‘ਭਾਰਤ ਮਾਤਾ’ ਦਾ ਸੰਕਲਪ ਵੀ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਦੀ ਕਾਢ ਸੀ। ਉਂਝ ਤਾਂ ਸਮੁੱਚੀ ਹਿੰਦੂ ਕੌਮ ਦੇ ਤੇਤੀ ਕਰੋੜ ਦੇਵੀ ਦੇਵਤਿਆਂ ਵਿਚੋਂ ਵੱਡੀ ਗਿਣਤੀ ਦੇਵੀਆਂ ਦੀ ਹੈ ਜਿਨ੍ਹਾਂ ਦੀਆਂ ਮੂਰਤੀਆਂ ਦੀ ਉਹ ਪੂਜਾ ਕਰਦੇ ਹਨ, ਪਰ ਬੰਗਾਲ ਦੇ ਹਿੰਦੂ ਤਾਂ ਜਨੂੰਨ ਦੀ ਹੱਦ ਤੱਕ ਦੁਰਗਾ ਦੇਵੀ ਦੇ ਪੂਜਕ ਹਨ। ਬੰਕਿਮ ਚੰਦਰ ਚੈਟਰਜੀ ਨੇ ਤਾਂ ਆਪਣੇ ਨਾਵਲ ‘ਅਨੰਦ ਮੱਠ’ ਵਿਚ ਸਿਰਫ ਬੰਗਾਲ ਪ੍ਰੈਜੀਡੈਂਸੀ ਨੂੰ ਹੀ ਮਾਤਾ ਕਿਹਾ ਸੀ ਪਰ ਬਾਅਦ ਵਿਚ ਅਰਬਿੰਦੋ ਘੋਸ਼ ਵਰਗੇ ਰਾਸ਼ਟਰਵਾਦੀਆਂ ਵਲੋਂ ਦੁਰਗਾ ਮਾਤਾ ਦੇ ਰੂਪਕ ਨੂੰ ‘ਭਾਰਤ ਮਾਤਾ’ ਦੇ ਰੂਪ ਵਿਚ ਪ੍ਰਵਰਤਿਤ ਕਰ ਲਿਆ ਗਿਆ। ‘ਭਾਰਤ ਮਾਤਾ’ ਦੀ ਦੇਵੀ-ਰੂਪ ਤਸਵੀਰ ਸਭ ਤੋਂ ਪਹਿਲਾਂ ਰਵਿੰਦਰ ਨਾਥ ਟੈਗੋਰ ਦੇ ਭਤੀਜੇ ਅਵਨੇਂਦਰ ਨਾਥ ਟੈਗੋਰ ਵਲੋਂ 1906 ‘ਚ ਬਣਾਈ ਗਈ ਸੀ। ਅਵਨੇਂਦਰ ਨਾਥ ਟੈਗੋਰ ਚਿਤਰਕਲਾ ਦੇ ਬੰਗਾਲ ਸਕੂਲ ਦਾ ਸੰਸਥਾਪਕ ਸੀ ਤੇ ਇੱਕ ਸਮੇਂ ਕਲਕੱਤਾ ਦੇ ਆਰਟਸ ਕਾਲਜ ਵਿੱਚ ਲੈਕਚਰਾਰ ਵੀ ਰਿਹਾ ਸੀ। ‘ਭਾਰਤ ਮਾਤਾ’ ਦੇ ਸਿਰਲੇਖ ਵਾਲਾ ਇਹ ਚਿਤਰ ਇੱਕ ਬੰਗਾਲੀ ਮੈਗ਼ਜ਼ੀਨ ਵਿਚ ਛਪਿਆ ਸੀ ਤੇ ਬਾਅਦ ਵਿਚ ਇਸ ਨੂੰ ਕਈ ਰੂਪਾਂ ਵਿਚ ਛਾਪਿਆ ਗਿਆ। ਸੁਆਮੀ ਵਿਵੇਕਾਨੰਦ ਦੀ ਚੇਲੀ ਸਿਸਟਰ ਨਿਵੇਦਤਾ ਵਲੋਂ ਇਸ ਚਿਤਰ ਦੀ ਖੁੱਲ੍ਹੇ ਦਿਲ ਨਾਲ ਪ੍ਰਸੰਸਾ ਕੀਤੀ ਗਈ ਸੀ। ਉਸ ਨੇ ਕਿਹਾ ਸੀ, ‘ਇਸ ਵਿਚ ਮਾਤਭੂਮੀ ਦੀ ਆਤਮਾ ਨੂੰ ਚਿਤਰਿਆ ਗਿਆ ਹੈ। ਇਹ ਮਾਤਭੂਮੀ ਆਸਥਾ ਅਤੇ ਵਿਸ਼ਵਾਸ ਦਿੰਦੀ ਹੈ, ਭੋਜਨ ਅਤੇ ਬਸਤਰ ਦਿੰਦੀ ਹੈ।’ ‘ਭਾਰਤ ਮਾਤਾ’ ਦੇ ਇਸ ਦੇਵੀ-ਨੁਮਾ ਚਿੱਤਰ ਵਿਚ ਮਾਤਾ ਦੀਆਂ ਚਾਰ ਬਾਹਾਂ ਦਿਖਾਈਆਂ ਗਈਆਂ ਸਨ, ਜਿਨ੍ਹਾਂ ਦੇ ਹੱਥ ਵਿਚ ਖਾਣ-ਪੀਣ ਵਾਲੀਆਂ ਵੱਖ-ਵੱਖ ਵਸਤਾਂ ਫੜੀਆਂ ਹੋਈਆਂ ਸਨ। ਪਰ ਬਾਅਦ ਵਿਚ ਰਾਸ਼ਟਰਵਾਦੀਆਂ ਵਲੋਂ ਉਸ ਦੇ ਇਕ ਹੱਥ ਵਿਚ ਤਲਵਾਰ ਵੀ ਫੜਾ ਦਿੱਤੀ ਗਈ ਸੀ।
ਬੰਗਾਲ ਹੀ ਨਹੀਂ ਬਾਕੀ ਦੇਸ਼ ਦੇ ਹਿੰਦੂਆਂ ਲਈ ਵੀ ਇਸ ਗੱਲ ਦੀ ਕੋਈ ਰੋਕ ਟੋਕ ਨਹੀਂ ਸੀ ਕਿ ਉਹਨਾਂ ਨੇ ਦੁਰਗਾ ਜਾਂ ਕਿਸੇ ਹੋਰ ਦੇਵੀ ਦੀ ਪੂਜਾ ਕਰ ਲਈ ਜਾਂ ‘ਭਾਰਤ ਮਾਤਾ’ ਦੀ ਪੂਜਾ ਕਰ ਲਈ। ਪਰ ਦੇਸ਼ ਦੀ ਜਨਤਾ ਦੇ ਗ਼ੈਰ-ਹਿੰਦੂ ਵਰਗਾਂ ਲਈ ‘ਭਾਰਤ ਮਾਤਾ’ ਦੀ ਪੂਜਾ ਕਰਨ ਵਿਚ ਕਾਫ਼ੀ ਮਨੋਵਿਗਿਆਨਕ ਤੇ ਧਾਰਮਿਕ ਅੜਚਣਾਂ ਸਨ। ਮੁਸਲਮਾਨ ਧਰਮ ਵਿਚ ਬੁੱਤ ਪੂਜਾ ਦੀ ਸਖ਼ਤ ਮਨਾਹੀ ਹੈ। ਇਸ ਕਰਕੇ ਉਨ੍ਹਾਂ ਲਈ ‘ਭਾਰਤ ਮਾਤਾ’ ਦੀ ਪੂਜਾ ਕਰਨਾ ਭਾਰੀ ਧਾਰਮਿਕ ਕੁਰਹਿਤ ਬਣ ਜਾਂਦੀ ਹੈ। ਸਿਧਾਂਤਕ ਤੌਰ ‘ਤੇ ਸਿੱਖ ਧਰਮ ਵਿਚ ਵੀ ਇਹ ਮਨਾਹੀ ਮੌਜੂਦ ਹੈ ਅਤੇ ਉਹਨਾਂ ਨੂੰ ਇਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਕਰਨਾ ਸਖਤ ਮਨ੍ਹਾ ਹੈ। ਪਰ ਬੰਗਾਲ ਦੇ ਹਿੰਦੂ ਰਾਸ਼ਟਰਵਾਦੀਆਂ ਵਲੋਂ ਦੁਰਗਾ ਅਤੇ ‘ਭਾਰਤ ਮਾਤਾ’ ਨੂੰ ਇਕ ਰੂਪ ਕਰਕੇ ਇਸ ਸੰਕਲਪ ਦਾ ਰਾਜਨੀਤੀ ਨਾਲ ਸੰਜੋਗ ਕਰ ਲਿਆ ਗਿਆ ਸੀ। ਇਸ ਸੰਜੋਗ ਨੇ ਗ਼ੈਰ ਹਿੰਦੂਆਂ ਸਾਹਮਣੇ ਧਰਮ ਸੰਕਟ ਖੜ੍ਹਾ ਕਰ ਦਿੱਤਾ ਸੀ ਕਿ ਉਹ ਜਾਂ ਤਾਂ ਆਪਣੇ ਅਕੀਦਿਆਂ ਤੇ ਵਿਸ਼ਵਾਸਾਂ ਨੂੰ ਤਿਲਾਂਜਲੀ ਦੇ ਕੇ ‘ਹਿੰਦੂ ਮਾਤਾ’ ਦੀ ਪੂਜਾ ਕਰਨ ਜਾਂ ਬਹੁਗਿਣਤੀ ਹਿੰਦੂ ਕੌਮ ਦੀਆਂ ਨਜ਼ਰਾਂ ਵਿਚ ਗ਼ੱਦਾਰ ਬਣਨ ਲਈ ਤਿਆਰ ਰਹਿਣ (ਜਿਵੇਂ ਕਿ ਪਿੱਛੇ ਸਚਿੰਦਰ ਨਾਥ ਸਨਿਆਲ ਦਾ ਮੁਸਲਮਾਨਾਂ ਬਾਰੇ ‘ਫਤਵਾ’ ਪੜ੍ਹ ਹੀ ਚੁੱਕੇ ਹਾਂ) ਇਸ ਮਾਮਲੇ ਵਿਚ ਪ੍ਰਸਿੱਧ ਰਾਜਸੀ ਵਿਸ਼ਲੇਸ਼ਕ ਅਜਮੇਰ ਸਿੰਘ ਦਾ ਹੇਠ ਲਿਖਿਆ ਕਥਨ ਕਾਬਲੇ-ਗੌਰ ਹੈ:
‘ਭਾਰਤ ਮਾਤਾ ਦਾ ਸੰਕਲਪ ਹਿੰਦੂ ਜਾਤੀ ਦੇ ਧਾਰਮਿਕ ਸੰਸਕਾਰਾਂ ਤੇ ਮਨੌਤਾਂ ਤੋਂ ਡੂੰਘੀ ਤਰ੍ਹਾਂ ਪ੍ਰਭਾਵਤ ਹੈ। ਇਹ ਦੇਵੀ ਪੂਜ ਹਿੰਦੂ ਪ੍ਰੰਪਰਾ ਦਾ ਰਾਜਨੀਤੀ ਨਾਲ ਸੰਜੋਗ ਕਰਨ ਦੀ ਸੁਚੇਤ ਕੋਸ਼ਿਸ਼ ਦਾ ਨਤੀਜਾ ਹੈ, ਜਿਸ ਨੇ ਭਾਰਤੀ ਰਾਸ਼ਟਰਵਾਦ ਨੂੰ ਹਿੰਦੂਵਾਦੀ ਪੁੱਠ ਚਾੜ੍ਹਨ ਵਿਚ ਨਿਰਣਾਇਕ ਭੂਮਿਕਾ ਨਿਭਾਈ। ਧਰਤੀ ਦੇ ਇਕ ਖਾਸ ਟੋਟੇ ਨੂੰ ਜਦ ‘ਭਾਰਤ ਮਾਤਾ’ ਦੀ ਉਪਾਧੀ ਬਖ਼ਸ਼ ਦਿੱਤੀ ਗਈ ਤਾਂ ਰਾਸ਼ਟਰਵਾਦ ਦਾ ਸੰਕਲਪ ਬਹੁਤ ਹੀ ਵੱਖਰੇ ਅਰਥ ਗ੍ਰਹਿਣ ਕਰ ਗਿਆ। ਇਸ ਅੰਦਰ ਸਿੱਧੇ ਤੇ ਰੜਕਵੇਂ ਰੂਪ ਵਿਚ (ਹਿੰਦੂ) ਧਰਮ ਦਾ ਅੰਸ਼ ਸ਼ਾਮਲ ਹੋ ਗਿਆ। ‘ਭਾਰਤ’ ਇਕ ਭੂਗੋਲਿਕ ਜਾਂ ਰਾਜਨੀਤਕ ਹਸਤੀ ਨਾਲੋਂ ਵਧਕੇ ਇਸ਼ਟ ਦੇਵ ਦਾ ਰੁਤਬਾ ਧਾਰਨ ਗਿਆ, ਜਿਸ ਦੀ ਪੂਜਾ ਹਰ ਭਾਰਤ ਵਾਸੀ ਦਾ ਫਰਜ ਬਣ ਗਿਆ।’
ਕੈਨੇਡਾ-ਅਮਰੀਕਾ ਗਏ ਸਿੱਖਾਂ ਦਾ ਵੱਡਾ ਹਿੱਸਾ ‘ਭਾਰਤ ਮਾਤਾ’ ਦੇ ਸੰਕਲਪ ਤੋਂ ਉਕਾ ਹੀ ਅਣਜਾਣੂ ਸੀ। ਉਨ੍ਹਾਂ ਦੇ ਦੇਸ ਦੇ ਸੰਕਲਪ ਵਿਚ ਭੂਗੋਲਿਕ ਪੱਖ ਪ੍ਰਧਾਨ ਸੀ। ਕਦੇ ਉਨ੍ਹਾਂ ਲਈ ਦੇਸ ਤੋਂ ਮੁਰਾਦ ‘ਦੇਸ਼ ਪੰਜਾਬ’ ਸੀ, ਜਾਂ ਕਦੇ ‘ਭਾਰਤ ਵਰਸ਼’ ਜਾਂ ਅਜਿਹਾ ਹੀ ਕੁਝ ਹੋਰ ਸੀ। ਕਈ ਗ਼ਦਰੀ ਕਵੀ ਆਪਣੀਆਂ ਕਵਿਤਾਵਾਂ ਵਿਚ ਵੀ ਦੇਸ਼ ਦੇ ਸ਼ਬਦ ਦੀ ਵਰਤੋਂ ਇਨ੍ਹਾਂ ਹੀ ਖੁਲ੍ਹੇ-ਡੁਲ੍ਹੇ ਅਰਥਾਂ ਵਿਚ ਕਰਦੇ ਸਨ:
‘ਦੇਸ ਪੈਣ ਧੱਕੇ ਬਾਹਰ ਮਿਲੇ ਢੋਈ ਨਾ
ਸਾਡਾ ਪ੍ਰਦੇਸੀਆਂ ਦਾ ਦੇਸ ਕੋਈ ਨਾ।’
ਬਾਬਾ ਵਿਸਾਖਾ ਸਿੰਘ ਨੇ ਵੀ ਆਪਣੀਆਂ ਕਵਿਤਾਵਾਂ ਵਿਚ ‘ਭਾਰਤ ਵਰਸ਼’ ਜਾਂ ‘ਦੇਸ਼’ ਸ਼ਬਦ ਹੀ ਵਰਤਿਆ ਹੈ:
‘ਭਾਰਤ ਵਰਸ਼ ਨੂੰ ਏਹਨਾਂ ਨੂੰ ਜ਼ੇਰ ਕੀਤਾ,
ਤੁਸੀਂ ਮਰੋ ਖਾਂ ਮੌਹਰਾ ਹੁਣ ਖਾਇਕੇ ਤੇ।’
ਵੈਸੇ ਵੀ ‘ਭਾਰਤ’ ਸ਼ਬਦ ਲਿੰਗਵਾਦੀ ਸ਼ਬਦ ਹੈ! ਭੂਗੋਲਿਕ ਖਿੱਤੇ ਦਾ ਨਾਂਅ ‘ਭਾਰਤ’ ਪੈਣ ਬਾਰੇ ਵੀ ਮਿੱਥ ਹੈ ਕਿ ਮਹਾਕਵੀ ਕਾਲੀਦਾਸ ਦੇ ਨਾਟਕ ‘ਸਕੁੰਤਲਮ’ ਦੀ ਕਹਾਣੀ ਅਨੁਸਾਰ ਰਾਜਾ ਦੁਸ਼ਿਅੰਤ ਅਤੇ ਸਕੁੰਤਲਾ ਦਾ ਜੋ ਪੁੱਤਰ ਪੈਦਾ ਹੋਇਆ ਸੀ ਉਸ ਦਾ ਨਾਂਅ ‘ਭਰਤ’ ਸੀ ਜੋ ਬਾਅਦ ਵਿਚ ਪੁਰੂਵੰਸ਼ ਦਾ ਚੰਦਰਵੰਸ਼ੀ ਰਾਜਾ ਪ੍ਰਸਿੱਧ ਹੋਇਆ। ਉਸ ਦੇ ਨਾਂਅ ‘ਤੇ ਦੇਸ਼ ਦਾ ਨਾਂਅ ‘ਭਾਰਤ’ ਪਿਆ ਹੈ। ਪਰ ਦੇਵੀ ਪੂਜ ਹੋਣ ਕਾਰਨ ਬੰਗਾਲੀਆਂ ਨੇ ਹੋਰ ਹਿੰਦੂਆਂ ਵਲੋਂ ਆਪਣੀ ਮਾਨਸਿਕਤਾ ਅਨੁਸਾਰ ‘ਭਾਰਤ’ ਨਾਂ ਨੂੰ ਇਸਤਰੀ ਲਿੰਗ ਵਿਚ ਬਦਲ ਲਿਆ ਸੀ। ਗ਼ਦਰੀ ਪਾਰਟੀ ਵਿਚ ‘ਭਾਰਤ ਮਾਤਾ’ ਦਾ ਸੰਕਲਪ ਲਾਲਾ ਹਰਦਿਆਲ ਵਲੋਂ ਦਾਖ਼ਲ ਕੀਤਾ ਗਿਆ ਸੀ। ਘੋਖਵੀਂ ਨਜ਼ਰ ਨਾਲ ਦੇਖਿਆਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਗ਼ਦਰ ਪਾਰਟੀ ਵਿਚ ਲਾਲਾ ਹਰਦਿਆਲ ਦੀ ਹਿੰਦੂਤਵੀ ਵਿਚਾਰਧਾਰਾ ਦਾ ਸਭ ਤੋਂ ਗੂੜ੍ਹਾ ਪ੍ਰਭਾਵ, ਹਿੰਦੂ ਬ੍ਰਾਹਮਣ ਪਰਿਵਾਰ ‘ਚੋਂ ਸਿੱਖੀ ਵੱਲ ਆਏ ਭਾਈ ਭਗਵਾਨ ਸਿੰਘ ‘ਪ੍ਰੀਤਮ’ ਵਲੋਂ ਕਬੂਲਿਆ ਗਿਆ। ਇਹ ਉਸ ਦੀ ਸੂਝ ਦੀ ਘਾਟ ਕਾਰਨ ਹੋਇਆ ਜਾਂ ਬ੍ਰਾਹਮਣੀ ਪਿਛੋਕੜ ਵਾਲੇ ਪਰਿਵਾਰ ਦੇ ਸੰਸਕਾਰਾਂ ਕਾਰਨ, ਹਾਲਾਂ ਖੋਜ ਦਾ ਮੁਥਾਜ ਹੈ। ਪਾਰਟੀ ਵਿਚ ਭਾਈ ਭਗਵਾਨ ਸਿੰਘ ਹੀ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ’ ਦਾ ਅਲਬੇਲਾ ਆਸ਼ਕ ਬਣ ਕੇ ਉਭਰਿਆ, ਜਿਸ ਨੇ ਪੰਜਾਬੀ ਆਵਾਸੀਆਂ ਖਾਸ ਕਰਕੇ ਸਿੱਖਾਂ ਵਿਚ, ਆਪਣੀਆਂ ਕਵਿਤਾਵਾਂ ਅਤੇ ਤਕਰੀਰਾਂ ਰਾਹੀਂ ਇਹਨਾਂ ਦੋਵੇਂ ਸੰਕਲਪਾਂ ਨੂੰ ਮਕਬੂਲ ਕਰਨ ਲਈ ਆਪਣਾ ਪੂਰਾ ਤਾਣ ਲਗਾਇਆ। ਗੁਰਦੁਆਰਿਆਂ ਵਿਚ ਵੀ ਉਹ ਸਿੱਖਾਂ ਨੂੰ ‘ਵੰਦੇ ਮਾਤਰਮ’ ਬੋਲਣ ਲਈ ਕਹਿੰਦਾ ਹੁੰਦਾ ਸੀ। ਭਾਈ ਭਗਵਾਨ ਸਿੰਘ ਵਲੋਂ ਸਿੱਖੀ ਦੀ ਵੀ ਉਹੋ ਵਿਆਖਿਆ ਕੀਤੀ ਗਈ ਜੋ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅਨਿੱਖੜ ਅੰਗ ਸਿੱਧ ਕਰਨ ਲਈ ਹਿੰਦੂ ਵਿਦਵਾਨ ਕਰਦੇ ਆ ਰਹੇ ਹਨ! (ਇਸ ‘ਤੇ ਵਿਚਾਰ ਅੱਗੇ ਚੱਲਕੇ ਕੀਤਾ ਜਾਵੇਗਾ)
ਭਾਵੇਂ ਬਹੁਤੇ ਗ਼ਦਰੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਵਿਚ ਸ਼ਬਦ ‘ਹਿੰਦੁਸਤਾਨ’ ਦੀ ਹੀ ਜ਼ਿਆਦਾ ਵਰਤੋਂ ਕੀਤੀ ਹੈ ਪਰ ਜਿੰਨ੍ਹਾਂ ਕਵੀਆਂ ਵਲੋਂ ‘ਭਾਰਤ ਮਾਤਾ’ ਦੀ ਦੁੱਖ ਭਰੀ ਪੁਕਾਰ ਦੇ ਅਨੁਵਾਨ ਤਹਿਤ ਕਈ ਕਵਿਤਾਵਾਂ ਲਿਖੀਆਂ ਹਨ, ਉਹਨਾਂ ਵਿਚ ‘ਭਾਰਤ ਮਾਤਾ’ ਦਾ ਨਕਸ਼ਾ ਬੜੀ ਹੀ ਨਿਤਾਣੀ ਤੇ ਤਰਸਯੋਗ ‘ਬੁੱਢੜੀ’ ਵਾਲਾ ਪੇਸ਼ ਕੀਤਾ ਹੈ, ਜੋ ਸਿੱਖ ਸਾਹਿਤ, ਇਤਿਹਾਸ ਤੇ ਪਰੰਪਰਾ ਦੇ ਜੁਝਾਰੂ ਖਾਸੇ ਦਾ ਨਿਸ਼ੇਧ ਹੈ। ਜਿਵੇਂ:
‘ਮੇਰੀ ਅਰਜ਼ ਨੂੰ ਨਾਲ ਖਿਆਲ ਸੁਣਨਾ, ਮੇਰੇ ਸਿੱਖ ਹਿੰਦੂ ਮੁਸਲਮਾਨ ਵੀਰੋ।
ਪਾਜੀ ਗੋਰਿਆਂ ਨੇ ਮੈਨੂੰ ਤੰਗ ਕੀਤਾ, ਆਈ ਨੱਕ ‘ਤੇ ਮੈਂਡੜੀ ਜਾਨ ਵੀਰੋ!’
………………………………
‘ਫੌਜਾਂ ਵਾਲਿਓ ਸ਼ੇਰ ਜਵਾਨ ਮਰਦੋ,
ਸੁਣਨਾ ਬੁਢੜੀ ਦਾ ਏਹ ਸਵਾਲ ਮੇਰਾ
ਦੱਸਾਂ ਕਿਵੇਂ ਨਹੀਂ ਦੱਸਿਆ ਜਾਉਂਦਾ ਹੈ,
ਦੁੱਖ ਭਰਿਆ ਨਮਾਣੀ ਦਾ ਹਾਲ ਮੇਰਾ।
ਕਿਕੂੰ ਲਿਖਾਂ ਸ਼ੇਰੋ ਦਿਲ ਫਟਦਾ ਹੈ,
ਅੱਤ ਦੁੱਖ ਭਰਿਆ ਮੰਦਾ ਹਾਲ ਮੇਰਾ।
ਦਿਲ ਫਟ ਜਾਵੇ ਪਏ ਤੜਫ ਮਰਸੋ,
ਜੇਕਰ ਸੁਣੇ ਬੱਚਿਓ ਹਾਲ ਮੇਰਾ।’
ਸਿੱਖ ਸਾਹਿਤ ਅਤੇ ਸਭਿਆਚਾਰ ਵਿਚ ਵਸਤੂ ਸਥਿਤੀ ਦਾ ਤਰਸ ਪੈਦਾ ਕਰਕੇ ਇਸ ਤਰ੍ਹਾਂ ਭਾਵਨਾਵਾਂ ਟੁੰਬਣ (ਜਿਸ ਨੂੰ ਜਜ਼ਬਾਤੀ ਤੌਰ ‘ਤੇ ‘ਬਲੈਕਮੇਲ’ ਕਰਨਾ ਕਿਹਾ ਜਾਂਦਾ ਹੈ) ਦੀ ਮਰਨਊ ਰਵਾਇਤ ਨਹੀਂ ਹੈ, ਸਗੋਂ ਜਬਰ ਜ਼ੁਲਮ ਦੀ ਇੰਤਹਾ ਦਰਸਾ ਕੇ ਅਣਖ ਨੂੰ ਵੱਟ ਚਾੜਨ ਦੀ ਮਰਦਊ ਪ੍ਰੰਪਰਾ ਹੈ। ਦੇਖਣ ਨੂੰ ਤਾਂ ਇਹ ਸਧਾਰਣ ਗੱਲ ਲੱਗ ਸਕਦੀ ਹੈ ਕਿ ਭਾਰਤ ਨੂੰ ‘ਭਾਰਤ ਮਾਤਾ’ ਕਹਿ ਲਿਆ ਜਾਂ ‘ਭਾਰਤ ਦੇਸ’ ਕਹਿ ਲਿਆ, ਕੀ ਫ਼ਰਕ ਪੈਂਦਾ ਹੈ। ਪਰ ਅੱਜ ਦੀ ਖੋਜ ਵਿਧੀ ਅਤੇ ਕੌਮਾਂ ਦੇ ਵਿਕਾਸ ਦੇ ਨਜ਼ਰੀਏ ਤੋਂ ਇਹ ਗੱਲ ਇੰਨੀ ਸਰਲਭਾਵੀ ਨਹੀਂ ਹੈ। ਇਕ ਅਜਿਹੇ ਧਰਮ ਤੇ ਸੱਭਿਆਚਾਰ ਨਾਲ ਸਬੰਧ ਰੱਖਣ ਵਾਲੇ ਲੋਕਾਂ, ਜਿਨ੍ਹਾਂ ਵਿਚ ਬੁੱਤ ਪੂਜਾ ਦੀ ਮਨਾਹੀ ਹੈ, ਉਨ੍ਹਾਂ ਦੀ ਅਗਿਆਨਤਾ ਦਾ ਫਾਇਦਾ ਉਠਾ ਕੇ ਉਨ੍ਹਾਂ ਵਿੱਚ ਧੋਖੇ ਤੇ ਚਲਾਕੀ ਨਾਲ ਬੁੱਤ ਪੂਜਕ ਸੰਕਲਪ ਦਾਖ਼ਲ ਕਰਨੇ, ਉਨ੍ਹਾਂ ਦੇ ਭਵਿੱਖ ਲਈ ਬੜੇ ਖ਼ਤਰਨਾਕ ਸਾਬਤ ਹੁੰਦੇ ਹਨ। ਇਹਨਾਂ ਸੰਕਲਪਾਂ ਨੇ ਹੀ ਗ਼ਦਰ ਲਹਿਰ ਦੇ ਹਕੀਕੀ ਖਾਸੇ ਤੇ ਇਸ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਿਚ ਵੱਡਾ ਰੋਲ ਅਦਾ ਕੀਤਾ ਹੈ, ਜਿਸ ਬਾਰੇ ਅਸੀਂ ਅਗਾਂਹ ਚੱਲ ਕੇ ਵਿਚਾਰ ਕਰਾਂਗੇ। ਸੋ ਲਾਲਾ ਹਰਦਿਆਲ ਵੱਲੋਂ ਗ਼ਦਰ ਪਾਰਟੀ ਵਿਚ ਸਮਗਲ ਕੀਤਾ ਗਿਆ ‘ਭਾਰਤ ਮਾਤਾ’ ਦਾ ਸੰਕਲਪ ਧਰਮ ਨਿਰਪੱਖ ਨਹੀਂ ਸੀ। ਇਹ ਨੰਗੇ ਰੂਪ ਵਿਚ ਹਿੰਦੂ ਧਰਮ ਦਾ ਪੱਖ ਪੂਰਦਾ ਸੀ। ਇਸ ਕਰਕੇ ਇਹ ਦੇਸ ਦੀ ਸਮੁਚੀ ਜਨਤਾ ਲਈ ਸਰਬ ਪ੍ਰਵਾਨਤ ਨਹੀਂ ਹੋ ਸਕਦਾ ਸੀ। ਗ਼ਦਰ ਪਾਰਟੀ ਵਿਚ ਸ਼ਾਮਲ ਸਿੱਖਾਂ ਦੇ ਕੁੱਝ ਵਰਗਾਂ ਵੱਲੋਂ ਤਾਂ, ਅਪਣੀ ਧਾਰਮਿਕ ਜਾਂ ਰਾਜਸੀ ਚੇਤਨਾ ਦੀ ਘਾਟ ਕਰਕੇ, ਇਸ ਨੂੰ ਕਿਸੇ ਨਾ ਕਿਸੇ ਰੂਪ ਅਪਣਾ ਲਿਆ ਗਿਆ ਸੀ, ਖਾਸ ਕਰਕੇ ਕਾਵਿ ਰਚਨਾਵਾਂ ਵਿਚ। ਪਰ ਮੁਸਲਮਾਨ ਭਾਈਚਾਰਾ ਤਾਂ ਇਸ ਨੂੰ ਕਦਾ ਚਿੱਤ ਵੀ ਨਹੀਂ ਅਪਣਾ ਸਕਦਾ ਸੀ! ਇਹੀ ਵਜ੍ਹਾ ਹੈ ਕਿ ਗ਼ਦਰ ਪਾਰਟੀ ਵਿਚ ਮੁਸਲਮਾਨਾਂ ਦੀ ਸ਼ਮੂਲੀਅਤ ਨਾਂਹ ਦੇ ਬਰਾਬਰ ਸੀ।