ਦਸ ਨੰਬਰੀਆਂ ਦੀ ਸ਼੍ਰੋਮਣੀ ਕਮੇਟੀ -ਚਰਨਜੀਤ ਭੁੱਲਰ

ਸੁਨੇਹਾ
0
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਕੁੱਝ ਮਾੜੇ ਕਿਰਦਾਰ ਵਾਲੇ ਲੋਕ, ਜਿਨ੍ਹਾਂ ਨੂੰ ਪੁਲੀਸ ਦੀ ਭਾਸ਼ਾ ‘ਚ ‘ਦਸ ਨੰਬਰੀਏ’ ਕਿਹਾ ਜਾਂਦਾ ਹੈ, ਵੀ ਨੌਕਰੀ ਹਾਸਲ ਕਰਨ ‘ਚ ਕਾਮਯਾਬ ਹੋ ਗਏ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਬੰਧਕਾਂ ਨੂੰ ਕੋਈ ਜਾਣਕਾਰੀ ਨਹੀ ਕਿੳਂਕਿ ਉਨ੍ਹਾਂ ਕੋਲ ਅਜਿਹੇ ਮੁਲਾਜ਼ਮਾਂ ਦੇ ਪਿਛੋਕੜ ਦੀ ਪੜਤਾਲ ਕਰਨ ਦਾ ਕੋਈ ਪ੍ਰਬੰਧ ਨਹੀ ਹੈ। ਸ਼੍ਰੋਮਣੀ ਕਮੇਟੀ ‘ਚ ਕਰੀਬ ਇੱਕ ਦਰਜਨ ਅਜਿਹੇ ਮੁਲਾਜ਼ਮ ਹਨ ਜਿਨ੍ਹਾਂ ਨੂੰ ਪੁਲੀਸ ਵੱਲੋਂ ਬਕਾਇਦਾ ‘ਬਦਮਾਸ਼’ ਐਲਾਨਿਆ ਹੋਇਆ ਹੈ ਅਤੇ ਇਹ ਲੋਕ ਆਪਣੇ ਪਿਛੋਕੜ ਨੂੰ ਛੁਪਾ ਕੇ ਧੋਖੇ ਨਾਲ ਨੌਕਰੀਆਂ ਹਾਸਲ ਕਰ ਗਏ ਹਨ। ਉਂਝ ਜੋ ਕਿਸੇ ਵੇਲੇ ‘ਦਸ ਨੰਬਰੀਏ’ ਐਲਾਨੇ ਗਏ ਸਨ, ਉਨ੍ਹਾਂ ‘ਚੋਂ ਕੁੱਝ ਤਾਂ ਸੁਧਰ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਵੀ ਸ਼ਾਮਲ ਹੋ ਗਏ ਹਨ ਪਰ ਪੁਲੀਸ ਦੇ ਰਿਕਾਰਡ ‘ਚ ਉਹ ਅੱਜ ਵੀ ਬਦਮਾਸ਼ ਹਨ। ਫ਼ਰਕ ਏਨਾ ਕੁ ਪਿਆ ਹੈ ਕਿ ਪੁਲੀਸ ਉਨ੍ਹਾਂ ਨੂੰ ‘ਖਾਮੋਸ਼’ ਮੰਨਦੀ ਹੈ। ਬਾਰਡਰ ਰੇਂਜ ਅੰਮ੍ਰਿਤਸਰ ਦੇ ਡਿਪਟੀ ਇੰਸਪੈਕਟਰ ਜਨਰਲ ਪੁਲੀਸ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਸਰਕਾਰੀ ਸੂਚਨਾ ਪੱਤਰ ਨੰਬਰ 18947 ‘ਚ ਦਿੱਤੀ ਗਈ ਹੈ, ਉਸ ‘ਚ ਸਾਫ ਲਿਖਿਆ ਹੈ ਕਿ ਕੁੱਝ ‘ਦਸ ਨੰਬਰੀਏ’ ਵੀ ਸ਼੍ਰੋਮਣੀ ਕਮੇਟੀ ‘ਚ ਕੰਮ ਕਰਦੇ ਹਨ। ਥਾਣਾ ਕਿਲਾ ਲਾਲ ਸਿੰਘ ਦੇ ਰਿਕਾਰਡ ‘ਚ ਜੋ ਇੱਕ ਵਿਅਕਤੀ ‘ਦਸ ਨੰਬਰੀਆ’ ਹੈ ,ਉਹ ਅੱਜ ਕੱਲ੍ਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਇਨਾਤ ਹੈ। ਨਿਯਮਾਂ ਅਨੁਸਾਰ ਪੁਲੀਸ ਨੂੰ ਇਸ ਵਿਅਕਤੀ ‘ਤੇ ਅੱਖ ਰੱਖਣੀ ਪੈਂਦੀ ਹੈ।

ਥਾਣਾ ਕੰਬੋ ਦਾ ਇੱਕ ‘ਦਸ ਨੰਬਰੀਆ’ ਹੁਣ ਸ਼੍ਰੋਮਣੀ ਕਮੇਟੀ ‘ਚ ਮੁਲਾਜ਼ਮ ਹੈ। ਇਸੇ ਤਰ੍ਹਾਂ ਥਾਣਾ ਕਲਾਨੌਰ ਵੱਲੋਂ ਇੱਕ ਵਿਅਕਤੀ ਨੂੰ ‘ਬਦਮਾਸ਼’ ਐਲਾਨੇ ਜਾਣ ਦੇ ਬਾਵਜੂਦ ਉਹ ਸ਼੍ਰੋਮਣੀ ਕਮੇਟੀ ‘ਚ ਨੌਕਰੀ ਲੈਣ ‘ਚ ਕਾਮਯਾਬ ਹੋ ਗਿਆ ਹੈ। ਪੁਲੀਸ ਵੱਲੋਂ ਐਲਾਨਿਆ ਇਹ ‘ਦਸ ਨੰਬਰੀਆ’ ਹੁਣ ਸ਼੍ਰੋਮਣੀ ਕਮੇਟੀ ‘ਚ ਬਤੌਰ ਸੇਵਾਦਾਰ ਕੰਮ ਕਰ ਰਿਹਾ ਹੈ। ਥਾਣਾ ਸਰਾਂਏ ਅਮਾਨਤ ਖਾਂ ਦਾ ਇੱਕ ‘ਦਸ ਨੰਬਰੀਆ’ ਸ਼੍ਰੋਮਣੀ ਕਮੇਟੀ ਦੇ ਇੱਕ ਇਤਿਹਾਸਕ ਗੁਰੂ ਘਰ ਵਿੱਚ ਨੌਕਰੀ ‘ਤੇ ਤਾਇਨਾਤ ਹੈ। ਐਸ.ਐਸ.ਪੀ ਬਠਿੰਡਾ ਵੱਲੋਂ ਜੋ ਸਰਕਾਰੀ ਸੂਚਨਾ ਦਿੱਤੀ ਗਈ ਹੈ, ਉਸ ਅਨੁਸਾਰ ਥਾਣਾ ਮੌੜ ਦਾ ਇੱਕ ‘ਦਸ ਨੰਬਰੀਆ’ ਵੀ ਸ਼੍ਰੋਮਣੀ ਕਮੇਟੀ ‘ਚ ਮੁਲਾਜ਼ਮ ਲੱਗਾ ਹੋਇਆ ਹੈ। ਇਸ ਵਿਅਕਤੀ ਉਪਰ ਲੁੱਟਾਂ ਖੋਹਾਂ ਅਤੇ ਅਸਲਾ ਐਕਟ ਤਹਿਤ ਪੁਲੀਸ ਕੇਸ ਦਰਜ ਹਨ। ਉਂਝ ਇਸ ਦਾ ਪੁਲੀਸ ਹੁਣ ਚਰਿੱਤਰ ਠੀਕ ਦੱਸ ਰਹੀ ਹੈ। ਗੁਰਦੁਆਰਾ ਮਸਤੂਆਣਾ ਸਾਹਿਬ ਤਲਵੰਡੀ ਸਾਬੋ ‘ਚ ਵੀ ਇੱਕ ‘ਦਸ ਨੰਬਰੀਆ’ ਮੁਲਾਜ਼ਮ ਵਜੋਂ ਕੰਮ ਕਰ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਤਲਵੰਡੀ ਸਾਬੋ ਵਿਖੇ ਇੱਕ ਢਾਡੀ ਜਥੇ ਦਾ ਮੁਖੀ ਵੀ ‘ਦਸ ਨੰਬਰੀਆ’ ਹੈ। ਬਾਕੀ ਗੁਰੂ ਘਰਾਂ ਦੀ ਗੱਲ ਕਰੀਏ ਤਾਂ ਥਾਣਾ ਬਨੂੜ ਅਤੇ ਥਾਣਾ ਫਰੀਦਕੋਟ ਦੇ ਦੋ ਦਸ ਨੰਬਰੀਏ ਵੀ ਗੁਰੂ ਘਰਾਂ ‘ਚ ਪਾਠੀ ਸਿੰਘਾਂ ਵਜੋਂ ਸੇਵਾ ਕਰ ਰਹੇ ਹਨ।
ਜ਼ਿਲ੍ਹਾ ਤਰਨਤਾਰਨ ਦੇ ਇੱਕ ਗੁਰੂ ਘਰ ‘ਚ ਵੀ ਇੱਕ ਮੁਲਾਜ਼ਮ ‘ਦਸ ਨੰਬਰੀਆ’ ਹੈ। ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਦਸ ਨੰਬਰੀਆਂ ਵੀ ਸ਼੍ਰੋਮਣੀ ਕਮੇਟੀ ‘ਚ ਮੁਲਾਜ਼ਮ ਵਜੋਂ ਤਾਇਨਾਤ ਹੈ। ਪੁਲੀਸ ਰਿਕਾਰਡ ਅਨੁਸਾਰ ਮਾਲਵਾ ਇਲਾਕੇ ਦੇ ਅੱਧੀ ਦਰਜਨ ਜ਼ਿਲਿ੍ਹਆਂ ਵਿੱਚ ਇਸ ਵੇਲੇ 562 ‘ਦਸ ਨੰਬਰੀਏ’ ਹਨ। ਬਠਿੰਡਾ,ਮਾਨਸਾ ਤੇ ਫਰੀਦਕੋਟ ‘ਚ ਇਨ੍ਹਾਂ ਦੀ ਗਿਣਤੀ 230 ਬਣਦੀ ਹੈ। ਇਵੇਂ ਹੀ ਬਾਰਡਰ ਰੇਂਜ ‘ਚ ਤਿੰਨ ਸੌ ਦੇ ਕਰੀਬ ‘ਦਸ ਨੰਬਰੀਏ’ ਹਨ। ਪੁਲੀਸ ਅਨੁਸਾਰ ਬਹੁਤੇ ‘ਬਦਮਾਸ਼’ ਤਾਂ ਮਿਹਨਤ ਮਜ਼ਦੂਰੀ ਕਰਨ ਲੱਗ ਪਏ ਹਨ।

'ਪੰਜਾਬੀ ਟ੍ਰਿਬਿਊਨ' ਵਿੱਚੋਂ

Post a Comment

0 Comments
Post a Comment (0)
To Top