ਸ਼੍ਰੋਮਣੀ ਕਮੇਟੀ ਵੱਲੋਂ ਲਏ ਜਾਣ ਵਾਲੇ ਟੈਸਟਾਂ ਵਿੱਚੋਂ ਬਹੁਤੇ ਗ੍ਰੰਥੀ ਫੇਲ੍ਹ ਹੋ ਜਾਂਦੇ ਹਨ। ਏਦਾਂ ਹੀ ਰਾਗੀ ਜਥੇ ਵੀ ਟੈਸਟ ਵਿੱਚ ਬਰੇਕ ਲਾ ਜਾਂਦੇ ਹਨ। ਬਹੁਤੇ ਤਾਂ ਟੈਸਟ ਤੋਂ ਡਰ ਦੇ ਮਾਰੇ ਹਾਜ਼ਰ ਹੀ ਨਹੀਂ ਹੁੰਦੇ।ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜੋ ਪੰਜ ਪ੍ਰੀਖਿਆਵਾਂ ਦੇ ਨਤੀਜੇ ਦਿੱਤੇ ਗਏ ਹਨ, ਉਨ੍ਹਾਂ ਵਿੱਚ ਸਪੱਸ਼ਟ ਹੈ ਕਿ ਸ਼੍ਰੋਮਣੀ ਕਮੇਟੀ ਦਾ ਟੈਸਟ ਪਾਸ ਕਰਨਾ ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਲਈ ਸੌਖਾ ਨਹੀਂ ਹੈ। ਮਾਲਵਾ ਅਤੇ ਦੁਆਬੇ ਵਿੱਚੋਂ ਇਸ ਟੈਸਟ ਵਿੱਚ ਬੈਠਣ ਵਾਲਿਆਂ ਦੀ ਕਮੀ ਬਹੁਤ ਜ਼ਿਆਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਲਏ ਜਾਂਦੇ ਟੈਸਟਾਂ ਵਿੱਚ ਜ਼ਿਆਦਾ ਦਬਦਬਾ ਮਾਝੇ ਦਾ ਹੀ ਹੁੰਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਗ੍ਰੰਥੀ ਸਿੰਘਾਂ ਅਤੇ ਰਾਗੀ ਸਿੰਘਾਂ ਦੀ ਭਰਤੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ ਬਾਕਾਇਦਾ ਟੈਸਟ ਲਿਆ ਜਾਂਦਾ ਹੈ। ਰਾਗੀ ਸਿੰਘਾਂ ਦਾ ਟੈਸਟ ਗੁਰਮਤਿ ਸੰਗੀਤ ਅਕੈਡਮੀ ਆਨੰਦਪੁਰ ਸਾਹਿਬ ਵੱਲੋਂ ਲਿਆ ਜਾਂਦਾ ਹੈ।ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀ ਸੂਚਨਾ ਅਨੁਸਾਰ ਪਿਛਲੇ ਅਰਸੇ ਦੌਰਾਨ ਜੋ ਪੰਜ ਟੈਸਟ ਲਏ ਗਏ ਹਨ, ਉਨ੍ਹਾਂ ਵਿੱਚੋਂ ਚਾਰ ਟੈਸਟ ਤਾਂ ਰਾਗੀ ਸਿੰਘਾਂ ਅਤੇ ਤਬਲਾ ਵਾਦਕਾਂ ਦੇ ਲਏ ਗਏ ਹਨ। ਰਾਗੀ ਸਿੰਘਾਂ ਅਤੇ ਤਬਲਾ ਵਾਦਕਾਂ (ਜੋੜੀ ਵਾਲਿਆਂ ਦੇ) ਦੇ ਜੋ ਚਾਰ ਟੈਸਟ ਲਏ ਗਏ ਹਨ, ਉਨ੍ਹਾਂ ਵਿੱਚੋਂ 42 ਫੀਸਦੀ ਰਾਗੀ ਸਿੰਘ ਫੇਲ੍ਹ ਹੋ ਗਏ ਹਨ।
ਸਮੇਂ ਸਮੇਂ 'ਤੇ ਹੋਈਆਂ ਚਾਰ ਪ੍ਰੀਖਿਆਵਾਂ ਵਿੱਚ 293 ਰਾਗੀ ਸਿੰਘਾਂ ਨੇ ਪ੍ਰੀਖਿਆ ਦਿੱਤੀ, ਜਿਸ ਵਿੱਚੋਂ 124 ਰਾਗੀ ਸਿੰਘ ਫੇਲ੍ਹ ਹੋ ਗਏ ਅਤੇ ਉਹ ਸ਼੍ਰੋਮਣੀ ਕਮੇਟੀ ਦੇ ਮਿਆਰ 'ਤੇ ਖਰੇ ਨਾ ਉਤਰ ਸਕੇ। ਇਸ ਤੋਂ ਇਲਾਵਾ 75 ਰਾਗੀ ਸਿੰਘ ਤਾਂ ਟੈਸਟ ਦੇ ਡਰੋਂ ਗ਼ੈਰਹਾਜ਼ਰ ਹੀ ਹੋ ਗਏ ਸਨ। ਰਾਗੀ ਸਿੰਘਾਂ ਦੇ ਇਕ ਟੈਸਟ ਵਿੱਚ 193 ਰਾਗੀ ਸਿੰਘਾਂ ਨੇ ਬਿਨੈ ਕੀਤਾ ਅਤੇ ਇਸ ਟੈਸਟ ਵਿੱਚੋਂ 44 ਰਾਗੀ ਸਿੰਘ ਗ਼ੈਰਹਾਜ਼ਰ ਹੋ ਗਏ। ਬਾਕੀ 149 ਰਾਗੀ ਸਿੰਘਾਂ ਦਾ ਜਦੋਂ ਟੈਸਟ ਲਿਆ ਗਿਆ ਤਾਂ ਉਨ੍ਹਾਂ ਵਿੱਚੋਂ 65 ਫੇਲ੍ਹ ਹੋ ਗਏ। ਟੈਸਟ ਦੇਣ ਵਾਲਿਆਂ ਵਿੱਚ ਸਭ ਤੋਂ ਜ਼ਿਆਦਾ ਜ਼ਿਲ੍ਹਾ ਅੰਮ੍ਰਿਤਸਰ ਤੋਂ 80, ਤਰਨ ਤਾਰਨ ਤੋਂ 38 ਅਤੇ ਗੁਰਦਾਸਪੁਰ ਤੋਂ 16 ਰਾਗੀ ਸਿੰਘ ਸਨ, ਜਦੋਂ ਕਿ ਪੂਰੇ ਮਾਲਵੇ ਵਿੱਚੋਂ ਸਿਰਫ 30 ਰਾਗੀ ਸਿੰਘ ਸਨ।ਸ਼੍ਰੋਮਣੀ ਕਮੇਟੀ ਵੱਲੋਂ ਇਕ ਹੋਰ ਟੈਸਟ ਦਾ ਨਤੀਜਾ ਦਿੱਤਾ ਗਿਆ ਹੈ ਅਤੇ ਇਸ ਟੈਸਟ ਵਿੱਚ 110 ਰਾਗੀ ਸਿੰਘਾਂ ਅਤੇ ਜੋੜੀ ਵਾਲਿਆਂ ਵੱਲੋਂ ਬਿਨੈ ਕੀਤਾ ਗਿਆ ਸੀ। ਇਸ ਵਿੱਚੋਂ 26 ਤਾਂ ਗੈਰਹਾਜ਼ਰ ਹੀ ਹੋ ਗਏ, ਜਦੋਂ ਕਿ 84 ਵਿੱਚੋਂ 38 ਫੇਲ੍ਹ ਹੋ ਗਏ, ਜੋ 45 ਫੀਸਦੀ ਬਣਦੇ ਹਨ। ਇਸ ਟੈਸਟ ਵਿੱਚ ਸਭ ਤੋਂ ਜ਼ਿਆਦਾ ਰਾਗੀ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ 54 ਸਨ, ਜਦੋਂ ਕਿ ਤਰਨ ਤਾਰਨ ਦੇ 12 ਸਨ। ਬਠਿੰਡਾ ਜ਼ਿਲ੍ਹੇ ਦੇ ਸਿਰਫ ਦੋ ਰਾਗੀ ਸਿੰਘ ਸਨ। ਮੋਗਾ ਅਤੇ ਬਰਨਾਲਾ ਦਾ ਇਕ ਇਕ ਰਾਗੀ ਸਿੰਘ ਸੀ। ਇਕ ਹੋਰ ਪ੍ਰੀਖਿਆ ਵਿੱਚ 20 ਰਾਗੀ ਸਿੰਘਾਂ ਵੱਲੋਂ ਬਿਨੈ ਕੀਤਾ ਗਿਆ ਅਤੇ ਦੋ ਰਾਗੀ ਸਿੰਘ ਗ਼ੈਰਹਾਜ਼ਰ ਹੋ ਗਏ। ਬਾਕੀ 18 ਵਿੱਚੋਂ 7 ਫੇਲ੍ਹ ਹੋ ਗਏ। ਇਨ੍ਹਾਂ ਵਿੱਚ ਵੀ ਸਭ ਤੋਂ ਜ਼ਿਆਦਾ ਜ਼ਿਲ਼੍ਹਾ ਅੰਮ੍ਰਿਤਸਰ ਦੇ 11 ਰਾਗੀ ਸਿੰਘ ਸਨ।
ਸ਼੍ਰੋਮਣੀ ਕਮੇਟੀ ਵੱਲੋਂ ਗ੍ਰੰਥੀ ਸਿੰਘਾਂ ਦੇ ਟੈਸਟ ਦਾ ਵੀ ਨਤੀਜਾ ਦਿੱਤਾ ਗਿਆ ਹੈ। ਗ੍ਰੰਥੀ ਸਿੰਘਾਂ ਦੀ ਅਸਾਮੀ ਲਈ 174 ਸਿੰਘਾਂ ਵੱਲੋਂ ਅਪਲਾਈ ਕੀਤਾ ਗਿਆ ਸੀ ਪਰ ਟੈਸਟ 125 ਵੱਲੋਂ ਦਿੱਤਾ ਗਿਆ। ਇਸ ਵਿੱਚੋਂ 72 ਫੀਸਦੀ ਉਮੀਦਵਾਰ ਫੇਲ੍ਹ ਹੋ ਗਏ ਅਤੇ ਸਿਰਫ 34 ਹੀ ਪਾਸ ਹੋ ਸਕੇ ਹਨ। ਇਹ ਟੈਸਟ ਰਾਜਸਥਾਨ ਦੇ ਇਕ, ਹਰਿਆਣਾ ਦੇ ਤਿੰਨ ਅਤੇ ਜੰਮੂ ਦੇ ਤਿੰਨ ਗ੍ਰੰਥੀ ਸਿੰਘਾਂ ਨੇ ਦਿੱਤਾ ਸੀ। ਇਹ ਟੈਸਟ ਸਭ ਤੋਂ ਜ਼ਿਆਦਾ ਜ਼ਿਲ੍ਹਾ ਅੰਮ੍ਰਿਤਸਰ ਦੇ 98, ਤਰਨ ਤਾਰਨ ਦੇ 36 ਅਤੇ ਗੁਰਦਾਸਪੁਰ ਦੇ 7 ਗ੍ਰੰਥੀ ਸਿੰਘਾਂ ਵੱਲੋਂ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਸੁਖਦੇਵ ਸਿੰਘ ਬਾਹੀਆ ਦਾ ਕਹਿਣਾ ਸੀ ਕਿ ਜੋ ਸ਼੍ਰੋਮਣੀ ਕਮੇਟੀ ਦਾ ਟੈਸਟ ਦੇਣ ਵਾਸਤੇ ਜਾਂਦੇ ਹਨ, ਉਨ੍ਹਾਂ ਕੋਲ ਢੁਕਵੀਂ ਟਰੇਨਿੰਗ ਨਹੀਂ ਹੁੰਦੀ ਜਾਂ ਫਿਰ ਉਹ ਘੱਟ ਪੜ੍ਹੇ ਲਿਖੇ ਹੁੰਦੇ ਹਨ, ਜਿਸ ਕਰਕੇ ਉਹ ਮਿਆਰ 'ਤੇ ਖਰੇ ਨਹੀਂ ਉਤਰਦੇ। ਉਨ੍ਹਾਂ ਆਖਿਆ ਕਿ ਬਹੁਤੇ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਟੈਸਟਾਂ ਵਿੱਚੋਂ ਫੇਲ੍ਹ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੋ ਚੰਗੇ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਭਰਤੀ ਹੋ ਜਾਂਦੇ ਹਨ, ਉਨ੍ਹਾਂ ਵਿੱਚੋਂ ਕਈ ਵਿਦੇਸ਼ ਵੀ ਚਲੇ ਜਾਂਦੇ ਹਨ।
-ਲੇਖਕ ਟ੍ਰਿਬਿਊਨ ਦਾ ਪੱਤਰਕਾਰ ਹੈ
www.viapunjab.blogspot.in