ਰਾਮਦੇਵ-ਸੰਨਿਆਸ ਤੋਂ ਸੱਤਿਆਗ੍ਰਹਿ ਤੱਕ -(1) -ਭਾਵਨਾ ਮਲਿਕ

ਸੁਨੇਹਾ
0
ਭਾਵਨਾ ਮਲਿਕ
ਰਾਮਦੇਵ ਦਾ ਸੱਤਿਆਗ੍ਰਹਿ ਇਕ ਫ਼ਿਲਮੀ ਅੰਦਾਜ਼ ਵਿਚ ਸ਼ੁਰੂ ਹੋਇਆ ਅਤੇ ਕਾਂਗਰਸ ਸਰਕਾਰ ਵੱਲੋਂ ਉਸ ਦਾ ਅੰਤ ਵੀ ਓਨਾ ਹੀ ਨਾਟਕੀ ਰਿਹਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਿੰਗਾਈ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਕਾਲਾਬਾਜ਼ਾਰੀ ਤੋਂ ਆਮ ਜਨਤਾ ਦੁਖੀ ਹੈ ਅਤੇ ਅੰਨਾ ਹਜ਼ਾਰੇ ਅਤੇ ਰਾਮਦੇਵ ਵਰਗੇ ਲੋਕ ਜਨਤਾ ਜਨਤਾ ਦੇ ਮਸੀਹਾ ਹੋਣ ਦਾ ਦਾਅਵਾ ਕਰਦੇ ਹਨ। ਪਰ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਕੀਤੇ ਗਏ ਸੱਤਿਆਗ੍ਰਹਿ ਵਿਚ ਕਿੰਨਾ ਕੁ ਸੱਚ ਹੈ, ਜਾਂ ਫਿਰ, ਸੱਤਿਆਗ੍ਰਹਿ ਦੀ ਆੜ ਵਿਚ ਆਪਣਾ ਜਾਤੀ ਮਕਸਦ ਹੱਲ ਕੀਤਾ ਜਾ ਰਿਹਾ ਹੈ। ਅੰਨਾ ਹਜ਼ਾਰੇ ਅਤੇ ਰਾਮਦੇਵ ਦੇ ਸੱਤਿਆਗ੍ਰਹਿ ਦਾ ਫਰਕ ਇਥੇ ਹੀ ਸਾਫ਼ ਹੋ ਜਾਂਦਾ ਹੈ ਕਿ ਅੰਨਾ ਹਜ਼ਾਰੇ ਨੇ ਆਪਣੀ ਜ਼ਮੀਨ ਸਕੂਲ ਲਈ ਦਿੱਤੀ ਹੋਈ ਹੈ ਤੇ ਰਾਮਦੇਵ ਨੇ ਜਬਰਨ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ। ਇਹ ਲੇਖ ਇਕ ਯਤਨ ਹੈ ਕਿ ਵਿਚਾਰ ਕੀਤਾ ਜਾਵੇ ਕਿ ਅਸੀਂ ਸਭ ਕਿਸ ਨੂੰ ਸਮਰਥਨ ਦੇ ਰਹੇ ਹਾਂ?

ਰਾਮਦੇਵ ਦਾ ਸ਼ੁਰੂਆਤੀ ਸਫ਼ਰ

1995 ਵਿਚ ਆਸਥਾ ਚੈਨਲ 'ਤੇ ਪਹਿਲੀ ਵਾਰ ਦੁਨੀਆ ਨੇ ਰਾਮਦੇਵ ਨੂੰ ਇਕ ਯੋਗ ਗੁਰੂ ਦੇ ਰੂਪ ਵਿਚ ਜਾਣਿਆ। ਹਰ ਸ਼ਹਿਰ ਵਿਚ ਉਨ੍ਹਾਂ ਨੇ ਮੁਫ਼ਤ ਯੋਗ ਕੈਂਪ ਲਗਾਏ ਅਤੇ ਯੋਗ ਰਾਹੀਂ ਹਰ ਰੋਗ ਤੋਂ ਮੁਕਤੀ ਦਿਵਾਉਣ ਦਾ ਭਰੋਸਾ ਵੀ ਦਿੱਤਾ। ਰਾਮਦੇਵ ਦੇ ਨਾਲ ਆਚਾਰੀਆ ਬਾਲਕ੍ਰਿਸ਼ਨ ਅਤੇ ਆਚਾਰੀਆ ਕਰਮਵੀਰ ਵੀ ਯੋਗ ਕਰਾਉਂਦੇ ਸਨ। ਕੁਝ ਸਾਲ ਪਾ ਕੇ ਆਚਾਰੀਆ ਕਰਮਵੀਰ ਇਨ੍ਹਾਂ ਦੋਵਾਂ ਤੋਂ ਅਲੱਗ ਹੋ ਗਏ।

ਸ਼ੁਰੂਆਤੀ ਦੌਰ ਵਿਚ ਰਾਮਦੇਵ ਦੇ ਨਾਲ ਸਟੇਜ 'ਤੇ ਸੰਤ, ਸੰਨਿਆਸੀ ਅਤੇ ਯੋਗ ਆਚਾਰੀਆ ਦਿੱਸਦੇ ਸਨ, ਪਰ ਸਮਾਂ ਪਾ ਕੇ ਉਨ੍ਹਾਂ ਦੀ ਥਾਂ ਨੇਤਾ, ਅਭਿਨੇਤਾ, ਅਭਿਨੇਤਰੀਆਂ ਅਤੇ ਉਦਯੋਗਪਤੀਆਂ ਨੇ ਲੈ ਲਈ। ਆਮ ਜਨਤਾ ਇਸ ਗੱਲ ਤੋਂ ਬੇਖ਼ਬਰ ਰਹੀ ਕਿ ਕੁਝ ਸਮੇਂ ਬਾਅਦ ਯੋਗ ਕੈਂਪ ਲਗਾਉਣ ਦੀ ਮੋਟੀ ਰਕਮ ਲਈ ਜਾਣ ਲੱਗ ਪਈ। ਰਾਮਦੇਵ ਉਸ ਵਕਤ ਚੈਨਲ 'ਤੇ ਆਉਣ ਦਾ ਅੱਧੇ ਘੰਟੇ ਦਾ 1.50 ਲੱਖ ਰੁਪਿਆ ਦਿੰਦੇ ਸਨ ਅਤੇ ਆਪਣੀਆਂ ਆਯੁਰਵੈਦਿਕ ਦਵਾਈਆਂ ਦੀ ਮਸ਼ਹੂਰੀ ਵੀ ਕਰਦੇ ਸਨ। ਇਕ ਪਾਸੇ ਰਾਮਦੇਵ ਦਾ ਦਾਅਵਾ ਸੀ ਕਿ ਯੋਗ ਨਾਲ ਕੋਈ ਵੀ ਰੋਗ ਨਹੀਂ ਰਹਿੰਦਾ ਤੇ ਦੂਜੇ ਪਾਸੇ ਉਹ ਆਪਣੀਆਂ ਦਵਾਈਆਂ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚਲਾ ਰਹੇ ਸਨ। ਇਹ ਸਾਫ਼ ਦੱਸਦਾ ਹੈ ਕਿ ਰਾਮਦੇਵ ਨੇ ਮੀਡੀਆ ਦਾ ਇਸਤੇਮਾਲ ਕਰਕੇ ਆਪਣਾ ਧੰਦਾ ਜਮਾਇਆ।

ਰਾਮਦੇਵ ਦੀ ਕਥਨੀ ਅਤੇ ਕਰਨੀ ਵਿਚ ਹਮੇਸ਼ਾ ਵਿਰੋਧ ਦਿਖਾਈ ਦਿੰਦਾ ਰਿਹਾ ਹੈ। ਇਕ ਪਾਸੇ ਰਾਮਦੇਵ ਨੇ ਅਭਿਨੇਤਰੀਆਂ ਨੂੰ ਚਰਿੱਤਰਹੀਣ ਕਿਹਾ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ ਪਬਲੀਸਿਟੀ ਲਈ ਸਟੇਜ 'ਤੇ ਬਿਠਾਇਆ। ਪਹਿਲਾਂ ਮਲਟੀਨੈਸ਼ਨਲ ਕੰਪਨੀਆਂ ਤੋਂ ਆਪਣੇ-ਆਪ ਨੂੰ ਜਾਨ ਦਾ ਖ਼ਤਰਾ ਦੱਸਿਆ, ਫਿਰ ਕਾਂਗਰਸ ਤੋਂ ਜਾਨ ਦਾ ਖ਼ਤਰਾ ਕਹਿਣ ਲੱਗ ਪਏ। ਜਿਨ੍ਹਾਂ ਚੀਜ਼ਾਂ ਪਿੱਛੇ ਰਾਮਦੇਵ ਬਹੁਕੌਮੀ ਕੰਪਨੀਆਂ ਨੂੰ ਦੋਸ਼ੀ ਮੰਨਦੇ ਸਨ, ਉਹ ਹੀ ਸਭ ਚੀਜ਼ਾਂ ਖ਼ੁਦ ਬਣਾਉਣ ਲੱਗ ਪਏ-ਮਸਲਨ ਪੇਸਟ, ਸਾਬਣ, ਸ਼ੈਂਪੂ ਅਤੇ ਕ੍ਰੀਮ।

ਹੈਰਾਨੀ ਇਸ ਗੱਲ 'ਤੇ ਹੈ ਕਿ ਅਕਸਰ ਰਾਮਦੇਵ ਦਾ ਸਟੇਜ ਤੋਂ ਕਹਿਣਾ ਹੈ ਕਿ ਅਨੂਲੋਮ ਵਿਲੋਮ ਅਤੇ ਪ੍ਰਾਣਾਯਾਮ ਕਰਨ ਨਾਲ ਚਿਹਰੇ 'ਤੇ ਨੂਰ ਆ ਜਾਂਦਾ ਹੈ, ਫਿਰ ਉਹ ਕ੍ਰੀਮਾਂ ਕਿਉਂ ਬਣਾਉਣ ਲੱਗ ਪਏ?

ਰਾਮਦੇਵ ਨੇ ਕਾਂਗਰਸ ਸਰਕਾਰ ਨੂੰ ਭ੍ਰਿਸ਼ਟ ਠਹਿਰਾਇਆ ਅਤੇ ਉਨ੍ਹਾਂ ਦੇ ਹੀ ਮੰਤਰੀ ਕਮਲ ਨਾਥ ਦੇ ਹੱਥੀਂ ਆਪਣੇ ਯੋਗ ਕੈਂਪ ਦਾ ਉਦਘਾਟਨ ਕਰਵਾਇਆ ਅਤੇ ਉਨ੍ਹਾਂ ਦੇ ਘਰ ਖਾਣਾ ਖਾਣ ਵੀ ਗਏ। ਆਪਣੇ ਫੂਡ ਪਾਰਕ ਦਾ ਉਦਘਾਟਨ ਵੀ ਉਨ੍ਹਾਂ ਨੇ ਕਾਂਗਰਸ ਨੇਤਾ ਸੁਬੋਧ ਕਾਂਤ ਸਹਾਏ ਦੇ ਹੱਥੀਂ ਕਰਵਾਇਆ। ਰਾਮਦੇਵ ਨੇ ਆਪਣਾ ਸਾਮਰਾਜ ਖੜ੍ਹਾ ਕਰਨ ਲਈ ਹਰ ਸਰਕਾਰ ਕੋਲੋਂ ਚਾਹੇ ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ, ਦੋਵਾਂ ਤੋਂ ਭਰਪੂਰ ਮਦਦ ਲਈ।

ਏਡਜ਼, ਸਮਲਿੰਗਕ ਰਿਸ਼ਤੇ ਤੋਂ ਲੈ ਕੇ ਭ੍ਰਿਸ਼ਟਾਚਾਰ ਅਤੇ ਵਿਦੇਸ਼ਾਂ 'ਚ ਪਿਆ ਕਾਲਾ ਧਨ, ਸ਼ਾਇਦ ਹੀ ਕੋਈ ਮਸਲਾ ਹੈ, ਜਿਸ 'ਤੇ ਰਾਮਦੇਵ ਨਾ ਬੋਲੇ ਹੋਣ। ਯੋਗਾ ਕਰਵਾਉਂਦੇ ਦੇਸ਼ ਭਗਤੀ ਦੇ ਗੀਤ ਗਾਉਣੇ ਅਤੇ ਫਿਰ ਨਹਿਰੂ ਦੀਆਂ ਕੀਤੀਆਂ ਗ਼ਲਤੀਆਂ 'ਤੇ ਛਪੀ ਕਿਤਾਬ 'ਟਰਾਂਸਫਰ ਆਫ ਪਾਵਰ' ਲੋਕਾਂ ਨੂੰ ਦਿਖਾਉਣੀ। ਇਹ ਸਭ ਕੁਝ ਰਾਮਦੇਵ ਦਾ ਇਕ ਸਿਆਸੀ ਰੂਪ ਸਾਹਮਣੇ ਲੈ ਕੇ ਆਇਆ। ਜੇਕਰ ਗ਼ੌਰ ਕੀਤਾ ਜਾਵੇ ਤਾਂ ਰਾਮਦੇਵ ਨੇ ਸਿੱਖਿਆ ਗੁਰੂਕੁਲ ਤੋਂ ਲਈ ਹੈ, ਜਿਸ ਵਿਚ ਆਤਮ-ਕਲਿਆਣ ਦੀ ਗੱਲ ਜਾਂ ਫਿਰ 4 ਹਜ਼ਾਰ ਯੋਗ ਸੂਤਰ ਪੜ੍ਹਾਏ ਜਾਂਦੇ ਹਨ, ਜਿਨ੍ਹਾਂ ਵਿਚ ਮੁਲਕ ਦਾ ਇਤਿਹਾਸ ਕਿਤੇ ਨਹੀਂ ਸ਼ਾਮਿਲ ਕੀਤਾ ਜਾਂਦਾ। ਫਿਰ ਕੀ ਕਾਰਨ ਹੈ ਕਿ ਰਾਮਦੇਵ ਅਚਾਨਕ ਯੋਗ ਤੋਂ ਇਤਿਹਾਸ ਪੜ੍ਹਨ ਲੱਗ ਪਏ? ਕੀ ਇਸ ਪਿੱਛੇ ਕਿਸੇ ਰਾਜਨੀਤਕ ਪਾਰਟੀ ਦਾ ਹੱਥ ਸੀ? ਜਾਂ ਫਿਰ ਰਾਮਦੇਵ ਦਾ ਮਕਸਦ ਖ਼ੁਦ ਰਾਜਨੀਤੀ ਕਰਕੇ ਸੱਤਾ 'ਚ ਆਉਣਾ ਸੀ?

ਸਫ਼ਰ

ਪਿੰਡ ਸਈਅਦ ਅਲੀਪੁਰ, ਜ਼ਿਲ੍ਹਾ ਮਹਿੰਦਰਗੜ੍ਹ ਦੇ ਜਨਮੇ ਰਾਮਦੇਵ ਦਾ ਅਸਲੀ ਨਾਂਅ ਰਾਮਕ੍ਰਿਸ਼ਨ ਯਾਦਵ ਹੈ। ਅੱਠਵੀਂ ਪਾਸ ਕਰਨ ਤੋਂ ਬਾਅਦ ਰਾਮਦੇਵ ਨੇ ਬਾਕੀ ਸਿੱਖਿਆ ਹਰਿਆਣਾ ਦੇ ਕਾਲਵਾ ਗੁਰੂਕੁਲ ਤੋਂ ਪੂਰੀ ਕੀਤੀ। ਉਸ ਤੋਂ ਬਾਅਦ ਉਹ ਹਰਿਦੁਆਰ ਵਿਚ ਰਹਿ ਕੇ ਯੋਗ ਸਿਖਾਉਣ ਲੱਗੇ। ਸਾਲ 1992 ਤੋਂ 1994 ਤੱਕ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ (ਜੋ ਕਿ ਸ਼ੁਰੂ ਤੋਂ ਹੀ ਰਾਮਦੇਵ ਦੇ ਨਾਲ ਹਨ।) ਸਵਾਮੀ ਅਮਲਾਨੰਦ ਦੇ ਤ੍ਰਿਪੁਰਾ ਯੋਗ ਆਸ਼ਰਮ ਵਿਚ ਰਹਿਣ ਲੱਗੇ।

ਸਾਲ 1994 ਵਿਚ ਬਾਲਕ੍ਰਿਸ਼ਨ ਨੇ ਰਾਮਦੇਵ ਦੀ ਜਾਣਕਾਰੀ ਕਰਮਵੀਰ ਨਾਲ ਕਰਵਾਈ, ਜੋ ਕਿ ਗੁਰੂਕੁਲ ਕਾਂਗੜੀ ਵਿਚ ਸਿੱਖਿਆ ਲੈ ਰਹੇ ਸਨ। ਕਮਰਵੀਰ ਹਰਿਦੁਆਰ ਵਿਚ ਸ਼ੰਕਰਦੇਵ ਦੇ ਆਸ਼ਰਮ ਕ੍ਰਿਪਾਲੂ ਬਾਗ ਵਿਚ ਰਹਿੰਦੇ ਸਨ। ਸ਼ੰਕਰਦੇਵ ਨੂੰ ਰਾਮਦੇਵ ਨੇ ਆਪਣਾ ਗੁਰੂ ਵੀ ਮੰਨਿਆ। ਕਰਮਵੀਰ ਦੀ ਸਿਫ਼ਾਰਸ਼ 'ਤੇ ਸ਼ੰਕਰਦੇਵ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਵੀ ਆਪਣੇ ਆਸ਼ਰਮ ਵਿਚ ਰਹਿਣ ਦੀ ਮਨਜ਼ੂਰੀ ਦੇ ਦਿੱਤੀ। ਸ਼ੰਕਰਦੇਵ ਕੋਲ ਕਰੋੜਾਂ ਦੀ ਜ਼ਮੀਨ ਸੀ। ਉਨ੍ਹਾਂ ਨੇ ਇਨ੍ਹਾਂ ਤਿੰਨਾਂ ਨੂੰ ਪਰਮਾਰਥ ਲਈ ਇਕ ਟਰੱਸਟ ਬਣਾਉਣ ਲਈ ਦੇ ਦਿੱਤੀ।

1995 ਵਿਚ ਕਰਮਵੀਰ, ਬਾਲਕ੍ਰਿਸ਼ਨ ਅਤੇ ਰਾਮਦੇਵ ਨੇ ਦਿਵਿਆ ਮੰਦਿਰ ਟਰੱਸਟ ਬਣਾਇਆ। ਉਸ ਦੇ ਤਹਿਤ ਇਹ ਤਿੰਨੇ ਯੋਗ ਸਿਖਾਉਂਦੇ ਅਤੇ ਦਵਾਈਆਂ ਵੀ ਬਣਾਉਂਦੇ ਰਹੇ। ਕਰਮਵੀਰ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਨਾਲ ਵਿਚਾਰਾਂ ਦਾ ਮੱਤਭੇਦ ਹੋਣ ਕਾਰਨ ਇਹ ਟਰੱਸਟ ਛੱਡ ਦਿੱਤਾ। ਇਸ ਦੀ ਵਜ੍ਹਾ ਬਾਰੇ ਕਰਮਵੀਰ ਦਾ ਕਹਿਣਾ ਹੈ ਕਿ 'ਰਾਮਦੇਵ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਲੱਗ ਪਏ ਸਨ। ਉਹ ਆਪਣੇ ਭਰਾ ਅਤੇ ਬਹਿਨੋਈ ਨੂੰ ਟਰੱਸਟ ਵਿਚ ਲੈ ਆਏ, ਜੋ ਕਿ ਗ਼ਲਤ ਸੀ। ਇਸ ਦੀ ਵਿਰੋਧਤਾ ਸ਼ੰਕਰਦੇਵ ਨੇ ਵੀ ਕੀਤੀ ਸੀ।'

ਲੋਕਪਾਲ ਬਿੱਲ ਦੀ ਕਮੇਟੀ ਵਿਚ ਸ਼ਾਂਤੀ ਭੂਸ਼ਨ ਅਤੇ ਉਨ੍ਹਾਂ ਦੇ ਲੜਕੇ ਪ੍ਰਸ਼ਾਂਤ ਭੂਸ਼ਨ ਦਾ ਸ਼ਾਮਿਲ ਹੋਣਾ ਰਾਮਦੇਵ ਨੂੰ ਨਾ ਗਵਾਰ ਗੁਜ਼ਰਿਆ ਸੀ। ਉਨ੍ਹਾਂ ਨੇ ਅੰਨਾ ਹਜ਼ਾਰੇ 'ਤੇ ਪਰਿਵਾਰਵਾਦ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਵੀ ਲਗਾਇਆ ਸੀ। ਸ਼ਾਇਦ ਰਾਮਦੇਵ ਆਪਣਾ ਪਿਛੋਕੜ ਭੁੱਲ ਗਏ ਸਨ। ਗੱਲ ਇਥੇ ਹੀ ਖ਼ਤਮ ਨਹੀਂ ਹੋਈ। ਕਰਮਵੀਰ ਦੇ ਜਾਣ ਤੋਂ ਬਾਅਦ ਰਾਮਦੇਵ ਅਤੇ ਬਾਲਕ੍ਰਿਸ਼ਨ ਨੇ ਯੋਗ ਕੈਂਪ ਲਗਾਉਣ ਦੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ। ਉਹ ਆਯੁਰਵੈਦਿਕ ਦਵਾਈਆਂ ਦਾ ਵਪਾਰ ਟਰੱਸਟ ਦੇ ਨਾਂਅ 'ਤੇ ਕਰਨ ਲੱਗ ਪਏ। ਸ਼ੰਕਰਦੇਵ ਨੇ ਟਰੱਸਟ ਬਣਾਉਣ ਵੇਲੇ ਇਕ ਸ਼ਰਤ ਰੱਖੀ ਸੀ ਕਿ ਜੇਕਰ ਟਰੱਸਟ ਦੇ ਨਾਂਅ 'ਤੇ ਵਪਾਰ ਕੀਤਾ ਜਾਵੇਗਾ ਤਾਂ ਉਹ ਸਾਰੀ ਜ਼ਮੀਨ ਵਾਪਸ ਲੈ ਲੈਣਗੇ। ਸ਼ੰਕਰਦੇਵ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਦੀ ਵਿਰੋਧਤਾ ਕੀਤੀ ਅਤੇ ਇਸ ਦੀ ਸ਼ਿਕਾਇਤ ਸਵਾਮੀ ਅਮਲਾਨੰਦ, ਜਗਤਗੁਰੂ, ਰਾਮਾਨੰਦ ਆਚਾਰੀਆ ਨੂੰ ਵੀ ਕੀਤੀ। ਸ਼ੰਕਰਦੇਵ ਨੇ ਇਹ ਸ਼ੱਕ ਵੀ ਜਤਾਇਆ ਕਿ ਉਨ੍ਹਾਂ ਦੀ ਜਾਨ ਨੂੰ ਇਨ੍ਹਾਂ ਦੋਵਾਂ ਤੋਂ ਖ਼ਤਰਾ ਹੈ।


10 ਜੁਲਾਈ, 2007 ਨੂੰ ਸ਼ੰਕਰਦੇਵ ਨੇ ਕਰਮਵੀਰ ਨੂੰ ਫੋਨ 'ਤੇ ਦੱਸਿਆ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। 12 ਜੁਲਾਈ, 2007 ਨੂੰ ਸ਼ੰਕਰਦੇਵ ਅਚਾਨਕ ਗਾਇਬ ਹੋ ਗਏ। ਅੱਜ ਤੱਕ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ। ਇਸ ਦੀ ਐਫ. ਆਈ. ਆਰ. ਵੀ ਦਰਜ ਹੈ। ਇਸ ਗੱਲ ਦੀ ਪੁਸ਼ਟੀ ਖ਼ੁਦ ਕਰਮਵੀਰ ਨੇ ਅਤੇ ਅਖਿਲ ਭਾਰਤੀ ਸੰਤ ਸਮਾਜ ਦੇ ਉੱਤਰ ਭਾਰਤ ਦੇ ਮੁਖੀ ਪ੍ਰਮੋਦ ਕ੍ਰਿਸ਼ਨਮ ਨੇ ਵੀ ਕੀਤੀ। ਸੰਤ ਸਮਾਜ ਨੇ 29 ਅਪ੍ਰੈਲ, 2011 ਨੂੰ ਇਕ ਯਾਦ-ਪੱਤਰ ਰਾਹੀਂ ਇਸ ਦੀ ਸ਼ਿਕਾਇਤ ਅਤੇ ਇਸ ਮਸਲੇ ਦੀ ਜਾਂਚ ਦੀ ਮੰਗ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਤੋਂ ਵੀ ਕੀਤੀ। ਸ਼ੰਕਰਦੇਵ ਦੀ ਸਾਰੀ ਜ਼ਮੀਨ ਅੱਜ ਵੀ ਰਾਮਦੇਵ ਕੋਲ ਹੀ ਹੈ। ਇਸ ਸਭ ਦੇ ਚਲਦੇ ਰਾਮਦੇਵ ਨੇ ਪਤੰਜਲੀ ਯੋਗ ਪੀਠ ਦੀ ਨੀਂਹ ਸੰਨ 2006 ਵਿਚ ਰੱਖ ਦਿੱਤੀ। (ਬਾਕੀ ਕੱਲ੍ਹ)

Post a Comment

0 Comments
Post a Comment (0)
To Top