|
ਜਨਰਲ ਵੀ. ਕੇ. ਸਿੰਘ |
ਇਸ ਵੇਲੇ ਭਾਰਤੀ ਫੌਜ ਦੀ ਗਿਣਤੀ 13 ਲੱਖ ਤੋਂ 15 ਲੱਖ ਦੇ ਵਿੱਚ-ਵਿੱਚ ਹੈ ਅਤੇ ਇਸ ਦਾ ਸਾਲਾਨਾ ਬਜਟ 40 ਬਿਲੀਅਨ ਡਾਲਰ ਤੋਂ ਜ਼ਿਆਦਾ ਹੈ। ਸਮੇਂ ਸਮੇਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਭਾਰਤੀ ਫੌਜ ਬੜੀ ‘ਡਸਿਪਲਨ’ ਵਾਲੀ ਲੜਾਕੂ ਫੌਜ ਹੈ ਅਤੇ ਇਸ ਵਿੱਚ ਬੜਾ ‘ਪ੍ਰੋਫੈਸ਼ਨਲਿਜ਼ਮ’ ਹੈ। ਭਾਰਤੀ ਫੌਜ ਨੂੰ ਭ੍ਰਿਸ਼ਟਾਚਾਰ ਤੇ ਭਾਈ-ਭਤੀਜਵਾਦ ਤੋਂ ‘ਮੁਕਤ’ ਦੱਸਣ ਦੇ ਨਾਲ-ਨਾਲ ਇਸ ਦੇ ਧਰਮ ਨਿਰਪੱਖ ਹੋਣ ਦੇ ਵੀ ਬੜੇ ਦਾਅਵੇ ਕੀਤੇ ਜਾਂਦੇ ਹਨ। ਇਨ੍ਹਾਂ ਦਿਨਾਂ ਵਿੱਚ ਜਦੋਂ ਕਿ ਕਾਰਗਿਲ ਜੰਗ ਦੀ 12ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ (ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਫੌਜੀ ਮਾਰੇ ਗਏ ਸਨ), ਭਾਰਤੀ ਫੌਜ ਦੇ ਮੁਖੀ ਜਨਰਲ ਵੀ. ਕੇ. ਸਿੰਘ ਦੇ ਕਾਰਜਕਾਲ ਨੂੰ ਲੈ ਕੇ ਚਾਰ-ਚੁਫੇਰੇ ਇੱਕ ਵੱਡੀ ਬਹਿਸ ਛਿੜੀ ਹੋਈ ਹੈ। ਭਾਰਤੀ ਫੌਜ ਦੇ ਮੁਖੀ ਵਲੋਂ ਆਪਣੀ ਜਨਮ ਤਾਰੀਖ ਨੂੰ ਮੈਟਰਿਕ ਦੇ ਸਰਟੀਫੀਕੇਟ ਤੇ ਆਧਾਰਿਤ 10 ਮਈ, 1951 ਦੱਸਿਆ ਜਾ ਰਿਹਾ ਹੈ ਜਦੋਂ ਕਿ ਫੌਜ ਵਿੱਚ ਭਰਤੀ ਹੋਣ ਵੇਲੇ ਭਰੇ ਗਏ ਫਾਰਮ ਵਿੱਚ ਉਸਨੇ ਆਪਣੀ ਜਨਮ ਤਰੀਕ 10 ਮਈ, 1950 ਭਰੀ ਹੋਈ ਹੈ। ਫੌਜੀ ਰਿਕਾਰਡ ਵਿਚਲੀ ਜਨਮ ਤਰੀਕ ਦੇ ਆਧਾਰ ’ਤੇ ਉਸਨੇ ਮਈ 2012 ਵਿੱਚ ਰਿਟਾਇਰ ਹੋਣਾ ਹੈ ਪਰ ਅਚਾਨਕ ਉਸਨੇ ਇਹ ਵਾਵੇਲਾ ਖੜ੍ਹਾ ਕਰ ਦਿੱਤਾ ਕਿ ਮੈਨੂੰ ਮਈ 2013 ਵਿੱਚ ਰਿਟਾਇਰ ਕੀਤਾ ਜਾਏ ਕਿਉਂਕਿ ਮੇਰੀ ਅਸਲੀ ਜਨਮ ਤਰੀਕ 10 ਮਈ, 1951 ਹੈ। ਇਸ ਸਬੰਧੀ ਭਾਰਤੀ ਰੱਖਿਆ ਮੰਤਰਾਲੇ ਨੇ 21 ਜੁਲਾਈ, 2011 ਨੂੰ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਫੌਜੀ ਮੁਖੀ ਨੂੰ ਮਈ, 2012 ਵਿੱਚ ਰਿਟਾਇਰ ਕਰ ਦਿੱਤਾ ਜਾਵੇਗਾ। ਰੱਖਿਆ ਮੰਤਰਾਲੇ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਕਾਨੂੰਨ ਮੰਤਰਾਲੇ ਅਤੇ ਅਟਾਰਨੀ ਜਨਰਲ ਦੀ ਸਲਾਹ ਵੀ ਲਈ ਹੈ। ਇੱਕ ਤਰੀਕੇ ਨਾਲ ਇਹ ਵਿਵਾਦ ਇੱਥੇ ਹੀ ਖਤਮ ਹੋ ਜਾਣਾ ਚਾਹੀਦਾ ਸੀ।
ਪਰ ਮੀਡੀਆ ਰਿਪੋਰਟਾਂ ਅਨੁਸਾਰ, ‘ਹਰਿਆਣਵੀ ਜਾਟ’ ਮੂਲ ਦਾ ਜਨਰਲ ਵੀ. ਕੇ. ਸਿੰਘ ਰੱਖਿਆ ਮੰਤਰਾਲੇ ਦੇ ਇਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ ਹੈ ਅਤੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਲਈ ਗੰਭੀਰ ਵਿਚਾਰ ਕਰ ਰਿਹਾ ਹੈ। ਇੰਟਰਨੈੱਟ ਵਿਚਲੇ ‘ਵਿਕੀਪੀਡੀਏ’ ਵਿੱਚ ਵੀ ਜਨਰਲ ਵੀ. ਕੇ. ਸਿੰਘ ਨੇ ਹੁਣ ਆਪਣੀ ਜਨਮ ਤਰੀਕ ਤਬਦੀਲ ਕਰਕੇ, 10 ਮਈ, 1951 ਕਰ ਦਿੱਤੀ ਹੈ। ਹੋਰ ਤਾਂ ਹੋਰ,
ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਪੀ. ਵੀ. ਨਾਇਕ (ਜੋ ਜਨਰਲ ਵੀ. ਕੇ. ਸਿੰਘ ਦਾ ਨਿੱਜੀ ਦੋਸਤ ਹੈ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਇੱਕੋ ਟਰੇਨਿੰਗ ਗਰੁੱਪ -ਹੰਟਰ ਸਕਵਾਡਰਨ ’ਚੋਂ ਹੈ) ਨੂੰ ਜਦੋਂ ਇਸ ਵਿਵਾਦ ਸਬੰਧੀ ਪੁੱਛਿਆ ਗਿਆ ਤਾਂ ਉਸਨੇ ਬੜੀ ਗੈਰ ਜਿੰਮੇਦਾਰੀ ਨਾਲ ਕਿਹਾ - ‘‘ਮੈਂ ਆਪਣੇ ਦੋਸਤ, ਜਨਰਲ ਵੀ. ਕੇ. ਸਿੰਘ ਨੂੰ ਇਹ ਹੀ ਸਲਾਹ ਦਿੱਤੀ ਹੈ ਕਿ ਓਹੀ ਕੁਝ ਕਰ, ਜੋ ਤੈਨੂੰ ਠੀਕ ਲਗਦਾ ਹੈ।’
ਦਿਲਚਸਪ ਗੱਲ ਇਹ ਹੈ ਕਿ ਜਿਸ ਪ੍ਰੈਸ ਕਾਨਫਰੰਸ ਵਿੱਚ ਏਅਰ ਚੀਫ ਮਾਰਸ਼ਲ ਨਾਇਕ ਨੇ ਇਹ ਟਿੱਪਣੀ ਕੀਤੀ ਹੈ, ਉਸੇ ਪ੍ਰੈਸ ਕਾਨਫਰੰਸ ਵਿੱਚ ਉਸਨੇ ਬੜੇ ਧੜੱਲੇ ਨਾਲ ਕਿਹਾ
, ‘ਜੇ ਪਾਕਿਸਤਾਨ ਆਪਣੀ ਨੀਊਕਲੀਅਰ ਮਿਜ਼ਾਇਲ ਦਾ ਇਸਤੇਮਾਲ ਕਰਦਾ ਹੈ ਤਾਂ ਉਸਨੂੰ ਅਸੀਂ ਤਬਾਹੋ-ਬਰਬਾਦ ਕਰਕੇ ਰੱਖ ਦਿਆਂਗੇ। ਸਾਡਾ ਜਵਾਬ ਭਾਰੀ ਹਿੰਸਕ ਅਤੇ ਸਖਤ ਹੋਵੇਗਾ। ਪਾਕਿਸਤਾਨੀ ਮਿਜ਼ਾਇਲ ‘ਨਾਸਰ’ ਨਾਲ ਕੋਈ ‘ਗੇਮ-ਚੇਂਜ’ ਨਹੀਂ ਹੋਈ।’ ਏਅਰ ਚੀਫ ਮਾਰਸ਼ਲ, ਪਾਕਿਸਤਾਨ ਵਲੋਂ ਹੁਣੇ ਜਿਹੇ ਟੈਸਟ ਕੀਤੀ ਗਈ ‘ਨਾਸਿਰ ਮਿਜ਼ਾਇਲ’ (ਜਿਸਦੀ ਰੇਂਜ 60 ਕਿਲੋਮੀਟਰ ਤੱਕ ਹੈ) ਸਬੰਧੀ ਟਿੱਪਣੀ ਕਰ ਰਿਹਾ ਸੀ। ਯਾਦ ਰਹੇ ਪਾਕਿਸਤਾਨ ਨੇ ਨਾਸਿਰ ਮਿਜ਼ਾਇਲ ਤੋਂ ਇਲਾਵਾ ਹਵਾ ਤੋਂ ਹਵਾ ਵਿੱਚ ਅਤੇ ਸਤਾਹ ਤੋਂ ਸਤਾਹ ਤੱਕ ਮਾਰ ਕਰਨ ਵਾਲੀਆਂ 24 ਮਿਜ਼ਾਇਲਾਂ ਆਪਣੇ ਜੰਗੀ-ਜ਼ਖੀਰੇ ਵਿੱਚ ਦਾਖਲ ਕੀਤੀਆਂ ਹਨ। ਇਨ੍ਹਾਂ ਮਿਜ਼ਾਇਲਾਂ ’ਤੇ ਨੀਊਕਲੀਅਰ ਹੈੱਡ’ ਫਿੱਟ ਹੋ ਸਕਦੇ ਹਨ ਅਤੇ ਇਨ੍ਹਾਂ ਦੀ ਰੇਂਜ 700 ਕਿਲੋਮੀਟਰ ਤੋਂ 1000 ਕਿਲੋਮੀਟਰ ਤੱਕ ਹੈ।
|
ਜਨਰਲ ਬਿਕਰਮ ਸਿੰਘ |
ਪਾਠਕ, ਏਅਰ ਚੀਫ ਮਾਰਸ਼ਲ ਨਾਇਕ ਅਤੇ ਭਾਰਤੀ ਫੌਜੀ ਮੁਖੀ ਜਨਰਲ ਵੀ. ਕੇ. ਸਿੰਘ ਆਦਿ ਉਸ ‘ਅਖੰਡ ਭਾਰਤੀ ਹਿੰਦੂਤਵੀ ਕੋਰ ਗਰੁੱਪ’ ਦੀ ਰਹਿਨੁਮਾਈ ਕਰਦੇ ਹਨ, ਜਿਹੜਾ ਕਿ ਪਾਕਿਸਤਾਨ ਨਾਲ ‘ਜੰਗ ਛੇੜਨ’ ਲਈ ਬੜਾ ਬੇਚੈਨ ਹੈ ਤਾਂ ਕਿ ਇਸ ਬਹਾਨੇ ਪਾਕਿਸਤਾਨ ਤੇ ਸਿੱਖ ਹੋਮਲੈਂਡ (ਪੰਜਾਬ) ਦੋਹਾਂ ਦਾ ਹੀ ਮੁਕੰਮਲ ਸਫਾਇਆ ਕਰ ਦਿੱਤਾ ਜਾਵੇ। ਭਾਰਤੀ ਹਵਾਈ ਫੌਜ ਦੇ ਮੁਖੀ ਵਲੋਂ ਪਾਕਿਸਤਾਨ ਸਬੰਧੀ ਸਿਆਸੀ ਟਿੱਪਣੀ ਕਰਨੀ ਅਤੇ ਭਾਰਤੀ ਰੱਖਿਆ ਮੰਤਰਾਲੇ ਦੇ ਫੈਸਲੇ ਦੇ ਉਲਟ ਜਾ ਕੇ, ਜਨਰਲ ਵੀ. ਕੇ. ਸਿੰਘ ਨੂੰ ‘ਮਰਜ਼ੀ ਕਰਨ’ ਦੀ ਸਲਾਹ ਦੇਣੀ, ਕਿਹੜੇ ਫੌਜੀ ਡਸਿਪਲਨ ’ਚੋਂ ਨਿਕਲ ਰਿਹਾ ਹੈ? ਇਹ ਦੋਨੋਂ ਹੀ ਹਿੰਦੂਤਵੀ ਮਾਨਸਿਕਤਾ ਵਾਲੇ ਮੁਖੀ, ਇੱਕ ਪਾਸੇ ਪਾਕਿਸਤਾਨ ਨਾਲ ਟਕਰਾਅ ਨੂੰ ‘ਹਵਾ’ ਦੇ ਰਹੇ ਹਨ ਪਰ ਦੂਸਰੇ ਪਾਸੇ ਪੂਰਬੀ ਕਮਾਂਡ ਦੇ ਸੀਨੀਅਰ ਸਿੱਖ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦੇ ਫੌਜੀ ਮੁਖੀ ਬਣਨ ਦੇ ਰਾਹ ਵਿੱਚ ਅੜਚਣਾਂ ਖੜ੍ਹੀਆਂ ਕਰ ਰਹੇ ਹਨ। ਪਿਛਲੇ ਮਹੀਨਿਆਂ ਵਿੱਚ ਜਨਰਲ ਵੀ. ਕੇ. ਸਿੰਘ ਨੇ ਪੰਜਾਬ ਵਿੱਚ ਉਪਰੋਥਲੀ ਦੋ ਤਿੰਨ ਭੜਕਾਊ ਜੰਗੀ ਮਸ਼ਕਾਂ ਕੀਤੀਆਂ ਸਨ, ਜਿਸਦਾ ਅਸੀਂ ਨੋਟਿਸ ਲਿਆ ਸੀ। ਇਸੇ ਦੀ ਅਹਿਮੀਅਤ ਨੂੰ ਵੇਖਦਿਆਂ ਅਸੀਂ ਇਸ ਨੂੰ ਦੋਹਰਾ ਰਹੇ ਹਾਂ –‘‘ਉਪਰੋਕਤ ਜੰਗੀ ਮਸ਼ਕਾਂ ਜਿਸ ਫੌਜੀ ਜਰਨੈਲ (ਜਨਰਲ ਵਿਜੇ ਕੁਮਾਰ ਸਿੰਘ) ਦੀ ਰਹਿਨੁਮਾਈ ਹੇਠ ਹੋ ਰਹੀਆਂ ਹਨ, ਉਸ ਦੀ ਆਪਣੀ ਇਮਾਨਦਾਰੀ ਦਾ ਹਾਲ ਇਹ ਹੈ ਕਿ ਆਪਣੀ ਨੌਕਰੀ ਦਾ ਕਾਰਜਕਾਲ ਵਧਾਉਣ ਲਈ ਉਸ ਨੇ ਆਪਣੀ ਜਨਮ ਤਾਰੀਖ ਬਦਲਣ ਦਾ ਫਰਾਡ (ਧੋਖਾ) ਕੀਤਾ ਹੈ। ਜਦੋਂ ਵਿਜੇ ਕੁਮਾਰ ਫੌਜ ਵਿੱਚ ਭਰਤੀ ਹੋਇਆ ਤਾਂ ਸਰਕਾਰੀ ਭਰਤੀ ਫਾਰਮ ਵਿੱਚ ਉਸ ਨੇ ਆਪਣੀ ਜਨਮ ਤਾਰੀਖ 10 ਮਈ, 1950 ਭਰੀ ਸੀ। ਹੁਣ ਕਿਸੇ ਮੈਟਰਿਕ ਦੇ ਸਰਟੀਫਿਕੇਟ (ਜਾਅਲੀ?) ਦੇ ਅਧਾਰ ’ਤੇ ਉਹ ਇਹ ਕਹਿ ਰਿਹਾ ਹੈ ਕਿ ਉਸ ਦੀ ਅਸਲੀ ਜਨਮ ਤਾਰੀਕ 10 ਮਈ, 1951 ਹੈ ਨਾ ਕਿ 10 ਮਈ, 1950।
|
ਲੈਫਟੀਨੈਂਟ ਜਨਰਲ
ਹਰਬਖਸ਼ ਸਿੰਘ |
ਸਰਕਾਰ ਨੂੰ ਭਾਰਤੀ ਸੁਪਰੀਮ ਕੋਰਟ ਦੇ ਦੋ ਸਾਬਕਾ ਚੀਫ ਜਸਟਿਸਾਂ (ਜਸਟਿਸ ਵਰਮਾ ਅਤੇ ਜਸਟਿਸ ਪਟਨਾਇਕ) ਨੇ ਵੀ ਇਹ ਮਸ਼ਵਰਾ ਦਿੱਤਾ ਹੈ ਕਿ ਉਹ ਜਨਰਲ ਵਿਜੈ ਕੁਮਾਰ ਦੀ ‘ਜਾਅਲੀ ਜਨਮ ਤਾਰੀਕ’ ਨੂੰ ਮਾਨਤਾ ਦੇ ਦੇਣ। ਕੀ ਕਮਾਲ ਦਾ ਮਸ਼ਵਰਾ ਹੈ? ਇਹ ਸਭ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਜਨਰਲ ਵਿਜੈ ਕੁਮਾਰ ਤੋਂ ਬਾਅਦ, ਸਭ ਤੋਂ ਸੀਨੀਅਰ ਲੈਫਟੀਨੈਂਟ ਜਨਰਲ ਇੱਕ ਸਿੱਖ ਹੈ, ਜਿਸ ਨੇ ਫੌਜੀ ਮੁਖੀ ਬਣਨਾ ਹੈ। ਪਰ ਜੇ ਜਨਰਲ ਵਿਜੈ ਕੁਮਾਰ ਦੀ ਜਾਅਲੀ ਜਨਮ ਤਾਰੀਕ ਨੂੰ ਮਾਨਤਾ ਦੇ ਦਿੱਤੀ ਜਾਂਦੀ ਹੈ ਤਾਂ ਇਸ ਵਧੇ ਹੋਏ ਇੱਕ ਸਾਲ ਵਿੱਚ, ਸਿੱਖ ਲੈਫਟੀਨੈਂਟ ਜਨਰਲ ਦੀ ਰਿਟਾਇਰਮੈਂਟ ਹੋ ਜਾਣੀ ਹੈ ਅਤੇ ਕਿਸੇ ਜੰਗਬਾਜ਼ ਹਿੰਦੂ ਜਨਰੈਲ ਨੂੰ, ਫੌਜੀ ਮੁਖੀ ਦਾ ਅਹੁਦਾ ਸੌਂਪ ਦਿੱਤਾ ਜਾਵੇਗਾ। ਜਨਰਲ ਵਿਜੈ ਕੁਮਾਰ ਦੇ ਹੁਕਮਾਂ ’ਤੇ ਵੱਧ ਚੜ੍ਹ ਕੇ ਕੀਤੀਆਂ ਜਾ ਰਹੀਆਂ (ਪਾਕਿਸਤਾਨ ਦੇ ਖਿਲਾਫ) ਜੰਗੀ ਮਸ਼ਕਾਂ ਭਾਰਤੀ ਹਾਕਮਾਂ ਨੂੰ ਇਹ ਦੱਸਣ ਲਈ ਵੀ ਹੋ ਸਕਦੀਆਂ ਹਨ ਕਿ ਉਹ ਪੱਕਾ ਅਖੰਡ ਭਾਰਤ ਦਾ ਮੁੱਦਈ, ‘ਲੜਾਕਾ ਜਰਨੈਲ’ ਹੈ ਅਤੇ ਉਸ ਨੂੰ ਆਪਣੇ ‘ਜੌਹਰ’ ਦਿਖਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਪਰ
ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਾਰ-ਵਾਰ ਕੀਤੀਆਂ ਜਾ ਰਹੀਆਂ ਭੜਕਾਊ ਜੰਗੀ ਮਸ਼ਕਾਂ ਨੂੰ, ਪੰਜਾਬ ਵਿਚਲੀ ਅਤੇ ਅੰਤਰਰਾਸ਼ਟਰੀ ਸਿੱਖ ਲੀਡਰਸ਼ਿਪ ਨੇ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ। ਹਾਲਾਂਕਿ ਹਕੀਕਤ ਇਹ ਹੈ ਕਿ 1965, 1971 ਦੀਆਂ ਜੰਗਾਂ ਅਤੇ 1984 ਦੇ ਘੱਲੂਘਾਰੇ ਦੌਰਾਨ, ਪਾਕਿਸਤਾਨ ਨਾਲ ਜੰਗ ਦੇ ਬਹਾਨੇ, ਪੰਜਾਬ ਨੂੰ ਮੁਕੰਮਲ ਤੌਰ ’ਤੇ ਤਬਾਹ ਕਰਨ ਦੀ, ਭਾਰਤੀ ਹਾਕਮਾਂ ਦੀ ਬਦਨੀਤੀ ਸੀ, ਜਿਸ ਸਬੰਧੀ ਕਈ ਸਬੂਤ ਸਾਹਮਣੇ ਆ ਚੁੱਕੇ ਹਨ। ਭਾਰਤੀ ਫੌਜ ਦੇ ਕੱਦਾਵਰ ਅਤੇ ਨਾਮਵਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ (ਜਿਹੜੇ 1965 ਦੀ ਜੰਗ ਵੇਲੇ ਪੱਛਮੀ ਕਮਾਂਡ ਦੇ ਮੁਖੀ ਸਨ) ਨੇ ਰਿਟਾਇਰਮੈਂਟ ਤੋਂ ਬਾਅਦ ਲਿਖੀ ਆਪਣੀ ਪੁਸਤਕ ਵਿੱਚ ਇੰਕਸ਼ਾਫ ਕੀਤਾ ਸੀ ਕਿ ਕਿਵੇਂ 1965 ਦੀ ਜੰਗ ਵੇਲੇ, ਉਸ ਵੇਲੇ ਦੇ ਫੌਜੀ ਮੁਖੀ ਨੇ ਉਸ ਨੂੰ ‘ਹੁਕਮ’ ਦਿੱਤਾ ਸੀ ਕਿ ਉਹ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚੋਂ ਫੌਜ ਨੂੰ ਕੱਢ ਲਵੇ ਅਤੇ ਦਰਿਆ ਬਿਆਸ ਦੇ ਉਰਾਂਹ ਆ ਕੇ ‘ਪੁਜ਼ੀਸ਼ਨ’ ਲਵੇ। ਪਰ ਜਨਰਲ ਹਰਬਖਸ਼ ਸਿੰਘ ਨੇ ਇਸ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਿਆਂ, ਸਿੱਖ ਫੌਜਾਂ ਰਾਹੀਂ, ਪਾਕਿਸਤਾਨੀ ਟੈਂਕਾਂ ਦੀ ਪੇਸ਼ਕਦਮੀਂ ਨੂੰ ਰੋਕਿਆ ਸੀ ਅਤੇ ‘ਖੇਮਕਰਨ ਸੈਕਟਰ’ ਨੂੰ ਪੈਟਨ-ਟੈਂਕਾਂ ਦੀ ਕਬਰਗਾਹ ਬਣਾ ਦਿੱਤਾ ਸੀ। ਇਸ ਤਰ੍ਹਾਂ ਬਹਾਦਰ ਸਿੱਖ ਜਰਨੈਲ ਨੇ ਸ੍ਰੀ ਹਰਿਮੰਦਰ ਸਾਹਿਬ ਸਮੇਤ, ਮਾਝੇ ਦੇ ਸਮੁੱਚੇ ਇਲਾਕੇ ਨੂੰ ਪਾਕਿਸਤਾਨੀ ਫੌਜ ਦੇ ਕਬਜ਼ੇ ਵਿੱਚ ਜਾਣ ਤੋਂ ਬਚਾਇਆ ਸੀ। ਲੈਫ. ਜਨਰਲ ਹਰਬਖਸ਼ ਸਿੰਘ ਨੂੰ ਇਸ ਹੁਕਮ ਅਦੂਲੀ ਦੀ ਸਜ਼ਾ ਇਹ ਦਿੱਤੀ ਗਈ ਸੀ ਕਿ ਸੀਨੀਅਰ ਅਤੇ ਕਾਬਲ-ਜਰਨੈਲ ਹੋਣ ਦੇ ਬਾਵਜੂਦ, ਉਸ ਨੂੰ ਫੌਜੀ ਮੁਖੀ ਨਹੀਂ ਸੀ ਬਣਾਇਆ ਗਿਆ।’’
ਘੱਲੂਘਾਰਾ ਜੂਨ-84 ਤੋਂ ਇੱਕਦਮ ਬਾਅਦ, ਇਹ ਖਬਰਾਂ ਜ਼ੋਰਾਂ ’ਤੇ ਸਨ ਕਿ ਇੰਦਰਾ ਗਾਂਧੀ ਪਾਕਿਸਤਾਨ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਹਮਲੇ ਦੇ ਬਹਾਨੇ ਵਜੋਂ, ਪਾਕਿਸਤਾਨ ਨੂੰ ਸਿੱਖ ਖਾੜਕੂਆਂ ਨੂੰ ‘ਪਨਾਹ ਦੇਣ’ ਅਤੇ ‘ਟਰੇਨਿੰਗ ਦੇਣ’ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ। ਇਸ ਜੰਗ ਦੀ ਆੜ ਵਿੱਚ, ਭਾਰਤੀ ਹਵਾਈ ਫੌਜ ਵਲੋਂ, ਥਾਂ-ਥਾਂ ਪੰਜਾਬ ਵਿੱਚ ਬੰਬਾਰੀ ਕਰਕੇ, ਇਸ ਨੂੰ ਪਾਕਿਸਤਾਨ ਦੇ ਖਾਤੇ ਵਿੱਚ ਪਾਉਣ ਦੀ ਯੋਜਨਾ ਸੀ। ਅਮਰੀਕਾ ਨੂੰ, ਭਾਰਤ ਦੀ ਇਸ ਖੁਫੀਆ ਯੋਜਨਾ ਦੀ ਜਾਣਕਾਰੀ ਸੀ ਅਤੇ ਉਸ ਨੇ, ਉਸ ਵੇਲੇ ਦੇ ਪਾਕਿਸਤਾਨੀ ਫੌਜੀ ਪ੍ਰਧਾਨ ਜਨਰਲ ਜ਼ਿਆ ਉੱਲ ਹੱਕ ਨੂੰ ਹਦਾਇਤ ਕੀਤੀ ਕਿ ਉਹ ਹਰ ਹਾਲਤ ਵਿੱਚ ਸਥਿਤੀ ਨੂੰ ਠੰਡਿਆਂ ਕਰਨ ਵਿੱਚ ਪੇਸ਼ਕਦਮੀਂ ਕਰੇ। ਜਨਰਲ ਜ਼ਿਆ ਨੇ, ਜਾਨਾਂ ਬਚਾ ਕੇ ਪਾਕਿਸਤਾਨ ਪਹੁੰਚੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਤੁੰਨਿਆ ਅਤੇ ਆਪ ਭਾਰਤ ਵਿੱਚ ਹੋ ਰਹੇ ਕ੍ਰਿਕਟ ਮੈਚ ਨੂੰ ਦੇਖਣ ਦੇ ਬਹਾਨੇ ਭਾਰਤ ਪਹੁੰਚ ਗਿਆ। ਭਾਰਤੀ ਮੀਡੀਏ ਨੇ ਵੀ ਪਾਕਿਸਤਾਨ ਨਾਲ ਜੰਗ ਹੋਣ ਦੀਆਂ ਖਬਰਾਂ ਨਾਲ, ਮਾਹੌਲ ਨੂੰ ਗਰਮਾਇਆ ਹੋਇਆ ਸੀ। ਦਿੱਲੀ ਪਹੁੰਚੇ, ਜਰਨਲ ਜ਼ਿਆ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਕਿ ‘ਕਿਆ ਭਾਰਤ-ਪਾਕਿਸਤਾਨ ਕੇ ਊਪਰ ਜੰਗ ਕੇ ਬਾਦਲ ਮੰਡਰਾ ਰਹੇ ਹੈਂ?’ ਉਸ ਨੇ ਬੜੀ ਬਨਾਵਟੀ ਮੁਸਕਰਾਹਟ ਨਾਲ ਜਵਾਬ ਦਿੱਤਾ - ‘ਮੁਝੇ ਤੋਂ ਆਸਮਾਨ ਸਾਫ ਨਜ਼ਰ ਆ ਰਹਾ ਹੈ।’ ਇਸ ਤਰ੍ਹਾਂ ਅਮਰੀਕਾ ਵਲੋਂ, ਭਾਰਤ ’ਤੇ ਪਏ ਕੂਟਨੀਤਕ ਦਬਾਅ ਅਤੇ ਜਨਰਲ ਜ਼ਿਆ ਦੇ ਝੁਕਣ ਦੀ ਬਦੌਲਤ, ਸਿੱਖ ਪੰਜਾਬ ਦੀ ਤਬਾਹੀ ਦਾ ਏਜੰਡਾ ਠੰਡੇ ਬਸਤੇ ਵਿੱਚ ਪੈ ਗਿਆ। ਹਾਲਾਂਕਿ ਭਾਰਤੀ ਫੌਜ ਨੇ ਉਸ ਦਬਾਅ ਵਾਲੇ ਮਾਹੌਲ ਵਿੱਚ, ਸਿਆਚਨ ਗਲੇਸ਼ੀਅਰ ’ਤੇ ਕਬਜ਼ਾ ਕਰ ਲਿਆ। ਇਹ ਕਬਜ਼ਾ, ਜੂਨ-ਜੁਲਾਈ, 1984 ਵਿੱਚ ਕੀਤਾ ਗਿਆ। ਇਸ ‘ਕਬਜ਼ੇ’ ਵਿੱਚ ਬਹਾਦਰੀ ਵਿਖਾਉਣ ਦਾ ‘ਪਰਮਵੀਰ ਚੱਕਰ’ ਜੰਮੂ ਨਿਵਾਸੀ ਇੱਕ ਸਿੱਖ ਬਾਨਾ ਸਿੰਘ ਨੂੰ ਦਿੱਤਾ ਗਿਆ
ਅਸੀਂ ਸਮਝਦੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ (ਸਟੇਟ) ਦੀ ਪੰਜਾਬ ਨੂੰ ਤਬਾਹ ਕਰਨ ਦੀ ਚਿਰੋਕਣੀ ਬਦਨੀਤੀ ਅਜੇ ਵੀ ਬਦਸਤੂਰ ਜਾਰੀ ਹੈ ਭਾਰਤੀ ਸਿਸਟਮ ’ਤੇ ਕਾਬਜ਼ ਸ਼ਕਤੀਆਂ ਪਾਕਿਸਤਾਨ ਨਾਲ ਜੰਗ ਛੇੜ ਕੇ, ਇਸ ਖਿੱਤੇ ਨੂੰ ਨੀਊਕਲੀਆਈ ਜੰਗੀ ਮੈਦਾਨ ਬਣਾ ਦੇਣਾ ਚਾਹੁੰਦੀਆਂ ਹਨ। ਸਿੱਖ ਕੌਮ ਵਿੱਚ ਇਸ ਸਬੰਧੀ ਜਾਗਰੂਕਤਾ ਅਤੇ ਲਾਮਬੰਦੀ ਜ਼ਰੂਰੀ ਹੈ।