Wednesday, October 5, 2011

ਪੰਜਾਬ ‘ਚ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਪਰਿਵਾਰ

ਪੰਜਾਬ ‘ਚ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਪਰਿਵਾਰਾਂ ਨੂੰ ਇਹ ਬਿਮਾਰੀ ਕਿਸ ਤਰਾਂ ਨਿਗਲ ਰਹੀ ਹੈ ਕਿ ਸਰਕਾਰ ਨੂੰ ਇਸ ਦਾ ਅੰਦਾਜ਼ਾ ਤੱਕ ਨਹੀਂ ਹੈ। ਪੰਜਾਬ ਵਿਚ ਹਜਾਰਾਂ ਲੋਕ ਕੈਂਸਰ ਤੋਂ ਪੀੜਤ ਹਨ ਅਤੇ ਰਾਜਸਥਾਨ ਜਾਂ ਹੋਰ ਦੂਰ ਦੁਰਾਡੇ ਦੇ ਹਸਪਤਾਲਾਂ ਵਿਚ ਇਲਾਜ ਲਈ ਜਾ ਰਹੇ ਹਨ। ਬੀਬੀ ਸੁਰਿੰਦਰ ਕੌਰ ਬਾਦਲ ਦੇ ਕੈਂਸਰ ਕਾਰਨ ਅਕਾਲ ਚਲਾਣੇ ਤੋਂ ਬਾਅਦ ਇਹ ਸੰਭਾਵਨਾ ਬਣੀ ਸੀ ਕਿ ਮੁੱਖ ਮੰਤਰੀ ਅਪਣੇ ਪਰਿਵਾਰਕ ਦਰਦ ਨੂੰ ਮਹਿਸੂਸ ਕਰਦੇ ਹੋਏ ਉਨਾਂ ਲੋਕਾਂ ਦੇ ਦਰਦ ਨੂੰ ਵੀ ਸਮਝਣਗੇ, ਜਿਹੜੇ ਕੈਂਸਰ ਤੋਂ ਪੀੜਤ ਹਨ ਪਰ ਬਾਦਲ ਸਰਕਾਰ ਨੇ ਸੂਬੇ ਵਿਚ ਕੋਈ ਵੱਡਾ ਹਸਪਤਾਲ ਖੋਲਣ ਦੀ ਯੋਜਨਾ ਬਣਾਉਣਾ ਤਾਂ ਦੂਰ ਪੀੜਤ ਪਰਿਵਾਰਾਂ ਵਿਚ ਉਮੀਦ ਦੀ ਕਿਰਨ ਪੈਦਾ ਕਰਨ ਲਈ ਮਹਿਜ ਐਲਾਨ ਤੱਕ ਨਹੀਂ ਕੀਤਾ। ਬੀਬੀ ਬਾਦਲ ਦੇ ਨਿਊਯਾਰਕ ਵਿਚ ਹੋਏ ਇਲਾਜ ਅਤੇ ਵਿਦੇਸ਼ ਯਾਤਰਾ ਉਤੇ ਸਰਕਾਰੀ ਖਜ਼ਾਨੇ ਵਿਚ ਲੱਖਾਂ ਰੁਪਏ ਖਰਚ ਕੀਤੇ ਗਏ ਪਰ ਆਮ ਕੈਂਸਰ ਪੀੜਤਾਂ ਲਈ ਸੂਬੇ ਦੇ ਵਿਧਾਇਕ ਅਪਣੇ ਕੋਟੇ ਦੀ ਰਕਮ ਵਿਚੋਂ ਆਨਾ ਵੀ ਖਰਚਣ ਨੂੰ ਤਿਆਰ ਨਹੀਂ।

ਬਿਮਾਰੀ ਅਮੀਰ ਗ਼ਰੀਬ ਦਾ ਫ਼ਰਕ ਨਹੀਂ ਕਰਦੀ ਪਰ ਸਰਕਾਰ ਕਰਦੀ ਹੈ:


ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਰਹੂਮ ਪਤਨੀ ਸੁਰਿੰਦਰ ਕੌਰ ਅਤੇ ਮਾਨਸਾ ਦੇ ਪਿੰਡ ਅੱਕਾਂਵਾਲੀ ਦੀ ਨਸੀਬ ਕੌਰ ਸ਼ਾਇਦ ਹੀ ਇਕ ਦੂਜੇ ਨੂੰ ਮਿਲੀਆਂ ਹੋਣ। ਮੁਕਤਸਰ ਦੇ ਵਿਧਾਇਕ ਅਤੇ ਘੋੜਿਆਂ ਵਾਲੇ ਸਰਦਾਰ ਦੇ ਨਾਂ ਨਾਲ ਮਸ਼ਹੂਰ ਕੰਵਲਜੀਤ ਸਿੰਘ (ਸਨੀ ਬਰਾੜ) ਅਤੇ ਬੋਹਾ ਦੇ ਲੀਲਾ ਸਿੰਘ ਵੀ ਰੂਬਰੂ ਨਹੀਂ ਹੋਏ, ਪਰ ਇਨਾਂ ਵਿਚਾਲੇ ਇਕ ਰਿਸ਼ਤਾ ਜ਼ਰੂਰ ਹੈ। ਉਹ ਹੈ ਦਰਦ ਦਾ ਰਿਸ਼ਤਾ। ਇਹ ਸਾਰੇ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ। ਬੀਬੀ ਬਾਦਲ ਦਾ ਅੰਤ ਵੀ ਕੈਂਸਰ ਦੀ ਬਿਮਾਰੀ ਨਾਲ ਹੋ ਚੁੱਕਾ ਹੈ ਅਤੇ ਅੱਕਾਂਵਾਲੀ ਦੀ ਨਸੀਬ ਕੌਰ ਬੱਚੇਦਾਨੀ ਦੇ ਕੈਂਸਰ ਕਾਰਨ ਮੌਤ ਨਾਲ ਜੂਝ ਰਹੀ ਹੈ। ਲੀਲਾ ਸਿੰਘ ਰੀੜ ਦੀ ਹੱਡੀ ਦੇ ਕੈਂਸਰ ਨਾਲ ਲੜ ਰਿਹਾ ਹੈ। ਨਸੀਬ ਕੌਰ ਦਾ ਨਸੀਬ ਐਨਾ ਚੰਗਾ ਨਹੀਂ ਹੈ ਕਿ ਉਸ ਦਾ ਇਲਾਜ ਅਮਰੀਕਾ ਦੇ ਕਿਸੇ ਵਧੀਆ ਕੈਂਸਰ ਹਸਪਤਾਲ ਵਿਚ ਹੋਵੇ। ਨਾ ਹੀ ਲੀਲਾ ਸਿੰਘ ਦਾ। ਉਨਾਂ ਦੇ ਇਲਾਜ ‘ਤੇ ਸਰਕਾਰ ਕਰੋੜਾਂ ਰੁਪਏ ਨਹੀਂ ਖਰਚ ਰਹੀ, ਜਿਵੇਂ ਕੰਵਲਜੀਤ ਸਿੰਘ ਬਰਾੜ ਦੇ ਇਲਾਜ ‘ਤੇ ਖਰਚ ਰਹੀ ਹੈ। ਦੋ ਵਕਤ ਦੀ ਰੋਟੀ ਦਾ ਜੁਗਾੜ ਮੁਸ਼ਕਲ ਨਾਲ ਕਰਨ ਵਾਲੇ ਇਨਾਂ ਪਰਿਵਾਰਾਂ ਨੂੰ ਕੈਂਸਰ ਕਿਵੇਂ ਤੋੜ ਰਿਹਾ ਹੈ, ਇਸ ਦਾ ਸਰਕਾਰ ਨੂੰ ਅੰਦਾਜ਼ਾ ਤੱਕ ਨਹੀਂ ਹੈ। ਸ੍ਰੀਮਤੀ ਬਾਦਲ ਅਤੇ ਬਰਾੜ ਦਾ ਇਲਾਜ ਤਾਂ ਸ਼ਾਇਦ ਇਨਾਂ ਦੇ ਪਰਿਵਾਰ ਖੁਦ ਵੀ ਕਰਵਾ ਲੈਣ ਦੇ ਸਮਰੱਥ ਸਨ, ਪਰ ਇਹ ਮਜ਼ਦੂਰ ਪਰਿਵਾਰ ਕਿੱਥੇ ਫਰਿਆਦ ਕਰਨ?

ਤਿਲ ਤਿਲ ਮਰਦੇ ਦੇਖਣਾ ਮਜ਼ਬੂਰੀ

ਬਠਿੰਡਾ ਦੇ ਗਿਆਨ ਪਿੰਡ ਦੇ ਜੀਤ ਸਿੰਘ ਦਾ ਸਰੀਰ ਕੈਂਸਰ ਦੀ ਬਿਮਾਰੀ ਨਾਲ ਪਿੰਜਰ ਬਣ ਗਿਆ ਹੈ ਅਤੇ ਬੁਢਲਾਡਾ ਦੇ ਮਘਾਨੀਆ ਪਿੰਡ ਦੀ ਸੁਰਿੰਦਰ ਕੌਰ, ਧਰਮਪੁਰਾ ਦੀ ਸੀਤੋ, ਬੋਹਾ ਦੀ ਸੁਰਜੀਤ ਕੌਰ, ਗਦੜ ਪੱਤੀ ਦਾ ਪੱਪੀ ਸਿੰਘ ਅਤੇ ਜੱਗਰ ਸਿੰਘ ਚਾਲੀ ਸਾਲ ਦੀ ਉਮਰ ਵਿਚ ਹੀ ਬੁੱਢੇ ਹੋ ਕੇ ਹੱਡੀਆਂ ਦਾ ਢਾਂਚਾ ਲੱਗਣ ਲੱਗੇ ਹਨ। ਇਨਾਂ ਪਰਿਵਾਰਾਂ ਦੀ ਤਰਾਸਦੀ ਇਹ ਹੈ ਕਿ ਪਰਿਵਾਰ ਵਿਚ ਕਮਾਉਣ ਵਾਲਾ ਇਕੋ ਇਕ ਵਿਅਕਤੀ ਵੀ ਇਸ ਬਿਮਾਰੀ ਤੋਂ ਪੀੜਤ ਹੈ। ਪਰਿਵਾਰ ਵਾਲੇ ਬਸ, ਉਨਾਂ ਨੂੰ ਤਿਲ ਤਿਲ ਮਰਦੇ ਦੇਖ ਰਹੇ ਹਨ।

ਕੈਂਸਰ ਦੀ ‘ਮਾਸ ਸਕ੍ਰੀਨਿੰਗ’ ਕਿਉਂ ਨਹੀਂ?:

ਕੈਂਸਰ ਦੀ ਬਿਮਾਰੀ ਦਾ ਆਖ਼ਰੀ ਸਟੇਜ ‘ਤੇ ਪਹੁੰਚਣ ‘ਤੇ ਹੀ ਪਤਾ ਲਗਦਾ ਹੈ। ਇਸ ਲਈ ਮੌਤਾਂ ਦੀ ਗਿਣਤੀ ਵਧ ਰਹੀ ਹੈ। ਅਮਰੀਕੀ ਕੰਪਨੀ ਏਐਮਡੀਐਲ ਨੇ ਪੰਜਾਬ ਸਰਕਾਰ ਨੂੰ ਔਕਸ਼ਯੋਰ ਟੈਸਟ ਮਾਸ ਲੈਵਲ ‘ਤੇ ਕੰਮ ਕਰਨ ਦਾ ਸੁਝਾਅ ਦਿੱਤਾ ਹੈ। ਕੰਪਨੀ ਦੇ ਸੀਈਓ ਡਗਲਸ ਮੈਕਲੇਨ ਵੀ ਸਰਕਾਰ ਦੇ ਉਚ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕਰ ਚੁੱਕੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਟੈਸਟ ਨਾਲ ਕੈਂਸਰ ਦੀ ਪਹਿਲੀ ਸਟੇਜ ਦਾ ਪਤਾ ਲੱਗ ਜਾਂਦਾ ਹੈ। ਜਿਸ ਨਾਲ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ।

ਕਿਵੇਂ ਹੁੰਦਾ ਹੈ ਟੈਸਟ :

ਟੈਸਟ ਤੋਂ ਪਹਿਲਾਂ ਡੋਰ ਟੂ ਡੋਰ ਸਰਵੇ ਕਰਕੇ 64 ਪ੍ਰਸ਼ਨਾਂ ਵਾਲੀ ਇਕ ਪ੍ਰਸ਼ਨ ਪੱਤ੍ਰਿਕਾ ਭਰੀ ਜਾਂਦੀ ਹੈ। ਹਾਈ ਰਿਸਕ ਮਰੀਜ਼ਾਂ ਨੂੰ ਪਛਾਣ ਲਿਆ ਜਾਂਦਾ ਹੈ। ਉਨਾਂ ਦੀ ਜਾਂਚ ਕੀਤੀ ਜਾਂਦੀ ਹੈ। ਇਹ ਟੈਸਟ ਬਾਡੀ ਫ੍ਰੇਬਿਨੇਜ਼ ਡੀਗ੍ਰੇਡੇਸ਼ਨ ਪ੍ਰੋਡਕਟਸ ਚੈਕ ਕਰਦਾ ਹੈ, ਜੋ ਕੈਂਸਰ ਦੇ ਰੋਗ ਕਾਰਨ ਕਈ ਗੁਣਾਂ ਵਧ ਜਾਂਦੇ ਹਨ। ਇਸ ‘ਤੇ 6 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ ਅਤੇ ਇਕ ਅੰਦਾਜ਼ੇ ਮੁਤਾਬਕ ਪ੍ਰਤੀ ਬਲਾਕ ਲਗਭਗ ਸੱਤ ਕਰੋੜ ਰੁਪਏ ਖਰਚ ਹੋਣਗੇ। ਸਿਰਫ਼ ਮਾਲਵਾ ਦੇ ਚਾਰ ਜ਼ਿਲਿਆਂ ਦੇ 15 ਦੇ ਲਗਭਗ ਬਲਾਕਾਂ ਵਿਚ ਇਹ ਟੈਸਟ ਕਰਵਾਏ ਜਾਣ ਤਾਂ 90 ਕਰੋੜ ਖਰਚਾ ਆਵੇਗਾ। ਇਸ ਖਰਚ ਨੂੰ ਲੈ ਕੇ ਸਰਕਾਰ ਸਸ਼ੋਪੰਜ ਵਿਚ ਹੈ।

—————————————
ਪ੍ਰਮੁੱਖ ਸਕੱਤਰ (ਸਿਹਤ ਵਿਭਾਗ) ਸਤੀਸ਼ ਚੰਦਰਾ ਨਾਲ ਸਿੱਧੀ ਗੱਲਬਾਤ


* ਕੈਂਸਰ ਦਾ ਸਰਕਾਰੀ ਹਸਪਤਾਲ ਕਿਉਂ ਨਹੀਂ ਬਣਾਇਆ ਜਾ ਰਿਹਾ?
- ਮੁੱਖ ਮੰਤਰੀ ਨੇ ਬਾਬਾ ਫਰੀਦ ਯੂਨੀਵਰਸਿਟੀ ਨੂੰ ਬਠਿੰਡਾ ਵਿਚ ਕੈਂਸਰ ਹਸਪਤਾਲ ਬਣਾਉਣ ਲਈ 30 ਕਰੋੜ ਰੁਪਏ ਦਿੱਤੇ ਹਨ। ਕਿਉਂਕਿ ਮੈਕਸ ਦੇ ਬਣਨ ਵਾਲੇ ਹਸਪਤਾਲਾਂ ਵਿਚ ਇਲਾਜ ਮਹਿੰਗਾ ਹੈ, ਇਸ ਲਈ ਇਸ ਬਾਰੇ ਸੋਚਿਆ ਗਿਆ ਹੈ।

* ਕੇਸਾਂ ਦੀ ਰਜਿਸਟ੍ਰੇਸ਼ਨ ਕਿਉਂ ਨਹੀਂ ਕੀਤੀ ਜਾ ਰਹੀ?
- ਪਹਿਲਾਂ ਕੈਂਸਰ ਦੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸਿਹਤ ਵਿਭਾਗ ਨੂੰ ਦਿੱਤਾ ਗਿਆ ਸੀ, ਪ੍ਰੰਤੂ ਕੇਂਦਰ ਸਰਕਾਰ ਨੇ ਇਹ ਕਿਹਾ ਹੈ ਕਿ ਕੋਈ ਮੈਡੀਕਲ ਕਾਲਜ ਹੀ ਇਹ ਕੰਮ ਕਰੇਗਾ। ਹੁਣ ਇਹ ਕੰਮ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਕੈਂਸਰ ਦੇ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰਨ ਜਾ ਰਿਹਾ ਹੈ।

* ਇਕ ਅਮਰੀਕੀ ਕੰਪਨੀ ਨੇ ਔਕਸ਼ਯੋਰ ਟੈਸਟ ਦਾ ਪ੍ਰਸਤਾਵ ਦਿੱਤਾ ਸੀ, ਉਸ ਦੀ ਕੀ ਹੋਇਆ?
- ਇਹ ਟੈਸਟ ਕਾਫ਼ੀ ਮਹਿੰਗਾ ਹੈ, ਇਸ ਫਿਲਹਾਲ ਇਹ ਟੈਸਟ ਕਰਾਉਣਾ ਸੰਭਵ ਨਹੀਂ ਹੈ।

* ਵਿੱਤੀ ਸਹਾਇਤਾ ਮਿਲਣ ਵਿਚ ਮਹੀਨਿਆਂ ਦਾ ਸਮਾਂ ਲੱਗ ਰਿਹਾ ਹੈ?
- ਵੀਹ ਕਰੋੜ ਕੈਂਸਰ ਰਿਲੀਫ਼ ਫੰਡ ਵਿਚ ਆਏ ਹਨ। ਕੋਈ ਵੀ ਡੀਸੀ ਨੂੰ ਅਰਜ਼ੀ ਦੇ ਕੇ ਸਹਾਇਤਾ ਮੰਗ ਸਕਦਾ ਹੈ। ਇਹ ਸਹਾਇਤਾ ਮਿਲਣ ਵਿਚ ਸਿਰਫ਼ 15 ਦਿਨਾਂ ਦਾ ਸਮਾਂ ਲੱਗੇਗਾ।

* ਕੈਂਸਰ ਦੇ ਫੈਲਣ ਦੇ ਕਾਰਨ ਦਾ ਪਤਾ ਕਰਨ ਲਈ ਕੋਈ ਸਰਵੇ ਕਿਉਂ ਨਹੀਂ ਕੀਤਾ ਜਾ ਰਿਹਾ?
- ਕੁਝ ਕੈਂਸਰ ਜਿਵੇਂ ਲੰਗ ਅਤੇ ਮੂੰਹ ਦੇ ਹਨ, ਇਨਾਂ ਦੇ ਕਾਰਨਾਂ ਦਾ ਤਾਂ ਪਤਾ ਲੱਗ ਜਾਂਦਾ ਹੈ ਪ੍ਰੰਤੂ ਔਰਤਾਂ ਵਿਚ ਛਾਤੀਆਂ, ਸਰਵਾਈਕਲ ਆਦਿ ਦੇ ਕੈਂਸਰ ਦਾ ਕੋਈ ਇਕ ਕਾਰਨ ਪਤਾ ਲਾਉਣਾ ਮੁਸ਼ਕਲ ਹੈ। ਅਮਰੀਕਾ ਵਰਗੇ ਦੇਸ਼ ਵਿਚ ਵੀ ਸਭ ਤੋਂ ਵੱਧ ਮੌਤਾਂ ਕੈਂਸਰ ਦੀ ਬਿਮਾਰੀ ਨਾਲ ਹੋ ਰਹੀਆਂ ਹਨ।

—————————————
ਸਾਰਿਆਂ ਲਈ ਕੈਂਸਰ ਰਿਲੀਫ਼ ਫੰਡ

ਕੈਂਸਰ ਰਿਲੀਫ਼ ਫੰਡ ਰਾਹੀਂ 1.50 ਲੱਖ ਰੁਪਏ ਤੱਕ ਦੀ ਰਕਮ ਵਿੱਤੀ ਸਹਾਇਤਾ ਦੇ ਤੌਰ ‘ਤੇ ਸਾਰਿਆਂ ਨੂੰ ਦਿੱਤੀ ਜਾਵੇਗੀ। ਜੇਕਰ ਮਰੀਜ਼ ਕਿਸੇ ਨਿੱਜੀ ਹਸਪਤਾਲ ਵਿਚ ਇਲਾਜ ਕਰਵਾ ਰਿਹਾ ਹੈ ਤਾਂ ਉਸ ਨੂੰ ਪੀਜੀਆਈ ਚੰਡੀਗੜ ਵਿਚ ਇਲਾਜ ਦੌਰਾਨ ਆਉਣ ਵਾਲੇ ਖਰਚੇ ਦੀਆਂ ਦਰਾਂ ਅਨੁਸਾਰ ਭੁਗਤਾਨ ਕੀਤਾ ਜਾਵੇਗਾ। ਐਮਰਜੈਂਸੀ ਵਿਚ ਮੁੱਖ ਮੰਤਰੀ ਨੂੰ ਅਪੀਲ ਕਰਨ ‘ਤੇ ਤੁਰੰਤ ਇਹ ਫੰਡ ਮਿਲੇਗਾ। -ਸੱਤਪਾਲ ਗੋਸਾਈਂ ਸਿਹਤ ਮੰਤਰੀ
——————————————-
ਸਰਕਾਰ ਕੋਲ ਅੰਕੜੇ ਤੱਕ ਨਹੀਂ

ਪੰਜਾਬ ਵਿਚ ਕੈਂਸਰ ਦੇ ਕਿੰਨੇ ਮਰੀਜ਼ ਹਨ, ਸਰਕਾਰ ਕੋਲ ਇਨਾਂ ਦਾ ਕੋਈ ਰਿਕਾਰਡ ਨਹੀਂ ਹੈ। ਨਾ ਤਾਂ ਇਹ ਪਤਾ ਲੱਗ ਰਿਹਾ ਕਿ ਇਹ ਬਿਮਾਰੀ ਕਿਵੇਂ ਫੈਲ ਰਹੀ ਹੈ ਅਤੇ ਇਸ ਦੇ ਕਾਰਨ ਕੀ ਹਨ। ਪੀਜੀਆਈ ਚੰਡੀਗੜ ਦੀ ਟੀਮ ਜਿੱਥੇ ਕੀਟਨਾਸ਼ਕਾਂ ਦੀ ਵਧ ਵਰਤੋਂ ਨੂੰ ਇਸ ਬਿਮਾਰੀ ਦੇ ਫੈਲਣ ਦਾ ਕਾਰਨ ਦੱਸ ਰਹੀ ਹੈ, ਉਥੇ ਖੇਤੀ ਵਿਗਿਆਨੀ ਇਸ ਦਾ ਕਾਰਨ ਜ਼ਮੀਨੀ ਪਾਣੀ ਨੂੰ ਮੰਨ ਰਹੇ ਹਨ। ਕੁਝ ਸੰਸਥਾਵਾਂ ਦਾਅਵਾ ਕਰ ਰਹੀਆਂ ਹਨ ਕਿ ਪਾਣੀ ਵਿਚ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਹੋਣਾ ਕੈਂਸਰ ਦੇ ਫੈਲਣ ਦਾ ਮੁੱਖ ਕਾਰਨ ਹੈ। ਆਦੇਸ਼ ਮੈਡੀਕਲ ਕਾਲਜ ਦੇ ਡਾ. ਜਗਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਬਿਮਾਰੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਇਕ ਟੀਮ ਗਠਿਤ ਕਰਨੀ ਚਾਹੀਦੀ ਹੈ ਜਿਸ ਵਿਚ ਖੇਤੀ ਮਾਹਰ, ਡਾਕਟਰ, ਜੂਆਲੋਜੀ ਮਾਹਰ ਅਤੇ ਰੇਡੀਏਸ਼ਨ ‘ਤੇ ਕੰਮ ਕਰਨ ਵਾਲੇ ਮਾਹਰ ਹੋਣ।
——————————-
ਆਪਣੇ ਪੱਧਰ ‘ਤੇ ਸ਼ੁਰੂ ਕੀਤਾ ਸਰਵੇ

ਇੰਟਰਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਨੇ ਡੋਰ ਟੂ ਡੋਰ ਸਰਵੇ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਇਕ ਰਿਪੋਰਟ ਤਿਆਰ ਕਰਕੇ ਸੂਬਾ ਅਤੇ ਕੇਂਦਰ ਸਰਕਾਰ ਦੇ ਸਾਹਮਣੇ ਰੱਖੀ ਜਾ ਸਕੇ। ਪਾਰਟੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਦਾ ਮੰਨਣਾ ਹੈ ਕਿ ਇਹ ਸਮੱਸਿਆ ਗੰਭੀਰ ਹੈ, ਕਿਉਂਕਿ ਗਰੀਬ ਪਰਿਵਾਰਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਆਪਣੇ ਪੱਧਰ ‘ਤੇ ਸਰਵੇ ਕਰਨ ਵਾਲੇ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਔਰਤਾਂ ਵਿਚ ਬੱਚੇਦਾਨੀ ਦਾ ਕੈਂਸਰ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਕਰਨੈਲ ਸਿੰਘ ਜਖੇਪਲ ਦਾ ਮੰਨਣਾ ਹੈ ਕਿ ਕੀਮੋਥਰੈਪੀ ਵਰਗੀਆਂ ਸਹੂਲਤਾਂ ਤਾਂ ਜ਼ਿਲਾ ਪੱਧਰੀ ਹਸਪਤਾਲਾਂ ਵਿਚ ਸਰਕਾਰ ਮੁਹੱਈਆ ਕਰਵਾ ਸਕਦੀ ਹੈ। ਕਮਲਜੀਤ ਸੰਦਲ ਫਾਊਂਡੇਸ਼ਨ ਦੇ ਪ੍ਰਧਾਨ ਬਿਕਰਾਂਤ ਸੰਦਲ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਕੈਂਸਰ ਦੀ ਸਮੱਸਿਆ ਹੋਰ ਵਧੇਗੀ।
——————————————
ਸਰਕਾਰੀ ਸਹਾਇਤਾ ਦੀ ਝਾਕ ‘ਚ ਜਹਾਨੋਂ ਤੁਰ ਗਈਆਂ 20 ਜਿੰਦੜੀਆਂ



ਪੰਜਾਬ ਸਰਕਾਰ ਵਲੋਂ ਕੈਂਸਰ ਪੀੜਤਾਂ ਲਈ ਭਾਵੇਂ ਫੰਡ ਰਾਖਵੇਂ ਰੱਖੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਪਰ ਇਹ ਲੋੜਵੰਦਾਂ ਤੱਕ ਪੁੱਜ ਨਹੀਂ ਰਹੇ। ਇਸ ਕਾਰਨ ਕਈ ਕੈਂਸਰ ਪੀੜਤ ਆਪਣੇ ਪਰਿਵਾਰਾਂ ਨੂੰ ਕਰਜ਼ਾਈ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਅਤੇ ਕੁਝ ਪੀੜਤ ਮੰਜੇ ਨਾਲ ਜੁੜੇ ਸਰਕਾਰੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਗੋਨਿਆਣਾ ਮੰਡੀ ਦੇ ਪਿੰਡ ਦਿਉਣ ਵਿੱਚ ਦੋ ਸਾਲਾਂ ਦੌਰਾਨ ਕੈਂਸਰ ਕਾਰਨ ਕਰੀਬ 20 ਮੌਤਾਂ ਹੋ ਚੁੱਕੀਆਂ ਹਨ ਅਤੇ ਦਰਜਨ ਦੇ ਕਰੀਬ ਮਰੀਜ਼ ਇਸ ਬਿਮਾਰੀ ਨਾਲ ਲੜ ਰਹੇ ਹਨ। ਪਿੰਡ ਦੇ ਲੋਕਾਂ ਨੂੰ ਗਿਲਾ ਹੈ ਕਿ ਨਾ ਤਾਂ ਇੱਥੇ ਕਦੇ ਸਿਹਤ ਮਹਿਕਮੇ ਨੇ ਜਾਗਰੂਕਤਾ ਕੈਂਪ ਲਾਇਆ ਅਤੇ ਨਾ ਹੀ ਪੰਜਾਬ ਸਰਕਾਰ ਨੇ ਧਰਤੀ ਹੇਠਲੇ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਹੱਲ ਕੱਢਿਆ।

ਟੇਕ ਸਿੰਘ ਦੀ ਪਤਨੀ ਰਣਜੀਤ ਕੌਰ ਗਲੇ ਦੇ ਕੈਂਸਰ ਤੋਂ ਪੀੜਤ ਹੈ। ਰਣਜੀਤ ਕੌਰ ਨੂੰ ਹਰ ਪੰਦਰਾਂ ਦਿਨ ਬਾਅਦ ਉਸ ਦਾ ਮਜ਼ਦੂਰ ਪਤੀ ਬੀਕਾਨੇਰ ਲੈ ਕੇ ਜਾਂਦਾ ਹੈ। ਉਨਾਂ ਦੇ ਬੱਚੇ ਛੋਟੇ ਹਨ। ਅਗਲੇ ਪੰਦਰਾਂ ਦਿਨਾਂ ਦੀ ਦਵਾਈ ਦਾ ਫ਼ਿਕਰ ਟੇਕ ਸਿੰਘ ਨੂੰ ਵੱਢ ਵੱਢ ਖਾਂਦਾ ਹੈ। ਹੁਣ ਇਹ ਪਰਿਵਾਰ ਕਰਜ਼ਾਈ ਹੋ ਗਿਆ ਹੈ। ਡੀ.ਸੀ. ਦਫ਼ਤਰ ਬਠਿੰਡਾ ਵਿੱਚ ਖਰਚੇ ਵਾਲੀ ਫਾਇਲ ਜਮਾਂ ਕਰਵਾਉਣ ‘ਤੇ ਕੋਈ ਸੁਣਵਾਈ ਨਹੀਂ ਹੋਈ। ਹਰਪਾਲ ਕੌਰ ਪਤਨੀ ਮੇਜਰ ਸਿੰਘ ਬੱਚੇਦਾਨੀ ਦੇ ਕੈਂਸਰ ਤੋਂ ਪੀੜਤ ਹੈ। ਡੇਢ ਵਰੇ ਤੋਂ ਬੀਕਾਨੇਰ ਤੋਂ ਦਵਾਈ ਚਲਦੀ ਹੈ ਪਰ ਹਰਪਾਲ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ। ਸੁਰਜੀਤ ਕੌਰ ਦੀ ਪਤਨੀ ਸੋਹਣ ਸਿੰਘ ਛਾਤੀ ਦੇ ਕੈਂਸਰ ਤੋਂ ਪੀੜਤ ਹੈ। ਪਤੀ ਦਾ ਸਾਇਆ ਸਿਰ ਤੋਂ ਪਹਿਲਾਂ ਹੀ ਉੱਠ ਗਿਆ। ਇਹ ਮੱਧਵਰਗੀ ਕਿਸਾਨ ਪਰਿਵਾਰ ਵੀ ਬੀਕਾਨੇਰ ਦੀ ਗੱਡੀ ਚੜਦਾ ਹੈ। ਕੈਂਸਰ ਦੀ ਬਿਮਾਰੀ ਤੋਂ ਇਲਾਵਾ ਸੁਰਜੀਤ ਕੌਰ ਟੀ.ਬੀ ਤੋਂ ਪੀੜਤ ਹੈ।

ਪਿੰਡ ਦਾ ਵੈਦ ਗੋਕਲ ਦਾਸ ਵੀ ਦਿਮਾਗ ਦੇ ਕੈਂਸਰ ਤੋਂ ਪੀੜਤ ਹੈ। ਕਿਸੇ ਸਮੇਂ ਇਸ ਵੈਦ ਦੀ ਪੂਰੀ ਚੜਤ ਸੀ ਪਰ ਦੋ ਸਾਲ ਤੋਂ ਵੈਦ ਦੀ ਹਾਲਤ ਨਾਜ਼ੁਕ ਚੱਲ ਰਹੀ ਹੈ। ਗੋਕਲ ਦਾਸ ਦੀ ਨੂੰਹ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਈ ਹੈ। ਅੰਗਰੇਜ ਕੌਰ ਪਤਨੀ ਗੁਲਵੰਤ ਸਿੰਘ ਦੀ ਪਿਛਲੇ ਦਿਨੀਂ ਮੌਤ ਹੋ ਚੁੱਕੀ ਹੈ। ਇਹ ਗਰੀਬ ਪਰਿਵਾਰ ਪਿੰਡ ਵਿੱਚ ਭਾਂਡੇ ਮਾਂਜ ਕੇ ਗੁਜ਼ਾਰਾ ਚਲਾਉਂਦਾ ਸੀ। ਗੁਲਵੰਤ ਸਿੰਘ ਆਪਣੀ ਪਤਨੀ ਦੇ ਜਾਣ ਮਗਰੋਂ ਰੋਟੀ ਤੋਂ ਵੀ ਮੁਥਾਜ ਹੋ ਗਿਆ ਹੈ। ਪਿੰਡ ਦੀ ਇਕ ਹੋਰ ਔਰਤ ਸੁਖਜੀਤ ਕੌਰ ਮਰਨ ਤੋਂ ਪਹਿਲਾਂ ਆਪਣੀ ਲੜਕੀ ਦੇ ਹੱਥ ਵੀ ਪੀਲੇ ਨਾ ਕਰ ਸਕੀ ਪਰ ਲੜਕੀ ਆਪਣੀ ਮਾਂ ਦੀ ਫੋਟੋ ਦੇਖ ਕੇ ਮਨ ਭਰ ਆਉਂਦੀ ਹੈ। ਪਿੰਡ ਵਿੱਚ ਹੋਰ ਵੀ ਮਰੀਜ਼ ਹਨ, ਜੋ ਆਪਣੀ ਬਿਮਾਰੀ ਨੂੰ ਛੁਪਾ ਰਹੇ ਹਨ। ਪਿੰਡ ਦੇ ਨੌਜਵਾਨ ਗੁਰਨੈਬ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨੇ 22 ਦਸੰਬਰ 2008 ਨੂੰ ਪਿੰਡ ਬਹਿਮਣ ਦੀਵਾਨਾ ਵਿਖੇ ਸੰਗਤ ਦਰਸ਼ਨ ਦੌਰਾਨ 50 ਹਜ਼ਾਰ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਪਰ ਇਹ ਐਲਾਨ ਫੋਕਾ ਸਾਬਤ ਹੋਇਆ।

No comments:

Post a Comment