ ਕੇਅਰ ਕਮਰਾ, ਜਿਸ ਵਿਚ ਏਅਰਕੰਡੀਸ਼ਨ ਲੱਗਾ ਹੋਇਆ ਸੀ। ਇਸ ਪੈਸੇ ਨਾਲ ਬਾਬਾ ਰਾਮਦੇਵ ਕੋਈ ਸਕੂਲ ਜਾਂ ਹਸਪਤਾਲ ਵੀ ਖੋਲ੍ਹ ਸਕਦੇ ਸਨ।

ਸੱਤਿਆਗ੍ਰਹਿ ਤੋਂ ਇਕ ਦਿਨ ਪਹਿਲਾਂ ਦਿੱਲੀ ਦੇ ਆਲੀਸ਼ਾਨ ਹੋਟਲ ਕਲੈਰੇਜਿਜ਼ ਵਿਚ ਸਰਕਾਰ ਦੇ ਕੁਝ ਮੰਤਰੀਆਂ ਅਤੇ ਰਾਮਦੇਵ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਦੋਵਾਂ ਨੇ ਕੀ ਸਮਝੌਤਾ ਕੀਤਾ, ਉਹ ਅਜੇ ਵੀ ਸਾਫ਼ ਨਹੀਂ ਹੈ। ਸੱਤਿਆਗ੍ਰਹਿ ਦੇ ਦੌਰਾਨ ਰਾਮਦੇਵ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਗੱਲਾਂ ਨਹੀਂ ਮੰਨੀਆ ਤਾਂ ਉਹ ਉਨ੍ਹਾਂ ਲੋਕਾਂ ਦੇ ਨਾਂਅ ਦੱਸ ਦੇਣਗੇ, ਜਿਨ੍ਹਾਂ ਦਾ ਪੈਸਾ ਵਿਦੇਸ਼ੀ ਬੈਂਕਾਂ ਵਿਚ ਪਿਆ ਹੈ।

5 ਜੂਨ, ਸ਼ਾਮ ਨੂੰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਰਾਮਦੇਵ ਦੀ ਇਕ ਚਿੱਠੀ ਦਾ ਖੁਲਾਸਾ ਕੀਤਾ ਕਿ ਰਾਮਦੇਵ ਦੀ ਭੁੱਖ ਹੜਤਾਲ ਇਕ ਦਿਖਾਵਾ ਹੈ ਅਤੇ ਉਹ ਸਰਕਾਰ ਨਾਲ ਸਮਝੌਤਾ ਕਰ ਚੁੱਕੇ ਹਨ। ਹੈਰਾਨੀ ਹੋਈ ਕਿ ਰਾਮਦੇਵ ਨੇ ਕਾਂਗਰਸ 'ਤੇ ਧੋਖੇ ਦਾ ਦੋਸ਼ ਲਗਾਇਆ ਪਰ ਅਜੇ ਤੱਕ ਵੀ ਉਨ੍ਹਾਂ ਨੇ ਨਾਵਾਂ ਦੀ ਸੂਚੀ ਮੀਡੀਆ ਸਾਹਮਣੇ ਨਹੀਂ ਰੱਖੀ। ਕੀ ਕਾਰਨ ਹੈ ਕਿ ਰਾਮਦੇਵ ਕੋਲ ਕੋਈ ਸੂਚੀ ਨਹੀਂ ਹੈ ਜਾਂ ਫਿਰ ਉਹ ਸਰਕਾਰ ਨਾਲ ਕੋਈ ਸਮਝੌਤਾ ਕਰਨ ਦੀ ਤਾਕ ਵਿਚ ਹਨ? ਜੇ ਰਾਮਦੇਵ ਸੱਚੇ ਹਨ ਤਾਂ ਪੁਲਿਸ ਦੇ ਆਉਣ 'ਤੇ ਉਹ ਔਰਤ ਦੇ ਲਿਬਾਸ ਵਿਚ ਉਥੋਂ ਕਿਉਂ ਭੱਜੇ? ਕੀ ਇਕ ਸੰਤ ਜਾਂ ਸੰਨਿਆਸੀ ਦਾ ਅਜਿਹਾ ਕਰਨਾ ਠੀਕ ਹੈ?

ਰਾਮਦੇਵ ਦੇ ਸਾਮਰਾਜ ਦਾ ਖੁਲਾਸਾ ਘੱਟ ਹੈਰਾਨ ਨਹੀਂ ਕਰਦਾ। ਬਾਬਾ ਰਾਮਦੇਵ ਦਾ ਨਾਂਅ ਕੁੱਲ 200 ਕੰਪਨੀਆਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਵਿਚੋਂ 34 ਕੰਪਨੀਆਂ ਵਿਚ ਆਚਾਰੀਆ ਬਾਲਕ੍ਰਿਸ਼ਨ ਡਾਇਰੈਕਟਰ ਹਨ। ਰਾਮਦੇਵ ਦੇ ਸਿਰਫ ਦੋ ਟਰੱਸਟਾਂ ਦੀ ਸਾਲਾਨਾ ਆਮਦਨ ਸਾਲ 2009-10 ਵਿਚ 1,100 ਕਰੋੜ ਰੁਪਏ ਤੱਕ ਮੰਨੀ ਜਾ ਰਹੀ ਹੈ। ਉਨ੍ਹਾਂ ਦੀਆਂ ਮੁੱਖ ਕੰਪਨੀਆਂ ਵਿਚ ਵੈਦਿਕ, ਆਸਥਾ, ਭਜਨ, ਬਰਾਡਕਾਸਟਿੰਗ ਪ੍ਰਾਈਵੇਟ ਲਿਮ. ਵੈਦਿਕ ਬਰਾਡਕਾਸਟਿੰਗ ਲਿਮ., ਪਤੰਜਲੀ ਬਿਸਕੁਟ ਪ੍ਰਾਈਵੇਟ ਲਿਮ., ਝਾਰਖੰਡ ਮੈਗਾ ਫੂਡ ਪਾਰਕ ਪ੍ਰਾ. ਲਿਮ. ਹਨ। ਜੇਕਰ ਰਾਮਦੇਵ ਲੋਕਾਂ ਨੂੰ ਸੁਦੇਸ਼ੀ ਬਣਾਉਣ ਦੀ ਗੱਲ ਕਰਦੇ ਹਨ ਤਾਂ ਫਿਰ ਉਹ ਫੂਡ ਪਾਰਕ, ਹਰਬ ਪਾਰਕ ਅਤੇ ਬਿਸਕੁਟ ਬਣਾਉਣ ਜਿਹੇ ਵਿਦੇਸ਼ੀ ਚੋਚਲੇ ਕਿਉਂ ਕਰ ਰਹੇ ਹਨ?

ਇਕ ਗੱਲ ਦਾ ਖੁਲਾਸਾ ਹੋਣਾ ਜ਼ਰੂਰੀ ਹੈ ਕਿ ਪਤੰਜਲੀ ਜੋ ਕਿ ਇਕ ਟਰੱਸਟ ਦੇ ਤੌਰ 'ਤੇ ਸ਼ੁਰੂ ਹੋਇਆ ਸੀ, ਉਹ ਪ੍ਰਾ. ਲਿਮ. ਕੰਪਨੀ ਵਿਚ ਕਿਵੇਂ ਤਬਦੀਲ ਹੋ ਗਿਆ? ਟਰੱਸਟ ਨੂੰ ਜੋ ਪੈਸਾ ਦਾਨ ਵਿਚ ਮਿਲਿਆ, ਉਸ ਨੂੰ ਪਰਮਾਰਥ ਦੀ ਜਗ੍ਹਾ ਕੰਪਨੀ ਦੇ ਵਪਾਰ ਵਿਚ ਲਗਾਉਣਾ ਹੀ ਕਾਨੂੰਨੀ ਜੁਰਮ ਹੈ।

ਰਾਮਦੇਵ ਕਾਲੇ ਧਨ ਦੇ ਵਿਰੁੱਧ ਹਨ ਤੇ ਕੀ ਜੋ ਪੈਸਾ ਉਨ੍ਹਾਂ ਨੂੰ ਦਾਨ ਵਿਚ ਮਿਲਿਆ, ਉਹ ਕਾਲੇ ਧਨ ਦੀ ਕਮਾਈ ਨਹੀਂ ਸੀ? ਕੀ ਰਾਮਦੇਵ ਇਸ ਦੀ ਪੁਸ਼ਟੀ ਕਰ ਸਕਦੇ ਹਨ?

ਰਾਮਦੇਵ ਦੀ ਨਿੱਜੀ ਸੰਪਤੀ

* ਰਾਮਦੇਵ ਕੋਲ ਹਰਿਦੁਆਰ ਵਿਚ ਇਕ ਹਜ਼ਾਰ ਏਕੜ ਜ਼ਮੀਨ ਹੈ, ਜਿਸ ਦੀ ਕੀਮਤ 300 ਕਰੋੜ ਹੈ।
* ਹਰਿਦੁਆਰ ਵਿਚ ਹੀ 100 ਏਕੜ ਜ਼ਮੀਨ ਹੋਰ ਹੈ, ਜਿਸ ਦੀ ਕੀਮਤ 100 ਕਰੋੜ ਮੰਨੀ ਜਾ ਰਹੀ ਹੈ।
* ਫੂਡ ਪਾਰਕ-500 ਕਰੋੜ।
* ਸੋਲਨ ਵਿਚ 96 ਏਕੜ ਜ਼ਮੀਨ, ਜਿਸ ਦੀ ਕੀਮਤ 20 ਕਰੋੜ ਹੈ।
* ਸਕਾਟਲੈਂਡ ਵਿਚ 750 ਏਕੜ ਜ਼ਮੀਨ, ਜਿਸ ਦੀ ਕੀਮਤ 14 ਕਰੋੜ ਹੈ।
* ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ 99 ਏਕੜ ਜ਼ਮੀਨ, ਜਿਸ ਦੀ ਕੀਮਤ 98 ਕਰੋੜ ਰੁਪਏ ਹੈ।

(ਬਾਕੀ ਕੱਲ੍ਹ)

ਮੋ: 098181-14039

Post a Comment

0 Comments
Post a Comment (0)
To Top