ਬੜੀ ਵੇਰ ਘਟਨਾਵਾਂ ਦੀ ਉਡਾਈ ਗਰਦ ਸਾਨੂੰ ਉਸਦੇ ਕਾਰਨਾਂ ਤੱਕ ਨਹੀਂ ਪਹੁੰਚਣ ਦਿੰਦੀ। ਅਸੀਂ ਜੜ੍ਹ ਤੱਕ ਪਹੁੰਚਣ ਦੀ ਬਜਾਏ ਘਟਨਾ ਉੱਤੇ ਹੀ ਐਨਾ ਕੇਂਦਰਿਤ ਹੋ ਜਾਂਦੇ ਹਾਂ ਕਿ ਅਸਲ ਕਾਰਨ ਸਮਝ ਨਹੀਂ ਪੈਂਦੇ। ਘਟਨਾਵਾਂ ਭਾਵੇਂ ਨਿੱਜੀ ਬੰਦਿਆਂ ਅਤੇ ਨਿੱਜੀ ਮਸਲਿਆਂ ਤੱਕ ਸੀਮਤ ਲਗਦੀਆਂ ਹਨ ਪਰ ਕਈ ਵੇਰ ਇਸਨੂੰ ਡੂੰਘਾਈ ਨਾਲ਼ ਸਮਝਣ ਲਈ ਕੌਮ ਦੀ ਸਮੂਹਿਕ ਦਸ਼ਾ ਦਾ ਅਧਿਐਨ ਕਰਨਾ ਜ਼ਰੂਰੀ ਹੈ।
ਅਫ਼ਰੀਕਨ ਲੋਕਾਂ ਨੇ ਬਹੁਤ ਭੈੜੀ ਗ਼ੁਲਾਮੀ ਹੰਢਾਈ ਹੈ, ਇਸਦਾ ਅਸਰ ਉਨ੍ਹਾਂ ਦੀ ਮਾਨਸਿਕਤਾ ਉੱਤੇ ਅੱਜ ਤੱਕ ਹੈ। ਦੂਜਾ ਸਰਕਾਰਾਂ ਨੇ ਮਿੱਥ ਕੇ ਉਨ੍ਹਾਂ ਵਿੱਚ ਨਸ਼ੇ ਦਾ ਪਸਾਰਾ ਕੀਤਾ ਹੈ ਤਾਂ ਕਿ ਉਨ੍ਹਾਂ ਦੇ ਨੌਜਵਾਨ ਆਪਣੇ ਹੱਕਾਂ, ਭਵਿੱਖ ਅਤੇ ਆਲ਼ੇ-ਦੁਆਲ਼ੇ ਵਾਰੇ ਫ਼ਿਕਰ ਕਰਨਯੋਗ ਨਾ ਰਹਿਣ।
ਅਗਰ ਆਪਾਂ ਕਿਸੇ ਅਫ਼ਰੀਕਨ ਨਾਲ਼ ਥੋੜ੍ਹੀ ਭਾਰੂ (aggressive) ਹੋ ਕੇ ਗੱਲ ਕਰੀਏ ਤਾਂ ਉਹ ਅਚਾਨਕ ਆਪਣੇ ਬਚਾਅ 'ਚ ਆ ਜਾਂਦੇ ਹਨ ਅਤੇ ਲੜਨ ਲਈ ਤਿਆਰ ਰਹਿੰਦੇ ਹਨ। ਲੜਾਈ ਦਾ ਕਾਰਨ ਭਾਵੇਂ ਸਮੇਂ ਜਾਂ ਹਾਲਤ ਨਾਲ਼ ਕੋਈ ਹੋਰ ਬਣੇ ਪਰ ਐਨੇ ਸਾਲ਼ਾ ਦੀ ਗ਼ੁਲਾਮੀ ਅਤੇ ਮਿੱਥ ਕੇ ਹੋਏ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਜੋ ਉਸਦੀ ਮਾਨਸਿਕਤਾ ਉੱਤੇ ਅਸਰ ਹੋਇਆ ਹੈ, ਉਸਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਕੱਲ੍ਹ ਮੈਂ ਪੰਜਾਬ ਦੇ ਨੌਜਵਾਨਾਂ ਦੀ ਮਾਨਸਿਕ ਦਸ਼ਾ ਦੀ ਗੱਲ ਕੀਤੀ ਤਾਂ ਲੋਕਾਂ ਇਸਦਾ ਮਜ਼ਾਕ ਬਣਾ ਲਿਆ, ਖ਼ੈਰ ਮੈਨੂੰ ਪੂਰੀ ਆਸ ਸੀ ਕਿ ਇਹ ਗੱਲ ਇੰਨੀ ਕੁ ਹੀ ਸਮਝ ਆਵੇਗੀ। ਜੇ ਸਾਡੇ ਲੋਕ ਐਨਾ ਸਮਝਦੇ ਹੁੰਦੇ ਤਾਂ ਮੌਜੂਦਾ ਹਲਾਤਾਂ ਪ੍ਰਤੀ ਅੱਜ ਸਾਡਾ ਸੰਵਾਦ ਅਤੇ ਰਵੱਈਆ ਹੋਰ ਕਿਸਮ ਦਾ ਹੁੰਦਾ।
ਕੈਨੇਡਾ ਵਿੱਚ ਬਹੁਗਿਣਤੀ ਪੰਜਾਬੀ ਵਿਦਿਆਰਥੀ ਸਿੱਖ ਘਰਾਂ 'ਚੋਂ ਆਉਂਦੇ ਹਨ। ਇਹ ਸਭ ਚੁਰਾਸੀ ਤੋਂ ਅਤੇ ਖਾੜਕੂ ਲਹਿਰ ਤੋਂ ਬਾਅਦ ਜਨਮੇ ਹਨ। ਇਸ ਲਹਿਰ ਤੋਂ ਬਾਅਦ ਜੋ ਸਰਕਾਰਾਂ ਨੇ ਮਿੱਥ ਕੇ ਵਿੱਦਿਆ ਅਤੇ ਮੀਡੀਏ ਰਾਹੀਂ ਪੰਜਾਬ ਦਾ ਮਾਹੌਲ ਸਿਰਜਿਆ, ਜਿਸਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਹੱਕਾਂ, ਭਵਿੱਖ ਅਤੇ ਇਤਿਹਾਸਕ ਨਾਇਕਾਂ ਤੋਂ ਦੂਰ ਕਰਕੇ ਨਵੇਂ ਕਿਸਮ ਦੇ ਝੂਠੇ ਨਾਇਕ ਸਿਰਜਣਾ ਸੀ। ਜਿਸ ਨਾਲ਼ ਕਿ ਨੌਜਵਾਨ ਨਿੱਜੀ ਐਸ਼ਪ੍ਰਸਤੀ ਵੱਲ ਧੱਕੇ ਜਾਣ ਅਤੇ ਸਰਕਾਰਾਂ ਦੇ ਚੱਲ ਰਹੇ ਝੂਠੇ-ਪੱਕੇ ਏਜੰਡੇ ਜਾਂ ਮਿਸ਼ਨ ਨੂੰ ਚੁਨੌਤੀ ਨਾ ਦੇਣ। ਇਹ ਨੌਜਵਾਨ ਉਸੇ ਮਾਹੌਲ ਦੀ ਪੈਦਾਇਸ਼ ਅਤੇ ਸ਼ਿਕਾਰ ਹਨ। ਹੋਰ ਮਾਨਸਿਕ ਪ੍ਰਭਾਵ ਤੋਂ ਇਹ ਮਤਲਬ ਨਹੀਂ ਕਿ ਨੌਜਵਾਨ ਪਾਗਲ ਹਨ।
ਇਸ ਤਰ੍ਹਾਂ ਦੀਆਂ ਟਿੱਚਰਾਂ ਕਰਨ ਵਾਲ਼ੇ ਸ਼ਾਇਦ ਭੁੱਲਦੇ ਹਨ ਕਿ ਇਨ੍ਹਾਂ ਦੀ ਮਾਨਸਿਕਤਾ ਵੀ ਪ੍ਰਭਾਵਿਤ ਹੈ। ਕਿਉਂਕਿ ਮੌਜੂਦਾ ਗੀਤ ਸੰਗੀਤ ਅਤੇ ਨਸ਼ਿਆਂ ਦੀ ਤਰਜ਼ ਉੱਤੇ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਰੋਲਣ ਦਾ ਕਾਰਜ ਤੀਬਰਤਾ ਨਾਲ਼ ਦੋ ਦਹਾਕੇ ਪਹਿਲੋਂ ਹੀ ਸ਼ੁਰੂ ਹੋਇਆ, ਇਸ ਕਰਕੇ ਪਹਿਲੋਂ ਜੰਮੇ ਜਾਂ ਜਿਨ੍ਹਾਂ ਚੁਰਾਸੀ ਜਾਂ ਖਾੜਕੂ ਲਹਿਰ ਵੇਖੀ, ਉਨ੍ਹਾਂ ਉੱਤੇ ਮਾਨਸਿਕ ਅਸਰ ਹੋਰ ਕਿਸਮ ਦੇ ਹਨ, ਸੰਤਾਲ਼ੀ ਦੀ ਵੰਡ ਵੇਖਣ ਵਾਲਿਆਂ ਉੱਤੇ ਹੋਰ ਕਿਸਮ ਦੇ ਹੋਣਗੇ। ਕੋਈ ਵੀ ਵੱਡੀ ਘਟਨਾ ਵੱਖ-ਵੱਖ ਕੌਮਾਂ ਉੱਤੇ ਵੱਖ-ਵੱਖ ਕਿਸਮ ਦਾ ਪ੍ਰਭਾਵ ਛੱਡਦੀ ਹੈ।
ਸਮੂਹਿਕ ਰੂਪ ਵਿੱਚ ਸਾਡੀ ਕੌਮ ਸਾਰੀ ਦੁਨੀਆ ਵਿੱਚ ਇੱਕ ਡਰ ਵਿੱਚ ਜਿਉਂ ਰਹੀ ਹੈ। ਸਾਨੂੰ ਪੈਰ ਪੈਰ ਉੱਤੇ ਆਪਣੀ ਚੰਗਿਆਈ ਸਾਬਤ ਕਰਨ ਦਾ ਭੁਸ ਪੈ ਗਿਆ ਹੈ ਕਿਉਂਕਿ ਅਸੀਂ ਅੰਦਰੋਂ ਡਰੇ (insecure) ਹਾਂ। ਕਿਤੇ ਕੋਈ ਘਟਨਾ ਹੋਵੇ, ਸਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਜੇ ਅਸੀਂ ਇਸਦੀ ਨਿੰਦਿਆ ਨਾ ਕੀਤੀ ਤਾਂ ਖੌਰੇ ਸਾਨੂੰ ਕੋਈ ਦੋਸ਼ੀ ਨਾ ਕਰਾਰ ਦੇ ਦੇਵੇ। ਭਾਰਤ ਬੈਠਿਆਂ ਨੂੰ ਡਰ ਹੁੰਦਾ ਸਾਨੂੰ ਦੇਸ਼-ਵਿਰੋਧੀ ਨਾ ਆਖ ਦੇਣ ਅਤੇ ਬਾਹਰ ਬੈਠਿਆਂ ਨੂੰ ਹੁੰਦਾ ਕਿ ਸਾਨੂੰ ਕਿਤੋਂ ਇੱਥੋਂ ਕੱਢ ਨਾ ਦੇਣ।
ਗ਼ੁਲਾਮੀ ਨੇ ਸਾਨੂੰ ਲੇਲੜੀਆਂ ਕੱਢਣ ਵਾਲ਼ੀ ਕੌਮ ਬਣਾ ਦਿੱਤੀ ਹੈ ਜਿਸਨੂੰ ਰੋਜ਼ ਹਰ ਘਟਨਾ ਉੱਤੇ ਆਪਣੀ ਨਾ-ਸਮੂਲੀਅਤ ਅਤੇ ਚੰਗੇਪਣ ਦਾ ਸਪਸ਼ਟੀਕਰਨ ਦੇਣਾ ਪੈਂਦਾ ਹੈ ਅਤੇ ਪੈਰ ਪੈਰ ਉੱਤੇ ਸਮਝੌਤਾ ਕਰਨਾ ਪੈਂਦਾ ਹੈ। ਕੈਨੇਡਾ ਵਿੱਚ ਹੋਈ ਨੌਜਵਾਨਾਂ ਦੀ ਹਿੰਸਾ ਤੋਂ ਬਾਅਦ ਕੌਮ ਦਾ ਪ੍ਰਤੀਕਰਮ ਇਹੋ ਡਰ ਹੈ। ਆਪਣੇ ਆਪ ਨੂੰ ਕੈਨੇਡੀਅਨ ਹੋਣ ਦਾ ਭਰਮ ਪਾਲ਼ੀ ਬੈਠੇ ਵੀ ਅਸਲ ਵਿੱਚ ਆਜ਼ਾਦ ਨਹੀਂ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਇਨ੍ਹਾਂ ਨੌਜਵਾਨਾਂ ਕਰਕੇ ਗੋਰੇ ਸਾਨੂੰ ਗੁੰਡੇ-ਬਦਮਾਸ਼ ਨਾ ਸਮਝ ਲੈਣ, ਸਾਨੂੰ ਕੈਨੇਡਾ ਤੋਂ ਕੱਢ ਨਾ ਦੇਣ। ਓਥੇ ਹਿੰਦੂ ਅਤੇ ਇੱਥੇ ਗੋਰੇ, ਅਸੀਂ ਸਭ ਕੁਝ ਦੂਜਿਆਂ ਨੂੰ ਸਾਬਤ ਕਰਨ ਨੂੰ ਫਿਰਦੇ ਹਾਂ, ਸਾਡਾ ਆਤਮ-ਵਿਸ਼ਵਾਸ ਅਤੇ ਸਵੈਮਾਣ ਦੂਜਿਆਂ ਕੋਲ਼ ਗਹਿਣੇ ਹੈ।
ਰੋਜ਼ ਕਿੰਨੀਆਂ ਲੜਾਈਆਂ ਹੁੰਦੀਆਂ ਹਨ, ਕਿੰਨੇ ਗੈਂਗ ਅਤੇ ਹਥਿਆਰ ਫੜੇ ਜਾਂਦੇ ਹਨ, ਕੀ ਕਦੇ ਗੋਰੇ ਜਾਂ ਹਿੰਦੂ ਜਾਂ ਹੋਰ ਸਾਡੇ ਵਾਂਗ insecure ਮਹਿਸੂਸ ਕਰਦੇ ਹਨ? ਉਨ੍ਹਾਂ ਨੂੰ ਕਦੇ ਸਪਸ਼ਟੀਕਰਨ ਨਹੀਂ ਦੇਣਾ ਪੈਂਦਾ ਪਰ ਅਸੀਂ ਜਦ ਤੱਕ ਸਪਸ਼ਟੀਕਰਨ ਨਾ ਦੇਇਏ, ਉਦੋਂ ਤੱਕ ਇੱਕ ਤਰ੍ਹਾਂ ਨਾਲ਼ ਦੋਸ਼ੀ ਮਹਿਸੂਸ ਕਰਦੇ ਹਾਂ। ਕਿਸੇ ਬੁਰੀ ਘਟਨਾ ਨੂੰ ਨਿੰਦਣਾ ਗ਼ਲਤ ਨਹੀਂ ਪਰ ਸਾਡੇ ਬਿਆਨ ਘਟਨਾ ਨੂੰ ਨਿੰਦਣ ਲਈ ਘੱਟ ਅਤੇ ਆਪਣੇ ਡਰ 'ਚੋਂ ਜ਼ਿਆਦਾ ਨਿਕਲਦੇ ਹਨ।
ਆਧੁਨਿਕ ਸਮਾਜ ਵਿੱਚ, ਜਿੱਥੇ ਸੱਭੋ ਕੁਝ ਤਟ ਫਟ ਹੁੰਦਾ ਹੈ, ਅਸੀਂ ਹਰ ਮਸਲੇ ਨੂੰ ਸਮਝਣ, ਉਸਦੇ ਉੱਤੇ ਰਾਏ ਬਣਾਉਣ ਅਤੇ ਉਸਦੇ ਹੱਲ ਲੱਭਣ ਵਿੱਚ ਵੀ 'ਤਟ ਫਟ' ਕਰਦੇ ਹਾਂ। Black and white ਦੀ ਮਾਨਸਿਕਤਾ, ਜਿਸਤੋਂ ਭਾਵ ਕਿ ਚੀਜ਼ ਸਿਰਫ਼ ਗ਼ਲਤ ਜਾਂ ਸਹੀ ਹੀ ਹੈ, ਇਸਤੋਂ ਬਿਨ੍ਹਾਂ ਤੀਜਾ ਜਾਂ ਚੌਥਾ ਪੱਖ ਨਹੀਂ ਹੋ ਸਕਦਾ, ਸਾਡੇ ਉੱਤੇ ਭਾਰੂ ਹੈ। ਅਸੀਂ ਘਟਨਾਵਾਂ ਨੂੰ ਡੂੰਘਾ ਉੱਤਰ ਘੋਖਣਾ ਨਹੀਂ ਚਾਹੁੰਦੇ। ਜਦ ਤੱਕ ਸਮੱਸਿਆ ਦੇ ਕਾਰਨ ਸਪਸ਼ਟ ਨਹੀਂ ਹੁੰਦੇ, ਹੱਲ ਕਦੇ ਨਹੀਂ ਹੋਵੇਗਾ ਅਤੇ ਮੌਜੂਦਾ ਹਲਾਤਾਂ ਵਿੱਚ ਸਾਨੂੰ ਭਰਮ ਹੈ ਕਿ ਅਸੀਂ ਕਾਰਨ ਸਮਝਦੇ ਹਾਂ।
ਕੈਨੇਡਾ ਵਿੱਚ ਪੰਜਾਬੋਂ ਆਏ ਨੌਜਵਾਨਾਂ ਦੀ ਹਿੰਸਾ ਅਤੇ ਹਲਾਤਾਂ ਨੂੰ ਅਸੀਂ ਪੰਜਾਬ ਨਾਲ਼ੋਂ ਵੱਖ ਕਰਕੇ ਨਹੀਂ ਸਮਝ ਸਕਦੇ। ਇਸਦੇ ਲਈ ਸੰਤਾਲ਼ੀ ਵੀ ਸਮਝਣੀ ਪਵੇਗੀ, ਚੁਰਾਸੀ ਵੀ ਸਮਝਣੀ ਪਵੇਗੀ ਅਤੇ ਮੌਜੂਦਾ ਹਾਲਤ ਵੀ। ਜੇ ਇਸਨੂੰ ਅਣਗੌਲ਼ੇ ਕਰਾਂਗੇ ਤਾਂ ਕਦੇ ਨਹੀਂ ਸਮਝਾਂਗੇ ਕਿ ਪੌਣੀ ਦੋ ਸਦੀਆਂ ਤੋਂ ਗੁਲਾਮੀਂ ਹੰਢਾਈ ਆ ਰਹੀ ਕੌਮ ਅੱਜ ਕੀ ਹੈ ਅਤੇ ਕਿਉਂ ਹੈ। ਅਫ਼ਸੋਸ ਸਾਨੂੰ ਹਾਲੇ ਚੁਰਾਸੀ ਬਾਰੇ ਵੀ ਸਪਸ਼ਟਤਾ ਨਹੀਂ, ਇਸ ਲਈ ਬਹੁਤ ਥੋੜ੍ਹੇ ਲੋਕੀ ਇਨ੍ਹਾਂ ਘਟਨਾਵਾਂ ਨੂੰ ਸਮਝ ਸਕਦੇ ਹਨ ਪਰ ਜੇ ਇੱਛਾ ਅਤੇ ਸੁਹਿਰਤਾ ਹੋਵੇ ਤਾਂ ਸੰਵਾਦ ਰਚਾਏ ਜਾ ਸਕਦੇ ਹਨ।
ਆਮ ਮਾਨਸਿਕਤਾ ਇਨ੍ਹਾਂ ਗੁੰਝਲ਼ਦਾਰ ਮਸਲਿਆਂ ਨੂੰ ਸਮਝਣੋ ਅਸਮਰਥ ਹੈ ਅਤੇ ਕਈਆਂ ਨੂੰ ਨਾ ਸਮਝਣ ਦੀ ਤਨਖ਼ਾਹ ਮਿਲਦੀ ਹੈ। ਇਸ ਲਈ ਕੌਮ ਦੇ ਕੈਨੇਡਾ ਅਤੇ ਹੋਰ ਥਾਈਂ ਬੈਠੇ ਸੂਝਵਾਨ ਸੱਜਣਾਂ ਨੂੰ ਵਿਦੇਸ਼ ਆਏ ਪੰਜਾਬੀ ਨੌਜਵਾਨਾਂ ਅਤੇ ਬਾਕੀ ਪੰਜਾਬੀਆਂ ਦੇ ਰਵੱਈਏ ਪ੍ਰਤੀ ਆਪਣੇ ਆਪਣੇ ਵਿਚਾਰ ਰੱਖਣੇ ਚਾਹੀਦੇ ਹਨ। ਖ਼ਾਸਕਰ ਮੀਡੀਆ ਵਿੱਚ ਕੰਮ ਕਰ ਰਹੇ ਸੂਝਵਾਨ ਸੱਜਣਾਂ ਨੂੰ ਭਾਰਤ ਦੀ ਤਰਜ਼ ਉੱਤੇ ਕੰਮ ਕਰ ਰਹੇ ਦੇਸੀ ਮੀਡੀਏ ਦੇ ਪ੍ਰਚਾਰ ਨੂੰ ਬੇਅਸਰ ਕਰਨਾ ਚਾਹੀਦਾ ਹੈ।
ਟਰਾਂਟੋ, ਓਨਟਾਰੀਓ