Friday, May 20, 2011

‘ਲਾਲ ਕਿਲੇ’ ਦੇ ਢਹਿ ਢੇਰੀ ਹੋਣ ਦੀ ਕਹਾਣੀ

ਕਰਮਜੀਤ ਸਿੰਘ ਚੰਡੀਗੜ੍ਹ

34 ਸਾਲ ਪਹਿਲਾਂ ਬੜੀ ਮਿਹਨਤ ਮਜ਼ਦੂਰੀ ਨਾਲ ਬਣਾਇਆ ਬੰਗਾਲ ਦਾ ਲਾਲ ਕਿਲਾਆਖ਼ਰਕਾਰ 13 ਮਈ ਨੂੰ ਤਾਸ਼ ਦੇ ਪੱਤਿਆਂ ਵਾਂਗ ਢਹਿ ਢੇਰੀ ਹੋ ਗਿਆ ਅਤੇ ਜੇ ਕਿਸੇ ਰਾਜਨੀਤਕ ਵਿਦਵਾਨ ਨੇ ਇਸ ਦੇ ਬਰਬਾਦ ਹੋਣ ਦੇ ਕਾਰਨ ਲੱਭਣੇ ਹੋਣ ਤਾਂ ਪੰਜਾਬੀ ਦੇ ਇਕ ਸ਼ਾਇਰ ਦੀਆਂ ਇਹ ਸਤਰਾਂ ਸਾਡੇ ਖਾਤਰ ਛੱਡ ਕੇ ਬੇਚੈਨੀਆਂ, ਸਾਂਭ ਬੈਠੇ ਸਨ ਉਹ ਸਾਰਾ ਆਰਾਮਇਕ ਤਰ੍ਹਾਂ ਨਾਲ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਦੀਆਂ ਹਨ।

13 ਮਈ ਦੇ ਨਤੀਜਿਆਂ ਨੂੰ ਜਾਨਣ ਲਈ ਭਾਰਤ ਦੇ ਲੋਕਾਂ ਦੀਆਂ ਰਾਜਨੀਤਕ ਨਜ਼ਰਾਂ ਅਤੇ ਇਥੋਂ ਤੱਕ ਕਿ ਗ਼ੈਰ-ਰਾਜਨੀਤਕ ਨਜ਼ਰਾਂ ਨੂੰ ਵੀ ਨਾ ਤਾਂ ਤਾਮਿਲਨਾਡੂ ਵਿਚ ਬਹੁਤ ਦਿਲਚਸਪੀ ਸੀ, ਕਿਉਂਕਿ ਉਥੇ ਦਹਾਕਿਆਂ ਤੋਂ ਵਾਰੀ ਦੀ ਰਾਜਨੀਤੀਦਾ ਤੋਹਫ਼ਾ ਕਦੇ ਡੀ.ਐਮ.ਕੇ. ਅਤੇ ਅੰਨਾ ਡੀ.ਐਮ.ਕੇ. ਦੀ ਝੋਲੀ ਵਿਚ ਹੀ ਪੈਂਦਾ ਆ ਰਿਹਾ ਹੈ। ਇਹੋ ਹਾਲ ਕੇਰਲਾ ਦਾ ਹੈ ਅਤੇ ਆਸਾਮ ਤੇ ਪਾਂਡੂਚੇਰੀ ਦੇ ਨਤੀਜੇ ਵੀ ਹਿੰਦੋਸਤਾਨ ਦੀ ਰਾਜਨੀਤਕ ਤਸਵੀਰ ਵਿਚ ਕੋਈ ਵੱਡੀ ਉਥਲ-ਪੁਥਲ ਨਹੀਂ ਕਰਦੇ। ਪਰ 13 ਮਈ ਨੂੰ ਸਭਨਾਂ ਦੀਆਂ ਨਿਗਾਹਾਂ ਟੈਗੋਰ ਦੀ ਉਸ ਧਰਤੀ ਵੱਲ ਲੱਗੀਆਂ ਹੋਈਆਂ ਸਨ, ਜਿੱਥੇ ਲਾਲ ਪੰਛੀਆਂ ਨੇ 34 ਸਾਲ ਦੇ ਰਾਜ ਵਿਚ ਕਿਸੇ ਨੂੰ ਵੀ ਨੇੜੇ ਤੇੜੇ ਨਹੀਂ ਸੀ ਫਟਕਣ ਦਿੱਤਾ। ਜਮਹੂਰੀਅਤ ਦੇ ਵਰਤਮਾਨ ਯੁੱਗ ਵਿਚ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਕਿਸੇ ਵੀ ਸੂਬੇ ਨੇ ਏਨੇ ਲੰਮੇ ਅਰਸੇ ਤੱਕ ਤੇ ਏਨੇ ਜਾਹੋ ਜਲਾਲ ਨਾਲ ਲਗਾਤਾਰ ਹਕੂਮਤ ਨਹੀਂ ਸੀ ਕੀਤੀ ਜਿੰਨੀ ਲੰਮੀ ਹਕੂਮਤ ਕਰਨ ਦਾ ਸਿਹਰਾ ਸੀਪੀਐਮ ਨੂੰ ਮਿਲਿਆ। ਰਾਜਨੀਤਕ ਤੇ ਸਮਾਜ ਵਿਗਿਆਨ ਵਿਚ ਦਿਲਚਸਪੀ ਲੈਣ ਵਾਲੇ ਗੰਭੀਰ ਵਿਦਿਆਰਥੀਆਂ ਲਈ ਵੀ ਇਹ ਵਰਤਾਰਾ ਖੋਜ ਦਾ ਵਿਸ਼ਾ ਬਣ ਚੁੱਕਾ ਸੀ ਕਿ ਆਖ਼ਰਕਾਰ ਉਹ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਜਮਹੂਰੀਅਤ ਦੀਆਂ ਤੋਪਾਂ ਵੀ ਪੱਛਮੀ ਬੰਗਾਲ ਦੇ ਕਿਲੇ ਵਿਚ ਮਘੋਰੇ ਨਹੀਂ ਸਨ ਕਰ ਸਕੀਆਂ।

ਹੁਣ ਜਦੋਂ ਕਿ ਕਿਲਾ ਢਹਿ ਚੁੱਕਾ ਹੈ ਤੇ ਇਸ ਦੇ ਖੰਡਰਾਂ ਤੇ ਖੜੇ ਰਾਜਨੀਤਕ ਇਤਿਹਾਸਕਾਰ ਇਸ ਘਟਨਾ ਨੂੰ 21ਵੀਂ ਸਦੀ ਦੇ ਇਤਿਹਾਸਕ ਮੋੜਾਂ (ਟਰਨਿੰਗ ਪੁਆਇੰਟਸ) ਵਿਚ ਸ਼ੁਮਾਰ ਕਰ ਲੈਣਗੇ।

ਖ਼ਲਕਤ ਦੇ ਦਿਲਾਂ ਨੂੰ ਦੁਖੀ ਕਰਨ ਵਾਲੀਆਂ ਹਕੂਮਤਾਂ ਦਾ ਇਤਿਹਾਸ ਜੇ ਸਾਡੀਆਂ ਯਾਦਾਂ ਵਿਚ ਜਗਦਾ ਮਘਦਾ ਰਹੇ ਤਾਂ ਸ਼ੁੱਕਰਵਾਰ ਵਾਲੇ ਦਿਨ ਪੱਛਮੀ ਬੰਗਾਲ ਵਿਚ ਹੋਈ ਕਾਮਰੇਡਾਂ ਦੀ ਤਬਾਹੀ ਨੂੰ 90ਵਿਆਂ ਦੇ ਮੱਧ ਵਿਚ ਸੋਵੀਅਤ ਯੂਨੀਅਨ ਵਿਚ ਸਮਾਜਵਾਦ ਦੀ ਤਬਾਹੀ ਨਾਲ ਜੇ ਮੇਲ ਕੇ ਵੇਖਿਆ ਜਾਵੇ ਤਾਂ ਸਾਡੀ ਅੰਤਰਰਾਸ਼ਟਰੀ ਸਮਝ ਦੀਆਂ ਕਈ ਪਰਤਾਂ ਵਧੇਰੇ ਰੋਸ਼ਨ ਹੋ ਜਾਣਗੀਆਂ। ਹੁਣ ਬੰਗਾਲ ਦੇ ਉਸ ਲਾਲ ਕਿਲੇ ਵਿਚ ਬੰਦ ਮਾਰਕਸਵਾਦ-ਲੈਨਿਨਵਾਦ ਦੇ ਪੈਰੋਕਾਰ ਪਿਛਲੇ ਦਹਾਕਿਆਂ ਵਿਚ ਕੀ ਕੀ ਗੁੱਲ ਖਿਲਾਉਂਦੇ ਰਹੇ ਸਨ, ਉਸ ਦੀਆਂ ਸੱਚੀਆਂ ਸਾਖੀਆਂ, ਉਸੇ ਤਰ੍ਹਾਂ ਬਾਹਰ ਆਉਣੀਆਂ ਸ਼ੁਰੂ ਹੋ ਰਹੀਆਂ ਹਨ, ਜਿਵੇਂ ਅਸੀਂ ਸਾਬਕਾ ਸੋਵੀਅਤ ਯੂਨੀਅਨ ਦੇ ਡਿੱਗਣ ਸਮੇਂ ਸਟਾਲਨ ਤੇ ਉਸ ਦੀ ਬਦਨਾਮ ਕੇ ਜੀ ਬੀ ਦੇ ਜ਼ੁਲਮਾਂ ਦੀਆਂ ਕਹਾਣੀਆਂ ਸੁਣਦੇ ਤੇ ਪੜ੍ਹਦੇ ਸਾਂ ਤੇ ਮਨ ਹੀ ਮਨ ਵਿਚ ਹੈਰਾਨ ਤੇ ਉਦਾਸ ਵੀ ਹੁੰਦੇ ਸਾਂ।

ਤਾਂ ਫਿਰ ਕੀ ਇਹ ਕਹਿ ਲਿਆ ਜਾਵੇ ਕਿ ਇਨ੍ਹਾਂ ਖੱਬੇਪੱਖੀਆਂਵਿਚ ਖੱਬੇਪੱਖੀ ਵਾਲੀ ਕੋਈ ਗੱਲ ਨਹੀਂ ਸੀ ਰਹਿ ਗਈ? ਸੱਚ ਤਾਂ ਇਹ ਹੈ ਕਿ ਉਹ ਨਾਂ ਦੇ ਹੀ ਖੱਬੇ ਪੱਖੀ ਸਨ। ਇਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਖੱਬੇਪੱਖੀਸ਼ਬਦ ਫਰਾਂਸ ਵਿਚ ਉਸ ਸਮੇਂ ਪ੍ਰਚਲਤ ਹੋਇਆ ਜਦੋਂ ਫਰਾਂਸ ਦੀ ਨੈਸ਼ਨਲ ਅਸੈਂਬਲੀ ਵਿਚ (1789-91) ਵਜ਼ੀਰ, ਰਾਜ ਕੁਮਾਰ ਤੇ ਚਮਚੇ ਰਾਸ਼ਟਰਪਤੀ ਦੇ ਸੱਜੇ ਪਾਸੇ ਬੈਠਦੇ ਸਨ ਤੇ ਜਨਤਾ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੇ ਗਰਮ ਖਿਆਲੀਏ ਸਮਾਜਵਾਦੀ ਪ੍ਰਤੀਨਿਧ ਰਾਸ਼ਟਰਪਤੀ ਦੇ ਖੱਬੇ ਪਾਸੇ ਬੈਠਦੇ ਸਨ। ਬਹੁਤ ਚਿਰ ਪਹਿਲਾਂ ਦੀ ਗੱਲ ਹੈ ਕਿ ਰੋਮ ਦੀ ਸਲਤਨਤ ਵਿਚ ਪਾਰਲੀਮੈਂਟ ਅੰਦਰ ਦਾ ਕੁਝ ਇਸ ਤਰ੍ਹਾਂ ਦਾ ਸਿਲਸਿਲਾ ਹੀ ਲਾਗੂ ਹੁੰਦਾ ਸੀ। ਅਜਿਹੀ ਸਥਿਤੀ ਵਿਚ ਭਲਾ ਅਸੀਂ ਬੰਗਾਲ ਦੇ ਕਾਮਰੇਡਾਂ ਨੂੰ ਕਿਹੜੇ ਖਾਤੇ ਵਿਚ ਪਾਈਏ? ਸੱਜੇ ਪੱਖੀ ਉਹ ਅਖਵਾਉਣਾ ਨਹੀਂ ਚਾਹੁੰਣਗੇ ਤੇ ਖੱਬੇਪੱਖੀ ਉਹ ਰਹਿ ਨਹੀਂ ਗਏ। ਜਿਹੜੇ ਇਹ ਦਾਅਵੇ ਕਰਿਆ ਕਰਦੇ ਸਨ ਕਿ ਰਾਜਨੀਤਕ ਤੇ ਸਮਾਜਿਕ ਚਾਨਣ ਦੀ ਚਾਦਰ ਅਸੀਂ ਸਾਰੇ ਹਿੰਦੋਸਤਾਨ ਵਿਚ ਵਿਛਾ ਦੇਣੀ ਹੈ ਤੇ ਜਿਨ੍ਹਾਂ ਬਾਰੇ ਇਹ ਖੂਬਸੂਰਤ ਭਰਮ ਸਥਾਪਤ ਕਰ ਦਿੱਤਾ ਗਿਆ ਸੀ ਕਿ ਰਾਜਨੀਤਕ ਦਰਸ਼ਨ ਦੇ ਹੀਰੇ ਮੋਤੀ ਕਾਮਰੇਡਾਂ ਦੀ ਹੱਟੀ ਤੋਂ ਹੀ ਖਰੀਦੇ ਜਾ ਸਕਦੇ ਹਨ, ਉਨ੍ਹਾਂ ਨੂੰ ਇਤਿਹਾਸ ਨੇ ਕਿਵੇਂ ਮੂਧੜੇ ਮੂੰਹ ਸਿੱਟਿਆ ਕਿ ਉਨ੍ਹਾਂ ਨੂੰ ਪਾਣੀ ਮੰਗਣ ਜੋਗੇ ਨਹੀਂ ਛੱਡਿਆ। 13 ਮਈ ਨੂੰ ਇਹ ਭੇਦ ਜੱਗ ਜ਼ਾਹਰ ਹੋਇਆ ਕਿ ਕਾਮਰੇਡ ਭਰਾ ਲੋਕਾਂ ਦੀਆਂ ਅੱਖਾਂ ਤੇ ਪੱਟੀਆਂ ਬੰਨ੍ਹਣ ਪਿਛੋਂ ਹੀ ਉਨ੍ਹਾਂ ਦੀਆਂ ਤਲੀਆਂ ਤੇ ਚਿਰਾਗ਼ ਧਰਿਆ ਕਰਦੇ ਸਨ।

ਆਰੰਭ ਵਿਚ ਜਦੋਂ ਜਨਤਾ ਨੂੰ ਉਨ੍ਹਾਂ ਨੂੰ ਰਾਜ ਸਿੰਘਾਸਣ ਤੇ ਬਿਠਾਇਆ ਤਾਂ ਉਸ ਦੌਰ ਵਿਚ ਜਨਤਾ ਦੀ ਸੇਵਾ ਕਰਨ ਦਾ ਚਾਅ ਵੀ ਉਨ੍ਹਾਂ ਅੰਦਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਉਸ ਦੌਰ ਵਿਚ ਦੋ ਵੱਡੇ ਕਾਰਨਾਮੇ ਉਨ੍ਹਾਂ ਨੇ ਕੀਤੇ, ਜੋ ਦਿਲਾਂ ਦੀ ਮਿੱਟੀ ਵਿਚ ਸਦਾ ਜ਼ਿੰਦਾ ਰਹਿਣਗੇ। ਇਕ, ਹਕੂਮਤ ਕਰਨ ਦੀ ਜ਼ਿੰਮੇਵਾਰੀ ਤੇ ਅਧਿਕਾਰ ਸੱਚਮੁੱਚ ਹੀ ਪੰਚਾਇਤਾਂ ਨੂੰ ਸੌਂਪ ਦਿੱਤੇ ਅਤੇ ਦੂਜਾ ਤਿੱਖੇ ਜ਼ਮੀਨੀ ਸੁਧਾਰਾਂ ਨੇ ਕਿਸਾਨਾਂ ਵਿਚ ਸਵੈ-ਭਰੋਸੇ ਅਤੇ ਉਤਸ਼ਾਹ ਦੀ ਨਵੀਂ ਜਾਗ ਲਾਈ। ਜਨਤਾ ਦੇ ਇਨ੍ਹਾਂ ਅਹਿਮ ਹਿੱਸਿਆਂ ਵਿਚ ਉਹ ਦਿਲਾਂ ਦੇ ਮਹਿਰਮ ਬਣ ਗਏ ਤੇ ਕਈ ਵਾਰ ਉਹ ਇਸ ਬਾਦਸ਼ਾਹਤ ਦਾ ਆਨੰਦ ਮਾਣਦੇ ਮਾਣਦੇ ਇਕ ਦਿਨ ਕੇਵਲ ਆਪਣੇ ਨਿੱਜੀ ਆਨੰਦ ਦੀ ਤਲਾਸ਼ ਵਿਚ ਹੀ ਏਨੀ ਦੂਰ ਨਿਕਲ ਗਏ, ਏਨੀ ਦੂਰ ਨਿਕਲ ਗਏ ਕਿ ਉਹ ਸਮਾਂ ਆ ਗਿਆ ਜਦੋਂ ਇਕ ਪਾਸੇ ਪਾਰਟੀਸੀ ਅਤੇ ਦੂਜੇ ਪਾਸੇ ਸਾਰਾ ਬੰਗਾਲ। ਸਭ ਸਹੂਲਤਾਂ, ਐਸ਼ੋ ਆਰਾਮ ਅਤੇ ਮੌਜਾਂ ਤੇ ਪਾਰਟੀਦਾ ਕਬਜ਼ਾ ਅਤੇ ਜਾਂ ਫਿਰ ਪਾਰਟੀ ਦੇ ਦਲਾਲਾਂ ਦਾ ਜਦਕਿ ਦੂਜੇ ਪਾਸੇ ਬੰਗਾਲ ਦੇ ਉਹ ਉਜੜੇ ਪੁਜੜੇ ਲੋਕ ਸਨ ਜਿਨ੍ਹਾਂ ਨੇ ਕਦੇ ਉਨ੍ਹਾਂ ਦੇ ਸਿਰਾਂ ਤੇ ਤਾਜ ਰੱਖਿਆ ਸੀ।  ਇਨ੍ਹਾਂ ਲੋਕਾਂ ਵਿਚ ਮਧ ਵਰਗ ਦੇ ਲੱਖਾਂ ਲੋਕ ਵੀ ਸ਼ਾਮਲ ਹੋ ਗਏ ਜਿਨ੍ਹਾਂ ਬਾਰੇ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਕਿਸੇ ਵੀ ਵੱਡੇ ਰਾਜਨੀਤਕ ਭੁਚਾਲ ਵਿਚ ਉਨ੍ਹਾਂ ਦਾ ਧੋਬੀ ਪੱਟੜਾ ਇਤਿਹਾਸਕ ਰੋਲ ਅਦਾ ਕਰਦਾ ਹੈ।

ਚੁੱਪ ਰਹਿ ਕੇ ਵਿਰੋਧ ਕਰਨ ਵਾਲਿਆਂ ਨੂੰ ਵੀ ਇੰਞ ਲੱਗਿਆ ਕਿ ਬਦਲਾ ਲੈਣ ਦਾ ਸੁਨਹਿਰੀ ਮੌਕਾ ਹੁਣ ਹੀ ਹੈ। ਵੱਡੇ ਵੱਡੇ ਲੋਕਾਂ ਨੂੰ ਵੀ ਜਾਪਿਆ ਕਿ ਕਾਮਰੇਡਾਂ ਨੂੰ ਸਬਕ ਸਿਖਾਉਣ ਦਾ ਮੌਕਾ ਜੇ ਹੁਣ ਹਾਸਲ ਨਾ ਕੀਤਾ ਗਿਆ ਤਾਂ ਫਿਰ ਇਹ ਕਦੇ ਨਹੀਂ ਮਿਲੇਗਾ ਤੇ ਇੰਞ ਇਹ ਲਾਲ ਕਿਲਾ ਢਹਿ ਢੇਰੀ ਹੋ ਗਿਆ।

ਲਾਲ ਕਿਲੇ ਵਿਚੋਂ ਦੁਖੀ ਕਰਨ ਵਾਲਾ ਇਕ ਹੋਰ ਭੇਦ ਖੁੱਲ੍ਹਿਆ ਹੈ ਜੋ ਇਸ ਪਾਰਟੀ ਦੀ ਨਿੱਘਰ ਰਹੀ ਹਾਲਤ ਨੂੰ ਪ੍ਰਗਟ ਕਰਦਾ ਹੈ। ਸੁੰਦਰਬਨ ਬੰਗਾਲ ਦਾ ਦੱਖਣੀ ਹਿੱਸਾ ਹੈ ਅਤੇ ਇਸ ਇਲਾਕੇ ਦੀ ਧਰਤੀ ਸੇਮ ਦੀ ਮਾਰੀ ਹੋਈ ਹੈ। ਹੁਗਲੀ ਦਰਿਆ ਦੇ ਨਾਲ ਲਗਦੀ ਇਸ ਧਰਤੀ ਦਾ ਇਕ ਹਿੱਸਾ ਬੰਗਲਾ ਦੇਸ਼ ਦੀ ਹੱਦ ਵੀ ਟੱਪ ਜਾਂਦਾ ਹੈ। ਦੋ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਇਸ ਇਲਾਕੇ ਵਿਚ ਭਾਰੀ ਗੜ੍ਹੇਮਾਰੀ ਹੋਈ, ਜਿਸ ਨਾਲ ਪੰਜ ਲੱਖ ਲੋਕ ਬੇਘਰ ਹੋ ਗਏ। ਗਾਰੇ ਤੇ ਘਾਹ ਫੂਸ ਨਾਲ ਬਣੀਆਂ ਉਨ੍ਹਾਂ ਦੀਆਂ ਝੌਂਪੜੀਆਂ ਰੜਾ ਮੈਦਾਨ ਬਣ ਗਈਆਂ। ਦਰਿਆਵਾਂ ਵਿਚ ਆਏ ਹੜ੍ਹ ਨੇ ਬੰਨ੍ਹ ਤੋੜ ਦਿੱਤੇ ਜਿਸ ਨਾਲ ਫਸਲਾਂ ਤਬਾਹ ਹੋ ਗਈਆਂ। ਕਾਮਰੇਡਾਂ ਦੀ ਹਕੂਮਤ ਨੇ ਕਦੇ ਵੀ ਇਨ੍ਹਾਂ ਬੰਨ੍ਹਾਂ ਨੂੰ ਪੱਕੇ ਕਰਨ ਦੀ ਲੋੜ ਨਹੀਂ ਸਮਝੀ। ਜੇ ਇਨ੍ਹਾਂ ਨੂੰ ਇਕ ਵਾਰ ਪੱਕੇ ਕੀਤਾ ਵੀ ਤਾਂ ਉਹ ਵੀ ਇਕ ਐਨæਜੀææ ਦੀ ਸੰਸਥਾ ਨੇ। ਤੂਫ਼ਾਨ ਤੋਂ ਪਿਛੋਂ ਲੋਕ ਭੁੱਖੇ ਮਰਨ ਲੱਗੇ। ਸਾਫ਼ ਪਾਣੀ ਵੀ ਮਿਲਣਾ ਮੁਸ਼ਕਲ ਹੋ ਗਿਆ। ਬਲਾਕ ਦਫਤਰਾਂ ਵਿਚ ਬਲੀਚਿੰਗ ਪਾਊਡਰ ਤੇ ਪਾਣੀ ਸਾਫ਼ ਕਰਨ ਵਾਲੀਆਂ ਗੋਲੀਆਂ ਦੇ ਢੇਰਾਂ ਤੇ ਅਫ਼ਸਰ ਬੈਠ ਗਏ। ਰੋਟੀ ਖਾਣ ਨੂੰ ਨਹੀਂ ਸੀ ਮਿਲ ਰਹੀ। ਕੁਝ ਵੀ ਨਹੀਂ ਸੀ ਰਹਿ ਗਿਆ ; ਨਾ ਸਿਰਾਂ ਤੇ ਛੱਤ, ਨਾ ਕੱਪੜੇ, ਨਾ ਬਰਤਨ, ਨਾ ਕਿਤਾਬਾਂ ਤੇ ਨਾ ਹੀ ਮੱਛਰਦਾਨੀਆਂ।

ਪਰ ਕੁਝ ਘਰ ਅਜੇ ਵੀ ਬਚੇ ਹੋਏ ਸਨ। ਹੈਰਾਨੀ ਵਾਲੀ ਦਿਲਚਸਪ ਹਕੀਕਤ ਇਹ ਹੈ ਕਿ ਇਹ ਘਰ ਸੀਮਿੰਟ ਤੇ ਬਜਰੀ ਦੇ ਬਣੇ ਹੋਏ ਸਨ। ਇਨ੍ਹਾਂ ਘਰਾਂ ਦੀਆਂ ਚਾਰਦੀਵਾਰਾਂ ਪਿੱਛੇ ਰਹਿਣ ਵਾਲੇ ਲੋਕ ਸੀਪੀਐਮ ਪਾਰਟੀ ਨਾਲ ਸਬੰਧ ਰੱਖਦੇ ਸਨ। ਗਰੀਬਾਂ ਤੇ ਨਿਆਸਰਿਆਂ ਦਾ ਸਹਾਰਾ ਸਮਝੀ ਜਾਣ ਵਾਲੀ ਪਾਰਟੀ ਦੇ ਇਨ੍ਹਾਂ ਲੋਕਾਂ ਨੂੰ ਇਸ ਗੱਲ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਕਿ ਉਨ੍ਹਾਂ ਦੇ ਇਰਦ ਗਿਰਦ ਪੰਜ ਲੱਖ ਲੋਕ ਭੁੱਖੇ ਮਰ ਰਹੇ ਹਨ। ਗੱਲ ਕੀ ਪਿੰਡਾਂ ਦੇ ਲੋਕ ਦੋ ਹਿੱਸਿਆਂ ਵਿਚ ਵੰਡੇ ਗਏ। ਇਕ ਜਿਹੜੇ ਪਾਰਟੀ ਵਾਲੇਅਤੇ ਦੂਜੇ ਜਿਹੜੇ ਪਾਰਟੀ ਵਾਲੇ ਨਹੀਂ ਸਨ। ਖੁੱਲੇ ਆਕਾਸ਼ ਵਿਚ ਦਿਨ ਕਟੀ ਕਰ ਰਹੀਆਂ ਔਰਤਾ ਕੋਲ ਸਰੀਰ ਤੇ ਪਹਿਨਣ ਲਈ ਕੇਵਲ ਇਕੋ ਇਕ ਸਾੜੀ ਸੀ।

ਫਿਰ ਇਕ ਹੋਰ ਕਹਿਰ ਟੁੱਟਿਆ। ਕਲਕੱਤਾ ਦੇ ਕੁਝ ਨੌਜਵਾਨਾਂ ਦੇ ਦਿਲ ਅੰਦਰ ਇਨ੍ਹਾਂ ਲੋਕਾਂ ਲਈ ਹਮਦਰਦੀ ਜਾਗੀ। ਉਨ੍ਹਾਂ ਨੇ ਖਾਣ ਪੀਣ ਦਾ ਸਾਮਾਨ ਇਕੱਠਾ ਕੀਤਾ ਤੇ ਇਕ ਬੱਸ ਵਿਚ ਲੱਦ ਲਿਆ ਅਤੇ ਉਹ ਸੁੰਦਰਬਨ ਵੱਲ ਰਵਾਨਾ ਹੋ ਗਏ। ਜਿਉਂ ਹੀ ਬੱਸ ਆਪਣੇ ਟਿਕਾਣੇ ਤੇ ਪਹੁੰਚੀ, ਕੁਝ ਦਾਦਾ ਲੋਕਅਚਾਨਕ ਪ੍ਰਗਟ ਹੋ ਗਏ। ਉਨ੍ਹਾਂ ਨੇ ਸਾਰਾ ਸਾਮਾਨ ਉਤਾਰ ਲਿਆ ਅਤੇ ਇਸ ਸਾਮਾਨ ਨੂੰ ਸਕੂਲ ਵਿਚ ਰੱਖ ਕੇ ਕਮਰਿਆਂ ਨੂੰ ਜੰਦਰੇ ਮਾਰ ਦਿੱਤੇ ਅਤੇ ਐਲਾਨ ਕੀਤਾ ਕਿ ਉਹ ਖੁਦ ਇਹ ਫੈਸਲਾ ਕਰਨਗੇ ਕਿ ਖਾਣ ਪੀਣ ਦਾ ਸਾਮਾਨ ਕਿਸ ਨੂੰ ਦੇਣਾ ਹੈ ਤੇ ਕਿਸ ਨੂੰ ਨਹੀਂ ਦੇਣਾ। ਇਹ ਦਾਦਾ ਲੋਕਸੀਪੀਐਮ ਦੇ ਬੌਸ ਆਖੇ ਜਾਂਦੇ ਸਨ। ਮੁੱਕਦੀ ਗੱਲ, ਵਿਚਾਰੇ ਪਰਉਪਕਾਰੀ ਨੌਜਵਾਨ ਬੇਵਸ ਹੋ ਗਏ ਕਿਉਂਕਿ ਖਾਣ ਪੀਣ ਦੇ ਸਾਮਾਨ ਤੇ ਸੀਪੀਐਮ ਵਾਲਿਆਂ ਨੇ ਕਬਜ਼ਾ ਕਰ ਲਿਆ ਸੀ।

ਹੋਰ ਸੁਣੋ। ਖੱਬੇਪੱਖੀ ਸਰਕਾਰ ਨੇ ਪ੍ਰਾਇਮਰੀ ਸਕੂਲਾਂ ਵਿਚੋਂ ਅੰਗਰੇਜ਼ੀ ਦੀ ਪੜ੍ਹਾਈ ਖਤਮ ਕਰ ਦਿੱਤੀ। ਜਦਕਿ ਉਨ੍ਹਾਂ ਦੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਸਨ। ਕਹਿੰਦੇ ਹਨ ਕਿ ਇਹ ਸਭ ਕੁਝ ਤਾਂ ਕੀਤਾ ਗਿਆ ਤਾਂ ਜੋ ਇਹ ਬੱਚੇ ਬੰਗਾਲ ਵਿਚ ਹੀ ਬੰਦ ਰਹਿਣ ਤੇ ਬਾਹਰਲੀ ਦੁਨੀਆਂ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਾ ਲੱਗ ਸਕੇ। ਇੰਞ ਅੰਗਰੇਜ਼ੀ ਪੜ੍ਹਨ ਲਿਖਣ ਵਾਲੇ ਕਾਮਰੇਡਾਂ ਨੂੰ ਉਨ੍ਹਾਂ ਤੇ ਸਦਾ ਲਈ ਰਾਜ ਕਰਨ ਦਾ ਮੌਕਾ ਮਿਲਦਾ ਰਹੇਗਾ। ਇਸ ਸਾਲ ਦੇ ਸ਼ੁਰੂ ਵਿਚ ਖੱਬੇਪੱਖੀ ਸਰਕਾਰ ਨੇ ਅਧਿਆਪਕਾਂ ਦੀ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ। ਇਕ ਪੱਤਰਕਾਰ ਨੇ ਇਕ ਅਧਿਆਪਕ ਨੂੰ ਪੁੱਛਿਆ ਕਿ ਕੀ ਉਸ ਦਾ ਆਪਣਾ ਬੱਚਾ ਸਰਕਾਰੀ ਸਕੂਲ ਵਿਚ ਪੜ੍ਹਦਾ ਹੈ? ਅਧਿਆਪਕ ਨੇ ਝੱਟ ਪੱਟ ਜਵਾਬ ਦਿੱਤਾ, ‘ਸਵਾਲ ਹੀ ਪੈਦਾ ਨਹੀਂ ਹੁੰਦਾ। ਸਰਕਾਰੀ ਸਕੂਲਾਂ ਵਿਚ ਰਹਿ ਹੀ ਕੀ ਗਿਆ ਹੈ-ਨਾ ਕਮਰੇ, ਨਾ ਸਫ਼ਾਈ, ਨਾ ਬਲੈਕ ਬੋਰਡ, ਨਾ ਡੈਸਕ, ਨਾ ਕੁਰਸੀ ਅਤੇ ਨਾ ਬੈਠਣ ਲਈ ਤੱਪੜ। ਇਥੋਂ ਤੱਕ ਕਿ ਅਧਿਆਪਕ ਵੀ ਇਨ੍ਹਾਂ ਸਕੂਲਾਂ ਵਿਚ ਕਦੇ ਕਦੇ ਹੀ ਜਾਂਦੇ ਹਨ।ਇੰਝ ਇਹ ਪਾਰਟੀ ਗਰੀਬਾਂ ਦੁਆਰਾ ਚੁਣੀ ਗਈ ਗਰੀਬਾਂ ਲਈ ਪਾਰਟੀ ਨਹੀਂ ਸੀ ਰਹਿ ਗਈ। ਇਹ ਤਾਂ ਵੱਡਿਆਂ ਵੱਡਿਆਂ ਦੀ ਪਾਰਟੀ ਬਣ ਗਈ ਸੀ ਜਿਨ੍ਹਾਂ ਦੇ ਬੱਚੇ ਜਾਂ ਤਾਂ ਅੰਗਰੇਜ਼ੀ ਸਕੂਲ ਵਿਚ ਪੜ੍ਹਦੇ ਹਨ ਤੇ ਜਾਂ ਫਿਰ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਵਿਚ ਅਤੇ ਜਾਂ ਫਿਰ ਬਾਹਰ ਹੀ ਮੌਜਾਂ ਮਾਣਦੇ ਹੋਏ ਉਥੇ ਹੀ ਰਸ ਵਸ ਗਏ ਸਨ।

ਪੱਛਮੀ ਬੰਗਾਲ ਦੀ ਇਸੇ ਹੀ ਰਾਜਨੀਤਕ ਉਦਾਸੀ ਤੇ ਨਿਰਾਸ਼ਤਾ ਵਿਚੋਂ ਉਸ ਔਰਤ ਨੇ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ, ਜਿਸ ਨੂੰ ਬੰਗਾਲ ਦੀ ਦੀਦੀਕਿਹਾ ਜਾਂਦਾ ਹੈ। ਮਮਤਾ ਬੈਨਰਜੀ ਦੇ ਨਾਂ ਨਾਲ ਜਾਣੀ ਜਾਂਦੀ ਇਹ ਔਰਤ ਭਾਵੇਂ ਗੁਸੈਲ ਸੁਭਾਅ ਦੀ ਮਾਲਕ ਹੈ ਪਰ 34 ਸਾਲ ਤੋਂ ਪੱਕੀ ਤਰ੍ਹਾਂ ਡੇਰਾ ਜਮ੍ਹਾਂ ਕੇ ਬੈਠੀ ਸੀਪੀਐਮ ਵਰਗੀ ਮਜ਼ਬੂਤ ਪਾਰਟੀ ਨੂੰ ਉਖਾੜਨ ਲਈ ਇਹੋ ਜਿਹਾ ਅੱਖੜ ਸੁਭਾਅ ਹੀ ਮੁਕਾਬਲਾ ਕਰ ਸਕਦਾ ਸੀ। ਛੇ ਭਰਾਵਾਂ ਭੈਣਾਂ ਵਿਚ ਸਭ ਤੋਂ ਵੱਡੀ ਮਮਤਾ ਬੈਨਰਜੀ ਗੁਰਬਤ ਦੇ ਮਾਹੌਲ ਵਿਚੋਂ ਉਭਰੀ ਤੇ ਜਵਾਨ ਹੋਈ ਤੇ ਇਕ ਦਿਨ ਬੰਗਾਲ ਦੀ ਰਾਜਨੀਤੀ ਵਿਚ ਛਾ ਗਈ। 29 ਸਾਲ ਦੀ ਉਮਰ ਵਿਚ ਉਸ ਨੇ ਕਾਂਗਰਸ ਉਮੀਦਵਾਰ ਵਜੋਂ ਸੀਪੀਐਮ ਦੇ ਧਨੰਤਰ ਸੋਮਨਾਥ ਚੈਟਰਜੀ ਨੂੰ ਹਰਾਇਆ ਜੋ ਮਗਰੋਂ ਲੋਕ ਸਭਾ ਦੇ ਸਪੀਕਰ ਵੀ ਬਣੇ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਕਾਂਗਰਸ ਨੇ ਵੀ ਸੀਪੀਐਮ ਦੀ ਲੱਤ ਹੇਠੋਂ ਲੰਘਣਾ ਪ੍ਰਵਾਨ ਕਰ ਲਿਆ ਸੀ। ਪਰ ਮਮਤਾ ਏਕਲਾ ਚਲੋ ਰੇਦੇ ਸਿੱਧਾਂਤ ਤੇ ਦ੍ਰਿੜ ਹੋ ਕੇ ਪਹਿਰਾ ਦਿੰਦੀ ਰਹੀ। ਅਜੇ ਵੀ ਉਸ ਦੇ ਦੋ ਮੰਜ਼ਿਲਾ ਸਾਧਾਰਨ ਘਰ ਵਿਚ ਪਾਰਟੀ ਦਾ ਦਫ਼ਤਰ ਵੀ ਚਲਦਾ ਹੈ ਤੇ ਘਰ ਵੀ। ਗਰੀਬੀ ਦੇ ਇਕ ਦੌਰ ਵਿਚ ਉਸ ਕੋਲ ਵਧੀਆ ਸਾੜੀਆਂ ਖਰੀਦਣ ਲਈ ਪੈਸਾ ਨਹੀਂ ਸੀ। ਇਸ ਲਈ ਉਸ ਨੇ ਕੌਟਨ ਦੀ ਸਾੜੀ ਨਾਲ ਹੀ ਗੁਜ਼ਾਰਾ ਕੀਤਾ ਅਤੇ ਇਹੋ ਸਾੜੀ ਉਸ ਦੀ ਇਤਿਹਾਸਕ ਸਾਦਗੀ ਦਾ ਪ੍ਰਤੀਕ ਬਣ ਗਈ ਤੇ ਇਸੇ ਪਹਿਰਾਵੇ ਨਾਲ ਹੀ ਉਸ ਦੇ ਕਾਫ਼ਲੇ ਵਿਚ ਰਲਣ ਵਾਲਿਆਂ ਦੀ ਗਿਣਤੀ ਵੀ ਵਧਦੀ ਗਈ। ਕੌਣ ਕਹਿ ਸਕਦਾ ਸੀ ਕਿ ਮਧਰੇ ਕੱਦ ਦੀ ਇਹ ਮਾੜਕੂ ਜਿਹੀ ਔਰਤ ਇਕ ਉਸ ਵੱਡੇ ਜਾਲ਼ ਨੂੰ ਤੋੜ ਸੁੱਟੇਗੀ, ਜਿਸ ਦੀਆਂ ਮਜ਼ਬੂਤ ਤੇ ਗੁੰਝਲਦਾਰ ਤੰਦਾਂ ਨੂੰ ਤੋੜਨ ਤੋਂ ਹਰ ਕੋਈ ਤਰਹਿੰਦਾ ਸੀ। ਅੱਜ ਵੀ ਉਹ ਰਾਤ ਦੇ ਤਿੰਨ ਵਜੇ ਤੋਂ ਪਹਿਲਾਂ ਨਹੀਂ ਸੌਂਦੀ ਅਤੇ ਪਾਰਟੀ ਦੇ ਕੰਮਾਂ ਵਿਚ ਰੁਝੀ ਰਹਿੰਦੀ ਹੈ। ਉਸ ਨੂੰ ਇਹ ਵੀ ਯਾਦ ਹੈ ਕਿ ਕਿਵੇਂ ਇਕ ਦਿਨ ਪੱਛਮੀ ਬੰਗਾਲ ਦੇ ਸਕੱਤਰੇਤ ਰਾਈਟਰਜ਼ ਬਿਲਡਿੰਗਅੱਗੇ ਇਕ ਵਿਖਾਵੇ ਦੌਰਾਨ ਪੁਲਿਸ ਉਸ ਨੂੰ ਘਸੀਟਦੀ ਲੈ ਗਈ ਸੀ। ਕਈ ਵਾਰ ਉਸ ਨੇ ਆਪਣੇ ਜਿਸਮ ਤੇ ਪੁਲਿਸ ਤਸ਼ੱਦਦ ਦੇ ਵਾਰ ਝੱਲੇ, ਪਰ ਸਿਰੜੀ ਤੇ ਸਿਦਕ ਵਾਲੀ ਇਹ ਬੀਬੀ ਫਰਿਆਦਵਾਂਗ ਦਿਨ ਰਾਤ ਲਾਲ ਕਿਲੇ ਨੂੰ ਢਾਹੁਣ ਵਿਚ ਲੱਗੀ ਰਹੀ ਤੇ ਇਸ ਕਿਲੇ ਨੂੰ ਢਾਹੁਣ ਵਿਚ ਉਸ ਨੂੰ 13 ਸਾਲ ਲੱਗੇ।

ਆਖ਼ਰੀ, ਪਰ ਮਤਲਬ ਵਾਲੀ ਗੱਲ ਅਕਾਲੀ ਭਰਾਵਾਂ ਲਈ : ਦੀਵਾਰ ਤੇ ਲਿਖਿਆ ਪੜ੍ਹੋ, ਤੁਹਾਡੀ ਗੁਰੂ ਸਿਧਾਂਤ ਵੱਲ ਪਿੱਠ ਹੈ। ਤੁਸੀਂ ਪਹਿਲਾਂ ਵਾਲੇ ਅਕਾਲੀ ਨਹੀਂ ਰਹੇ। ਇਸ ਲਈ ਸੰਭਲ ਕੇ ਤੁਰੋ।

ਕਾਂਗਰਸੀ ਭਰਾਵੋ : ਤੁਸੀਂ ਤਾਂ ਪੰਜਾਬ ਲਈ ਕਦੇ ਵੀ ਦੁੱਧ ਧੋਤੇ ਨਹੀਂ ਸੀ। ਹੁਣ ਵੀ ਅਮਰਿੰਦਰ ਦੇ ਮੋਢੇ ਨੇ ਹੀ ਤੁਹਾਨੂੰ ਸੰਭਾਲਿਆ ਹੋਇਆ ਹੈ।

ਦੋਵੇਂ ਉਪਰੋਕਤ ਰਾਜਨੀਤਕ ਤਾਕਤਾਂ ਜੇ ਆਪਣੀ ਨਜ਼ਰ ਤੋਂ ਧੁੰਦ ਦੀ ਚਾਦਰ ਲਾਹ ਕੇ ਰਤਾ ਪਿੱਛੇ ਵੱਲ ਵੇਖਣਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮਨਪ੍ਰੀਤ ਪਿੱਛੇ ਪਿੱਛੇ ਉਨ੍ਹਾਂ ਦੀ ਪੈੜ ਨੱਪਦਾ ਆ ਰਿਹਾ ਹੈ।

No comments:

Post a Comment