ਰਾਮਦੇਵ-ਸੰਨਿਆਸ ਤੋਂ ਸੱਤਿਆਗ੍ਰਹਿ ਤੱਕ--(3)
ਰਾਮਦੇਵ ਦੀ ਜਾਇਦਾਦ ਸਬੰਧੀ ਕੁਝ ਤੱਥ
--ਭਾਵਨਾ ਮਲਿਕ

ਸੁਨੇਹਾ
0
(ਲੜੀ ਜੋੜਣ ਲਈ ਕਿਸ਼ਤ ਨੰਬਰ 1 ਅਤੇ ਕਿਸ਼ਤ ਨੰ: 2  ਪੜ੍ਹੋ ਜੋ ਇਸ ਕਿਸ਼ਤ ਦੇ ਹੇਠਾਂ ਦਿੱਤੀਆਂ ਗਈਆਂ ਹਨ)
ਭਾਵਨਾ ਮਲਿਕ
ਰਾਮਦੇਵ ਦੇ ਮੁਤਾਬਿਕ ਉਨ੍ਹਾਂ ਦੀ ਸੰਪਤੀ ਅਤੇ ਖਰਚੇ ਇਸ ਤਰ੍ਹਾਂ ਹਨ-

    *  ਦਿਵਿਆ ਯੋਗ ਮੰਦਿਰ ਟਰੱਸਟ- 249.63 ਕਰੋੜ
    *  ਪਤੰਜਲੀ ਯੋਗ ਪੀਠ ਟਰੱਸਟ-164.80 ਕਰੋੜ
    *  ਭਾਰਤ ਸਵੈਭਿਮਾਨ ਟਰੱਸਟ-9.97 ਕਰੋ
    *  ਆਰਿਆ ਕੁਲ ਸੰਸਥਾਨ-1.79 ਕਰੋੜ

ਪਰਮਾਰਥ ਲਈ ਦਿਵਿਆ ਯੋਗ ਮੰਦਿਰ ਟਰੱਸਟ 'ਚੋਂ 685.25 ਕਰੋੜ ਰੁਪਏ ਖਰਚੇ ਗਏ। ਪਤੰਜਲੀ ਯੋਗ ਪੀਠ 'ਚੋਂ ਪਰਮਾਰਥ ਲਈ 93.20 ਕਰੋੜ ਅਤੇ ਭਾਰਤ ਸਵੈਭਿਮਾਨ ਟਰੱਸਟ 'ਚੋਂ 11.51 ਕਰੋੜ ਰੁਪਏ ਖਰਚ ਕੀਤੇ ਗਏ। ਰਾਮਦੇਵ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਪਰਮਾਰਥ ਵਿਚ ਕੀ ਸ਼ਾਮਿਲ ਹੈ। ਉਨ੍ਹਾਂ ਦਾ ਝੂਠ ਇਥੇ ਹੀ ਖੁੱਲ੍ਹ ਜਾਂਦਾ ਹੈ ਕਿ ਪਿਛਲੇ 7 ਸਾਲਾਂ ਤੋਂ ਇਕ ਵੀ ਯੋਗ ਕੈਂਪ ਮੁਫ਼ਤ ਨਹੀਂ ਲਗਵਾਇਆ ਗਿਆ। ਜੋ ਯੋਗ ਕਰਨ ਲਈ ਅੱਗੇ ਸੀਟ ਲੈਂਦੇ ਹਨ, ਪਿੱਛੇ ਬੈਠਣ ਵਾਲਿਆਂ ਦੇ ਮੁਕਾਬਲੇ ਉਨ੍ਹਾਂ ਦੀ ਫੀਸ ਜ਼ਿਆਦਾ ਹੈ। ਜੋ ਲੋਕ ਹਰਿਦੁਆਰ, ਪਤੰਜਲੀ ਯੋਗ ਪੀਠ ਵਿਚ ਰੁਕਦੇ ਹਨ, ਉਨ੍ਹਾਂ ਤੋਂ ਪੈਸਾ ਲਿਆ ਜਾਂਦਾ ਹੈ। ਉਨ੍ਹਾਂ ਨੂੰ ਰਸੀਦ ਦੀ ਜਗ੍ਹਾ ਦਾਨ ਦੀ ਪਰਚੀ ਕੱਟ ਕੇ ਦਿੱਤੀ ਜਾਂਦੀ ਹੈ। ਕੀ ਇਹ ਟੈਕਸ ਬਚਾਉਣ ਦਾ ਜ਼ਰੀਆ ਨਹੀਂ? ਕੀ ਰਾਮਦੇਵ ਇਸ ਨੂੰ ਭ੍ਰਿਸ਼ਟਾਚਾਰ ਨਹੀਂ ਮੰਨਦੇ? ਰਾਮਦੇਵ ਨੇ ਵੈਦਿਕ ਬ੍ਰਾਡਕਾਸਟਿੰਗ ਚੈਨਲ ਅਤੇ ਟ੍ਰੈਵਲਿੰਗ ਦੇ ਧੰਦੇ ਦੀ ਕਮਾਈ ਬਾਰੇ ਕਿਉਂ ਕੁਝ ਨਹੀਂ ਦੱਸਿਆ?

ਰਾਮਦੇਵ ਦਵਾਈਆਂ ਤੋਂ ਇਕ ਮਹੀਨੇ ਦਾ 25 ਕਰੋੜ ਤੱਕ ਕਮਾਉਂਦੇ ਹਨ, ਉਨ੍ਹਾਂ 'ਤੇ 20 ਫ਼ੀਸਦੀ ਮੁਨਾਫ਼ਾ ਆਵੇ ਤਾਂ ਸਾਲਾਨਾ 300 ਕਰੋੜ ਰੁਪਏ ਬਣ ਜਾਂਦਾ ਹੈ। ਆਪਣੀਆਂ ਯੋਗਾ ਦੀਆਂ ਕਿਤਾਬਾਂ ਅਤੇ ਸੀਡੀਆਂ 'ਚੋਂ ਸਾਲਾਨਾ 10 ਕਰੋੜ ਰਾਮਦੇਵ ਤੱਕ ਪਹੁੰਚਦਾ ਹੈ। ਰਾਮਦੇਵ ਦੇ ਪੂਰੇ ਭਾਰਤ ਵਿਚ ਦਵਾਈਆਂ ਦੇ ਕੇਂਦਰ ਹਨ। ਰਾਜਧਾਨੀ ਦਿੱਲੀ ਵਿਚ ਹੀ 30 ਸੈਂਟਰ ਮੌਜੂਦ ਹਨ, ਜਿਨ੍ਹਾਂ ਵਿਚ ਰਾਮਦੇਵ ਦੁਆਰਾ ਬਣਾਈਆਂ ਗਈਆਂ 50 ਕਿਸਮ ਦੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ। ਹਰੇਕ ਕੇਂਦਰ ਵਿਚ ਦੋ ਆਯੁਰਵੈਦਿਕ ਡਾਕਟਰ ਮਰੀਜ਼ਾਂ ਲਈ ਬੈਠਦੇ ਹਨ ਅਤੇ ਉਹ ਮਰੀਜ਼ਾਂ ਨੂੰ ਲੰਮੀ ਚੌੜੀ ਸੂਚੀ ਦਵਾਈਆਂ ਦੀ ਲਿਖਦੇ ਹਨ। ਡਾਕਟਰਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤਾ ਜਾਂਦਾ ਅਤੇ ਉਨ੍ਹਾਂ 'ਤੇ ਆਪਣੀ ਹਾਜ਼ਰੀ ਲਗਾਉਣ 'ਤੇ ਵੀ ਰੋਕ ਹੈ। ਫ੍ਰੈਂਚਾਇਜ਼ ਕਹਿ ਕੇ ਰਾਮਦੇਵ ਖਾਸਾ ਪੈਸਾ ਬਟੋਰ ਰਹੇ ਹਨ। ਕੀ ਇਹ ਕਾਲਾ ਬਾਜ਼ਾਰੀ ਅਤੇ ਭ੍ਰਿਸ਼ਟਾਚਾਰ ਨਹੀਂ?

ਜੋ ਸਕਾਟਲੈਂਡ ਅਤੇ ਅਮਰੀਕਾ 'ਚ ਕੇਂਦਰ ਹਨ, ਉਸ ਦਾ ਭਾਰਤ ਦੀ ਜਨਤਾ ਨੂੰ ਕੀ ਲਾਭ ਹੈ? ਰਾਮਦੇਵ ਖੁਲਾਸਾ ਕਰਨ ਕਿ ਵਲਾਇਤ ਦੇ ਕੇਂਦਰ ਕਿਸ ਤਰ੍ਹਾਂ ਖੋਲ੍ਹੇ ਗਏ? ਕੀ ਉਹ ਪੈਸਾ ਭਾਰਤ ਤੋਂ ਭੇਜਿਆ ਗਿਆ ਜਾਂ ਫਿਰ ਉਥੋਂ ਦੇ ਲੋਕਾਂ ਨੇ ਦਾਨ ਕੀਤਾ? ਜਿਨ੍ਹਾਂ ਨੇ ਦਾਨ ਕੀਤਾ ਉਨ੍ਹਾਂ ਲੋਕਾਂ ਦੀ ਸੂਚੀ ਰਿਜ਼ਰਵ ਬੈਂਕ ਨੂੰ ਦਿੱਤੀ ਗਈ ਹੈ ਜਾਂ ਨਹੀਂ?

ਸੰਤ ਸਮਾਜ ਦੀ ਪ੍ਰਤੀਕਿਰਿਆ

ਜਿਸ ਸੰਤ ਸਮਾਜ ਨੇ ਕਦੇ ਰਾਮਦੇਵ ਨੂੰ ਬ੍ਰਹਮਰਿਸ਼ੀ ਦੀ ਉਪਾਧੀ ਦਿੱਤੀ, ਅੱਜ ਉਹ ਰਾਮਦੇਵ ਦੀ ਖਿਲਾਫ਼ਤ ਕਰ ਰਿਹਾ ਹੈ। ਅਖਿਲ ਭਾਰਤੀ ਸੰਤ ਸੰਮਤੀ ਦੇ ਉੱਤਰ ਭਾਰਤ ਦੇ ਮੁਖੀ ਪ੍ਰਮੋਦ ਕ੍ਰਿਸ਼ਨਮ ਦਾ ਕਹਿਣਾ ਹੈ ਕਿ 'ਜਿਸ ਸਰਕਾਰ ਨੂੰ ਰਾਮਦੇਵ ਭ੍ਰਿਸ਼ਟ ਕਹਿ ਰਹੇ ਹਨ, ਉਨ੍ਹਾਂ ਤੋਂ ਹੀ ਕਰਜ਼ੇ ਲੈ ਕੇ ਫੂਡ ਪਾਰਕ ਅਤੇ ਹੋਰ ਕੰਪਨੀਆਂ ਖੋਲ੍ਹੀਆਂ ਗਈਆਂ। ਕੀ ਇਹ ਸਭ ਕਾਲੇ ਧਨ ਦਾ ਹਿੱਸਾ ਨਹੀਂ?' ਨਾਲ ਹੀ ਪੂਰਾ ਸੰਤ ਸਮਾਜ ਰਾਮਦੇਵ ਦੇ ਸੰਨਿਆਸੀ ਦੇ ਭੇਸ ਵਿਚ ਵਪਾਰ ਕਰਨ ਨੂੰ ਗ਼ਲਤ ਮੰਨਦਾ ਹੈ।

ਪ੍ਰਮੋਦ ਕ੍ਰਿਸ਼ਨਮ ਨੇ ਦੱਸਿਆ ਕਿ 'ਰਾਮਦੇਵ ਗਊ ਮੂਤਰ ਵੇਚ ਰਹੇ ਹਨ, ਔਰਤਾਂ ਦੇ ਰੋਗ ਠੀਕ ਕਰਨ ਲਈ ਚੂਹੇ ਦੀਆਂ ਮੇਂਗਣਾਂ ਵੇਚ ਰਹੇ ਹਨ ਅਤੇ ਗਲੋਅ ਦਾ ਰਸ, ਜੋ ਕਿ ਇਕ ਰੁਪਏ ਦਾ ਮਿਲਦਾ ਹੈ, ਰਾਮਦੇਵ ਉਸ ਨੂੰ 190 ਰੁਪਏ ਦਾ ਵੇਚਦੇ ਹਨ, ਕੀ ਇਹ ਭ੍ਰਿਸ਼ਟਾਚਾਰ ਨਹੀਂ? ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਮਦੇਵ ਸੰਤ ਹੋ ਕੇ ਸੰਤਾਂ ਨੂੰ ਹੀ ਲੁੱਟ ਰਹੇ ਹਨ। ਵੈਦਿਕ ਬ੍ਰਾਡਕਾਸਟਿੰਗ ਚੈਨਲ ਰਾਹੀਂ ਉਹ ਸੰਤਾਂ ਕੋਲੋਂ ਅੱਧੇ ਘੰਟੇ ਦੇ 5-6 ਲੱਖ ਰੁਪਏ ਲੈਂਦੇ ਹਨ। 29 ਅਪ੍ਰੈਲ, 2011 ਨੂੰ ਸੰਤ ਸੰਮਤੀ ਨੇ ਇਕੱਠੇ ਹੋ ਕੇ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੂੰ ਇਕ ਯਾਦ ਪੱਤਰ ਰਾਹੀਂ ਰਾਮਦੇਵ ਦੀਆਂ ਕੰਪਨੀਆਂ ਦੇ ਘਪਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਕੁਝ ਦੋਸ਼ ਵੀ ਲਗਾਏ, ਜਿਨ੍ਹਾਂ ਵਿਚ ਮੁੱਖ ਹਨ-

*ਸ਼ੰਕਰਾਦੇਵ ਦੇ ਗਾਇਬ ਹੋਣ ਦੀ ਜਾਂਚ ਕੀਤੀ ਜਾਵੇ।

* ਰਾਮਦੇਵ ਨੇ ਆਸਥਾ ਚੈਨਲ ਜਬਰਨ ਉਸ ਦੇ ਮਾਲਿਕ ਕੀਰਤ ਮਹਿਤਾ ਤੋਂ ਹਥਿਆ ਲਿਆ ਅਤੇ ਉਨ੍ਹਾਂ ਨੂੰ ਡਰ ਕੇ ਮੁਲਕ ਤੋਂ ਬਾਹਰ ਜਾਣਾ ਪਿਆ। ਇਸ ਦੀ ਵੀ ਜਾਂਚ ਹੋਵੇ।

* ਬਾਲਕ੍ਰਿਸ਼ਨ ਨਿਪਾਲੀ ਨਾਗਰਿਕ ਹੋਣ ਦੇ ਬਾਵਜੂਦ ਹਿੰਦੁਸਤਾਨੀ ਪਾਸਪੋਰਟ ਕਿਵੇਂ ਰੱਖ ਸਕਦੇ ਹਨ?

* ਭਾਰਤ ਸਵੈਭਿਮਾਨ ਟਰੱਸਟ ਦੇ ਬਾਨੀ ਮੈਂਬਰ ਰਾਜੀਵ ਦੀਕਸ਼ਤ ਦੀ ਸ਼ੱਕੀ ਮੌਤ ਅਤੇ ਜਲਦਬਾਜ਼ੀ ਵਿਚ ਉਨ੍ਹਾਂ ਦੇ ਸਸਕਾਰ ਕਰਨ ਦੀ ਵੀ ਜਾਂਚ ਹੋਵੇ।

ਪੰਜਵਾਂ, ਬਾਬਾ ਰਾਮਦੇਵ ਦੀਆਂ ਕੰਪਨੀਆਂ ਨੂੰ ਸਰਕਾਰ ਵੱਲੋਂ ਮਿਲੇ ਕਰਜ਼ੇ ਅਤੇ ਲੋਕਾਂ ਵੱਲੋਂ ਮਿਲੇ ਦਾਨ ਦੀ ਵੀ ਜਾਂਚ ਕੀਤੀ ਜਾਵੇ।

ਕਾਂਗਰਸ ਦੀ ਤਾਨਾਸ਼ਾਹੀ

ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੇ ਰਵੱਈਏ ਨੇ ਲੋਕਤੰਤਰ ਦੇ ਪਰਖਚੇ ਉਡਾ ਦਿੱਤੇ ਹਨ, ਜਿਸ ਢੰਗ ਨਾਲ ਧਾਰਾ 144 ਲਗਾ ਕੇ ਰਾਤ ਇਕ ਵਜੇ ਸੁੱਤੇ ਅਤੇ ਨਿਹੱਥੇ ਲੋਕਾਂ 'ਤੇ ਪਥਰਾਅ ਕੀਤਾ, ਅੱਥਰੂ ਗੈਸ ਛੱਡੀ, ਰੌਸ਼ਨੀ ਬੰਦ ਕਰ ਦਿੱਤੀ ਅਤੇ ਰਾਮਦੇਵ ਨੂੰ ਜਬਰਨ ਗ੍ਰਿਫ਼ਤਾਰ ਕੀਤਾ, ਇਹ ਸਭ ਲੋਕਾਂ ਦੇ ਮਨਾਂ ਵਿਚ ਕਾਂਗਰਸ ਦੇ ਅਕਸ ਨੂੰ ਹੋਰ ਵੀ ਦਾਗ਼ਦਾਰ ਕਰ ਗਿਆ। ਲੋਕਾਂ ਨੇ ਖੁੱਲ੍ਹੇਆਮ ਇਸ ਦੀ ਤੁਲਨਾ 1975 ਵਿਚ ਲਗਾਈ ਐਮਰਜੈਂਸੀ ਨਾਲ ਕੀਤੀ। ਜੋ ਕੁਝ ਵੀ ਰਾਮਦੇਵ ਅਤੇ ਕਾਂਗਰਸ ਸਰਕਾਰ ਵਿਚ ਲੀਲਾ ਵਰਤੀ, ਉਸ 'ਚੋਂ ਜਵਾਬ ਘੱਟ ਤੇ ਸਵਾਲ ਜ਼ਿਆਦਾ ਉੱਠਦੇ ਹਨ। ਕੀ ਕਾਰਨ ਹੈ ਕਿ ਸਰਕਾਰ ਨੂੰ ਇਕ ਸ਼ਾਂਤੀ ਨਾਲ ਚੱਲਣ ਵਾਲਾ ਸੱਤਿਆਗ੍ਰਹਿ ਇਸ ਕਦਰ ਰੋਕਣਾ ਪਿਆ? ਸਰਕਾਰ ਨੂੰ ਰਾਮਦੇਵ ਦੇ ਸੱਤਿਆਗ੍ਰਹਿ ਬਾਰੇ ਪਤਾ ਸੀ। ਫਿਰ ਸਿੱਬਲ ਨੇ ਕਿਸ ਤਰ੍ਹਾਂ ਕਿਹਾ ਕਿ ਰਾਮਦੇਵ ਨੇ ਜਗ੍ਹਾ ਸਿਰਫ ਯੋਗ ਕਰਵਾਉਣ ਲਈ ਲਈ ਸੀ, ਸੱਤਿਆਗ੍ਰਹਿ ਲਈ ਨਹੀਂ? ਇਕ ਪਾਸੇ ਕਾਂਗਰਸ ਦੇ ਵੱਡੇ ਨੇਤਾ ਰਾਮਦੇਵ ਨੂੰ ਲੈਣ ਏਅਰਪੋਰਟ ਗਏ ਅਤੇ ਭੁੱਖ ਹੜਤਾਲ ਰੋਕਣ ਲਈ ਉਨ੍ਹਾਂ ਨਾਲ ਗੱਲਬਾਤ ਕਰਦੇ ਰਹੇ। ਦੂਜੇ ਪਾਸੇ ਰਾਮਦੇਵ ਦੀ ਚਿੱਠੀ ਦਾ ਖੁਲਾਸਾ ਕਰਕੇ ਉਸ ਨੂੰ ਜਬਰਨ ਹਰਿਦੁਆਰ ਭਿਜਵਾ ਦਿੱਤਾ। ਅਗਲੇ ਹੀ ਦਿਨ ਸਰਕਾਰ ਵੱਲੋਂ ਰਾਮਦੇਵ ਦੀਆਂ ਕੰਪਨੀਆਂ ਦਾ ਖੁਲਾਸਾ ਅਤੇ ਉਨ੍ਹਾਂ ਰਾਹੀਂ ਜਬਰਨ ਜ਼ਮੀਨਾਂ ਦੇ ਕਬਜ਼ੇ ਕਰਨ ਦੀਆਂ ਖ਼ਬਰਾਂ ਨਾਲ ਦੁਨੀਆ ਨੂੰ ਦਹਿਲਾ ਦਿੱਤਾ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੋਵਾਂ ਹੀ ਸਰਕਾਰਾਂ ਵੱਲੋਂ ਰਾਮਦੇਵ ਨੂੰ ਜ਼ਮੀਨਾਂ ਸਸਤੇ ਭਾਅ ਵਿਚ ਦਿੱਤੀਆਂ ਗਈਆਂ, ਉਸ ਦਾ ਬਿਊਰਾ ਇਸ ਤਰ੍ਹਾਂ ਹੈ-

* ਕੈਪਟਨ ਅਮਰਿੰਦਰ ਸਿੰਘ ਦਾ ਦੋਸ਼ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਹਿਮਾਚਲ ਪ੍ਰਦੇਸ਼ ਵਿਚ 127 ਵਿੱਘਾ ਜ਼ਮੀਨ ਰਾਮਦੇਵ ਨੂੰ 99 ਸਾਲ ਲਈ ਲੀਜ਼ 'ਤੇ ਇਕ ਰੁਪਏ ਕਿਰਾਏ 'ਤੇ ਦੇ ਦਿੱਤੀ। ਜਦ ਕਿ ਉਸ ਦੀ ਕੀਮਤ ਕਰੋੜਾਂ ਰੁਪਏ ਹੈ। ਇਹ ਜ਼ਮੀਨ ਉਨ੍ਹਾਂ ਦੇ ਪਿਤਾ ਨੇ ਬੱਚਿਆਂ ਦੇ ਇਸਤੇਮਾਲ ਲਈ ਦਾਨ ਕੀਤੀ ਸੀ। ਫਿਰ ਸਰਕਾਰ ਨੇ ਰਾਮਦੇਵ ਨੂੰ ਕਿਸ ਤਰ੍ਹਾਂ ਦੇ ਦਿੱਤੀ?

* ਉੱਤਰਾਂਚਲ ਸਰਕਾਰ ਨੇ ਰਾਮਦੇਵ ਨੂੰ ਹਰਿਦੁਆਰ ਵਿਚ 644 ਏਕੜ ਜ਼ਮੀਨ ਬਿਲਕੁਲ ਸਸਤੇ ਭਾਅ 'ਤੇ ਦਿੱਤੀ।

* ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦੋ ਵਾਰ ਰਾਮਦੇਵ ਨੂੰ ਜ਼ਮੀਨ ਦਾਨ ਦਿੱਤੀ-ਸੰਨ 2008 ਅਤੇ 2010 ਵਿਚ।

* ਰੁੜਕੀ ਵਿਚ ਖੇਤੀ ਯੋਗ ਜ਼ਮੀਨ ਦਿੱਤੀ, ਜੋ ਗ਼ੈਰ-ਖੇਤੀ ਕੰਮਾਂ ਵਾਸਤੇ ਵਰਤੀ ਗਈ।

ਜ਼ਿਆਦਾਤਰ ਇਹ ਜ਼ਮੀਨਾਂ ਕਿਸਾਨਾਂ ਦੀਆਂ ਜਾਂ ਫਿਰ ਗ੍ਰਾਮ ਪੰਚਾਇਤਾਂ ਦੀ ਮਲਕੀਅਤ ਸਨ। ਬਹੁਤੀਆਂ ਜ਼ਮੀਨਾਂ ਦੇਣ ਸਮੇਂ ਪੰਚਾਇਤਾਂ ਕੋਲੋਂ ਸਰਕਾਰ ਨੇ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ। ਇਹ ਸਭ ਜ਼ਮੀਨਾਂ ਬਾਜ਼ਾਰੀ ਭਾਅ ਤੋਂ ਘੱਟ ਅਤੇ ਕਈ ਥਾਂ ਕਿਸਾਨਾਂ ਕੋਲੋਂ ਜਬਰਨ ਖੋਹ ਕੇ ਰਾਮਦੇਵ ਨੂੰ ਦਿੱਤੀਆਂ ਗਈਆਂ। ਕਾਨੂੰਨੀ ਤੌਰ 'ਤੇ ਪਰਮਾਰਥ ਲਈ ਜ਼ਮੀਨ ਦੇਣ ਲਈ ਸਰਕਾਰ ਵੱਲੋਂ ਨਿਲਾਮੀ ਕੀਤੀ ਜਾਂਦੀ ਹੈ। ਅਖ਼ਬਾਰ ਰਾਹੀਂ ਇਸ ਦੀ ਖ਼ਬਰ ਆਮ ਜਨਤਾ ਤੱਕ ਵੀ ਪਹੁੰਚਾਈ ਜਾਂਦੀ ਹੈ ਤਾਂ ਕਿ ਹੋਰ ਲੋਕ ਜਿਨ੍ਹਾਂ ਦਾ ਮਕਸਦ ਸੇਵਾ ਲਈ ਜ਼ਮੀਨ ਖਰੀਦਣਾ ਹੈ, ਉਹ ਸਭ ਬੋਲੀ ਲਗਾ ਸਕਣ। ਪਰ ਇਸ ਸਾਰੇ ਮਾਮਲੇ ਦੀ ਖ਼ਬਰ ਆਮ ਜਨਤਾ ਨੂੰ ਕਦੇ ਵੀ ਨਹੀਂ ਮਿਲੀ ਅਤੇ ਅੰਦਰੋਂ-ਅੰਦਰੀ ਰਾਮਦੇਵ ਨੂੰ ਜ਼ਮੀਨ ਦੇ ਦਿੱਤੀ ਗਈ। ਪਤੰਜਲੀ ਯੋਗ ਪੀਠ 'ਤੇ 16 ਮੁਕੱਦਮੇ ਚੱਲ ਰਹੇ ਹਨ, ਜਿਸ ਵਿਚ ਸਟੈਂਪ ਡਿਊਟੀ ਦੀ ਚੋਰੀ ਅਤੇ ਟਰੱਸਟ ਦੇ ਨਾਂਅ 'ਤੇ ਵਪਾਰ ਕਰਨ ਦਾ ਇਲਜ਼ਾਮ ਹੈ। ਕੀ ਇਸ ਨੂੰ ਰਾਮਦੇਵ ਭ੍ਰਿਸ਼ਟਾਚਾਰ ਨਹੀਂ ਮੰਨਦੇ? ਇਕ ਭ੍ਰਿਸ਼ਟ ਮਨੁੱਖ ਭ੍ਰਿਸ਼ਟਾਚਾਰ ਲਈ ਸਤਿਆਗ੍ਰਹਿ ਕਰੇ, ਇਹ ਕਿੰਨਾ ਕੁ ਜਾਇਜ਼ ਹੈ? ਇਹ ਸਾਰੇ ਸਵਾਲ ਕੁਝ ਹੋਰ ਸਵਾਲਾਂ ਨੂੰ ਜਨਮ ਦਿੰਦੇ ਹਨ-

* ਜਦ ਕਾਂਗਰਸ ਸਰਕਾਰ ਅਤੇ ਰਾਮਦੇਵ ਵਿਚ ਸਮਝੌਤਾ ਹੋ ਗਿਆ ਸੀ ਤਾਂ ਸਰਕਾਰ ਨੇ ਮੀਡੀਆ ਸਾਹਮਣੇ ਗੱਲ ਕਿਉਂ ਖੋਲ੍ਹੀ ਸੀ? ਜੇਕਰ ਰਾਮਦੇਵ ਜਨਤਾ ਨੂੰ ਧੋਖਾ ਦੇ ਰਹੇ ਸਨ ਅਤੇ ਕਾਂਗਰਸ ਵੀ ਉਸ ਧੋਖੇ ਦਾ ਹਿੱਸਾ ਹੈ?

* ਅਚਾਨਕ ਸਰਕਾਰ ਨੇ ਰਾਮਦੇਵ ਦੀਆਂ ਕੰਪਨੀਆਂ ਦਾ ਖੁਲਾਸਾ ਕਿਉਂ ਕੀਤਾ, ਏਨੇ ਸਾਲ ਸਰਕਾਰ ਚੁੱਪ ਕਿਉਂ ਰਹੀ? ਰਾਮਦੇਵ ਵੱਲੋਂ ਜਬਰਨ ਅਤੇ ਘੱਟ ਪੈਸੇ 'ਤੇ ਜ਼ਮੀਨਾਂ ਹਥਿਆਉਣ ਦੇ ਮੁਕੱਦਮੇ ਦਰਜ ਹਨ, ਫਿਰ ਕਿਉਂ ਸਰਕਾਰ ਅੰਨੀ ਬਣ ਰਹੀ ਹੈ? ਕੀ ਉਨ੍ਹਾਂ ਦਾ ਕੋਈ ਨਿੱਜੀ ਫਾਇਦਾ ਸੀ? ਜੇਕਰ ਸਰਕਾਰ ਬੇਖ਼ਬਰ ਸੀ ਅਤੇ ਹੁਣ ਉਨ੍ਹਾਂ ਨੂੰ ਸਭ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

* ਜਦੋਂ ਰਾਸ਼ਟਰਪਤੀ ਨੂੰ 29 ਅਪ੍ਰੈਲ, 2011 ਨੂੰ ਯਾਦ ਪੱਤਰ ਮਿਲ ਗਿਆ ਸੀ ਤਾਂ ਤਦ ਵੀ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਕਿਉਂ ਨਹੀਂ ਦਿੱਤਾ ਗਿਆ?

* ਕੀ ਕਾਰਨ ਹੈ ਕਿ ਭਾਜਪਾ ਅਤੇ ਕਾਂਗਰਸ ਦੇ ਮੰਤਰੀਆਂ ਨੇ ਰਾਮਦੇਵ ਨੂੰ ਹੀ ਇਹ ਜ਼ਮੀਨਾਂ ਸਸਤੇ ਭਾਅ ਵਿਚ ਦਿੱਤੀਆਂ? ਕਿਤੇ ਇਨ੍ਹਾਂ ਸਭ 'ਚ ਉਨ੍ਹਾਂ ਦੀ ਵੀ ਹਿੱਸੇਦਾਰੀ ਤਾਂ ਨਹੀਂ?

ਮਨਮੋਹਨ ਸਿੰਘ ਗ਼ੌਰ ਕਰਨ ਕਿ ਉਨ੍ਹਾਂ ਦੀ ਪਾਰਟੀ ਦੇ ਮੰਤਰੀ, ਉਨ੍ਹਾਂ ਦੇ ਨੱਕ ਹੇਠ ਹੀ ਭ੍ਰਿਸ਼ਟਾਚਾਰ ਅਤੇ ਸੀਨਾਜੋਰੀ ਕਰ ਰਹੇ ਹਨ। ਜਿਥੇ ਇਕ ਪਾਸੇ ਰਾਮਦੇਵ ਦੇ ਸਾਮਰਾਜ ਦੀ ਜਾਂਚ ਸਰਕਾਰ ਕਰਵਾ ਰਹੀ ਹੈ, ਉਥੇ ਪ੍ਰਧਾਨ ਮੰਤਰੀ ਸਾਹਿਬ ਆਪਣੇ ਮੰਤਰੀਆਂ 'ਤੇ ਵੀ ਕੁਝ ਜਾਂਚ ਕਮੇਟੀ ਬਿਠਾਉਣ, ਜੋ ਨਿਰਪੱਖ ਹੋ ਕੇ ਸੱਚ ਨੂੰ ਸਾਹਮਣੇ ਰੱਖੇ। (ਸਮਾਪਤ)

ਮੋ: 098181-14039

Post a Comment

0 Comments
Post a Comment (0)
To Top