ਸਟੇਟ ਤੇ ਏਜੰਸੀਆਂ ਦੇ ਡੇਰਿਆਂ ਨਾਲ ਰਿਸ਼ਤੇ ਅਤੇ ਡੇਰਿਆਂ ਨਾਲ ਜੁੜੇ ਵਿਵਾਦ

ਸੁਨੇਹਾ
0
ਹੁਣ ਤੱਕ ਦੇ ਸਭ ਤੋਂ ਵੱਧ ਚਰਚਿਤ ਭਾਰਤੀ ਸਾਧ ਗੁਰਮੀਤ ਰਾਮ ਨੂੰ ਡੇਰੇ ਦੀਆਂ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਵਿੱਚ 20 ਸਾਲ ਕੈਦ ਦੀ ਸਜ਼ਾ ਹੋ ਚੁੱਕੀ ਹੈ। ਹਾਲਾਂ ਕਿ ਉਸ ‘ਤੇ ਅਜੇ ਵੀ ਕਈ ਸਾਰੇ ਗੰਭੀਰ ਮਾਮਲਿਆਂ ਵਿੱਚ ਮੁਕੱਦਮੇ ਚੱਲ ਰਹੇ ਹਨ। ਉਸ ਵੱਲੋਂ ਕਤਲ ਕੀਤੇ ਦੱਸੇ ਜਾਂਦੇ ਹਜ਼ਾਰਾਂ ਹੋਰ ਲੋਕਾਂ ਦੇ ਮਾਮਲਿਆਂ ਵਿੱਚੋਂ ਕੁੱਝ ‘ਤੇ ਵੀ ਜੇ ਸਰਕਾਰ ਆਪਣੀ ਇਮਾਨਦਾਰੀ ਦਿਖਾ ਦੇਵੇ ਤਾਂ ਸੌਦਾ ਸਾਧ ਨੂੰ ਆਉਣ ਵਾਲੇ ਸਮੇਂ ਵਿੱਚ ਫਾਂਸ਼ੀ ਦੀ ਸਜ਼ਾ ਹੋਣੀ ਤੈਅ ਹੈ। ਪਰ ਸਰਕਾਰ ਅਜੇ ਵੀ ਸਾਧ ਦੇ ਮਾਮਲੇ ਵਿਚ ਉਸ ਨਾਲ ਨਰਮੀ ਦਿਖਾ ਰਹੀ ਹੈ। ਭਾਜਪਾ ਦੇ ਕਈ ਮੰਤਰੀ ਅਤੇ ਭਗਵੇਂ ਸਾਧ ਨੈਸ਼ਨਲ ਟੀ.ਵੀ. ਚੈਨਲਾਂ ‘ਤੇ ਸਿੱਧਮ-ਸਿੱਧਾ ਉਸਦੇ ਹੱਕ ਵਿੱਚ ਬੋਲ ਕੇ ਪੀੜਤ ਸਾਧਵੀਆਂ ਨੂੰ ਹੀ ਅਸਲ ਦੋਸ਼ੀ ਦੱਸ ਰਹੇ ਹਨ। ਇਸ ਤੱਥ ਤਾਂ ਸਪੱਸ਼ਟ ਹੈ ਕਿ ਘੱਟਗਿਣਤੀ ਪ੍ਰਧਾਨ ਸੂਬਿਆਂ ਵਿਚਲੇ ਡੇਰਿਆਂ ਦੀ ਸਥਾਪਤੀ ਅਤੇ ਚੜ੍ਹਤ ਪਿੱਛੇ ਹਮੇਸ਼ਾਂ ਕੇਂਦਰੀ ਏਜੰਸੀਆਂ ਦਾ ਹੀ ਹੱਥ ਰਿਹਾ ਹੈ ਤੇ ਉਹ ਆਪਣੇ ਉਦੇਸ਼ ਲਈ ਇਨ੍ਹਾਂ ਡੇਰਿਆਂ ਨੂੰ ਵਰਤਦੀਆਂ ਆਈਆਂ ਹਨ। ਵੋਟਾਂ ਵਿੱਚ ਡੇਰਿਆਂ ਵੱਲੋਂ ਕਦੋਂ ਕਿਸ ਸਿਆਸੀ ਪਾਰਟੀ ਦੀ ਮਦਦ ਕੀਤੀ ਜਾਣੀ ਹੈ ਇਹ ਵੀ ਕੇਂਦਰੀ ਏਜੰਸੀਆਂ ਹੀ ਤੈਅ ਕਰਦੀਆਂ ਹਨ। ਅੰਦਰਖ਼ਾਤੇ ਇਨ੍ਹਾਂ ਡੇਰਿਆਂ ਨੂੰ ਸਟੇਟ ਵੱਲੋਂ ਕਰੋੜਾਂ ਦੀ ਮਾਲੀ ਅਤੇ ਗੈਰ ਮਾਲੀ ਮੱਦਦ ਕੀਤੀ ਜਾਂਦੀ ਹੈ ਜੋ ਕਦੇ ਜਨਤਕ ਨਹੀਂ ਹੁੰਦੀ। ਸਿਆਸਤਦਾਨਾਂ ਵੱਲੋਂ ਲੋਕਾਂ ਨੂੰ ਦਿਖਾ ਕੇ ਦਾਨ ਵਜੋਂ ਕੀਤੀ ਜਾਂਦੀ ਡੇਰਿਆਂ ਦੀ ਮੱਦਦ ਪਿੱਛੇ ਵੀ ਬਹੁਤੀ ਵਾਰ ਏਜੰਸੀਆਂ ਦਾ ਦਿਮਾਗ਼ ਹੀ ਕੰਮ ਕਰ ਰਿਹਾ ਹੁੰਦਾ ਹੈ। ਭਾਰਤੀ ਨਿਜ਼ਾਮ ਦੇ ਸਮੁੱਚੇ ਤਾਣੇ-ਬਾਣੇ ਦੀ ਜੜ੍ਹ-ਜੜ੍ਹ ਤੱਕ ਕੱਟੜ ਫ਼ਿਰਕੂ ਭਗਵੀਆਂ ਤਾਕਤਾਂ ਨੇ ਗ਼ਲਬਾ ਜਮਾ ਲਿਆ ਹੈ। ਇਹੀ ਉਹ ਸਿਸਟਮ ਹੈ ਜੋ ਦੇਸ਼ ਨੂੰ ਚਲਾ ਰਿਹਾ ਹੈ। ਸਿਆਸੀ ਪਾਰਟੀਆਂ ਦੀ ਅਸਲ ਵਿੱਚ ਕੋਈ ਵੁਕਤ ਨਹੀਂ ਰਹੀ। ਇਹੀ ਕਾਰਨ ਹੈ ਕਿ ਕੇਂਦਰ ਵਿੱਚ ਰਾਜ ਭਾਵੇਂ ਕਿਸੇ ਵੀ ਪਾਰਟੀ ਦਾ ਆ ਜਾਵੇ ਪਰ ਸਟੇਟ ਦਾ ਏਜੰਡਾ ਕਾਇਮ ਰਹਿੰਦਾ ਹੈ। ਏਜੰਡਾ ਨਹੀਂ ਬਦਲਦਾ। ਇਹ ਗੱਲ ਅਲੱਗ ਹੈ ਕਿ ਭਾਜਪਾ ਦਾ ਆਪਣਾ ਏਜੰਡਾ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਨਾਲੋਂ ਕੱਟੜਤਾ ਦੇ ਨਾਲ-ਨਾਲ ਵੱਧ ਹਿੰਸਕ ਹੈ। ਉਪਰੋਕਤ ਚਰਚਾ ਦਾ ਮਕਸਦ ਇਹੀ ਦੱਸਣਾ ਹੈ ਕਿ ਭਾਰਤੀ ਨਿਜ਼ਾਮ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਦੇਸ਼ ਵਿੱਚ ਪੱਤਾ ਵੀ ਏਜੰਸੀਆਂ ਦੀ ਮਰਜ਼ੀ ਬਿਨਾਂ ਨਹੀਂ ਚੱਲ ਸਕਦਾ ਜੇ ਕੋਈ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਦਾ ਹਾਲ ਸੌਦਾ ਸਾਧ ਵਾਲਾ ਹੋਵੇਗਾ। ਸਾਨੂੰ ਲਗਦਾ ਹੈ ਕਿ ਪਾਠਕ ਇਸ ਉਕਤ ਚਰਚਾ ਤੋਂ ਪਿੱਛੋਂ ਸੌਦਾ ਸਾਧ ਨਾਲ ਵਾਪਰੀ ਹੋਣੀ ਦੇ ਅਸਲ ਕਾਰਨ ਸਮਝ ਗਏ ਹੋਣਗੇ।

ਪੰਜਾਬ ਵਿਚਲੇ ਡੇਰਿਆਂ (ਸੌਦਾ ਸਾਧ ਦਾ ਡੇਰਾ ਭਾਵੇਂ ਹਰਿਆਣਾ ਵਿੱਚ ਹੈ ਪਰ ਇਸਨੂੰ ਕੰਮ ਪੰਜਾਬ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਹੀ ਸੌਂਪਿਆ ਗਿਆ) ਪਰ ਪਿਛਲੇ ਕੁੱਝ ਸਮੇਂ ਤੋਂ ਚੇਲਿਆ ਦੀ ਵੱਡੀ ਗਿਣਤੀ ਦਾ ਖ਼ੁਮਾਰ ਸੌਦਾ ਸਾਧ ਨੂੰ ਇਸ ਕਦਰ ਚੜ੍ਹਿਆ ਕਿ ਉਹ ਆਪਣੀ ਔਕਾਤ ਭੁੱਲ ਗਿਆ ਤੇ ਆਪਣੇ ਆਕਾਵਾਂ ਨੂੰ ਤੁੱਛ ਸਮਝਣਾ ਸ਼ੁਰੂ ਕਰ ਦਿੱਤਾ। ਵੱਡੇ ਮੰਤਰੀਆਂ ਅਤੇ ਇੱਥੋਂ ਤੱਕ ਕਿ ਖ਼ੁਫ਼ੀਆ ਏਜੰਸੀਆਂ ਦੇ ਧੁਰੰਤਰਾਂ ਨੂੰ ਵੀ ਉਸ ਨੂੰ ਮਿਲਣ ਲਈ ਘੰਟਿਆਂ ਬੱਧੀ ਉਡੀਕ ਕਰਨੀ ਪੈਂਦੀ ਸੀ। ਸਟੇਟ ਵੱਲੋਂ ਸੌਂਪਿਆ ਏਜੰਡਾ ਛੱਡ ਕੇ ਉਹ ਆਪਣੀ ਮਨ ਮਰਜ਼ੀ ਕਰ ਲੱਗਾ ਸੀ ਤੇ ਅੰਤ ਨੂੰ ਸਟੇਟ ਨੇ ਉਸਨੂੰ ਉਸਦੀ ਔਕਾਤ ਦਿਖਾ ਦਿੱਤੀ। ਸਟੇਟ ਨੇ ਡੇਰੇ ਨੂੰ ਬਦਨਾਮੀ ਤੋਂ ਬਚਾਉਣ ਦਾ ਹਰ ਹੀਲਾ ਵਰਤਿਆ। ਸਟੇਟ ਦੇ ਕਰਤਾ ਧਰਤਾ ਸਿਰਫ਼ ਸੌਦਾ ਸਾਧ ਨੂੰ ਸਿਫ਼ਰ ਕਰਨਾ ਚਾਹੁੰਦੇ ਸਨ ਜੋ ਉਨ੍ਹਾਂ ਨੇ ਕਰ ਦਿੱਤਾ ਪਰ ਤਰਜੀਹ ਉਨ੍ਹਾਂ ਦੀ ਇਹ ਸੀ ਕਿ ਡੇਰੇ ਨਾਲ ਚੇਲਿਆਂ ਦਾ ਪਹਿਲਾਂ ਵਾਲਾ ਵਿਸ਼ਵਾਸ ਹੀ ਬਣਿਆ ਰਹੇ, ਤਾਂ ਜੋ ਹੁਣ ਡੇਰੇ ਨੂੰ ਸਿੱਧਾ ਭਗਵੀਆਂ ਤਾਕਤਾਂ ਦੇ ਹੱਥਾਂ ‘ਚ ਦੇ ਕੇ ਇਸ ਲੋਕ ਸਮੂਹ ਨੂੰ ਸਿੱਧਾ ਵਰਤਿਆ ਜਾ ਸਕੇ। ਪਹਿਲਾਂ ਇਹ ਵਰਤੋਂ ਸਾਧ ਰਾਹੀਂ ਹੁੰਦੀ ਸੀ। ਇਹੀ ਕਾਰਨ ਹੈ ਕਿ ਸਾਧ ਨੂੰ ਦੋਸੀ ਠਹਿਰਾਉਣ ਤੋਂ ਬਾਅਦ ਅਗਲੇ ਦਿਨ 26 ਅਗਸਤ ਨੂੰ ਡੇਰੇ ਵਿੱਚ ਦਾਖ਼ਲ ਹੋ ਰਹੀ ਫ਼ੌਜ ਨੂੰ ਇਕਦਮ ਰੋਕ ਲਿਆ ਗਿਆ। 15 ਦਿਨ ਫ਼ੌਜ ਨੂੰ ਅੰਦਰ ਦਾਖ਼ਲ ਨਾ ਹੋਣ ਦਿੱਤਾ । ਅੰਤ 15 ਦਿਨਾਂ ਪਿੱਛੋਂ ਉਦੋਂ ਪੁਲਿਸ ਤੇ ਨੀਮ ਫ਼ੌਜੀ ਦਸਤੇ ਅੰਦਰ ਭੇਜੇ ਗਏ ਜਦੋਂ ਡੇਰੇ ਦੇ ਬੰਦਿਆਂ ਨੇ ਡੇਰੇ ਅੰਦਰੋਂ ‘ਸਮਾਨ’ ਨੂੰ ਟਰੱਕਾਂ ਵਿੱਚ ਭਰ ਕੇ ਬਾਹਰ ਕੱਢ ਦਿੱਤਾ। ਇਹ ਟਰੱਕ ਆਮ ਲੋਕਾਂ ਨੂੰ ਤਾਂ ਨਜ਼ਰ ਆਉਂਦੇ ਸਨ ਪਰ ਡੇਰੇ ਨੂੰ ਘੇਰਾ ਪਾਈ ਬੈਠੀ ਫ਼ੌਜ ਤੇ ਪੁਲਿਸ ਦੀਆਂ ਅੱਖਾਂ ਇਨ੍ਹਾਂ ਟਰੱਕਾਂ ਨੂੰ ਨਾ ਦੇਖ ਸਕੀਆਂ। ਡੇਰੇ ਦੀ ਤਲਾਸ਼ੀ ਦਾ ਡਰਾਮਾ 3 ਦਿਨ ਚੱਲਿਆ ਅਤੇ ਅੰਦਰੋਂ ਨਾ ਕੁੱਝ ‘ਵੱਡਾ’ ਮਿਲਣਾ ਸੀ ਤੇ ਨਾ ਮਿਲਿਆ। ਡੇਰੇ ਦੇ ਉਸ ਬਾਗ ਦੀ ਖ਼ੁਦਾਈ ਵੀ ਨਹੀਂ ਕੀਤੀ ਗਈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਸੌਦਾ ਸਾਧ ਆਪਣੇ ਚੇਲਿਆਂ ਨੂੰ ਮਰਵਾ ਕੇ ਇਸ ਬਾਗ਼ ਵਿਚ ਦਬਾ ਦਿੰਦਾ ਸੀ ਤੇ ਉੱਪਰ ਦਰਖ਼ਤ ਲਗਾ ਦਿੰਦਾ ਸੀ। ਸੌਦਾ ਸਾਧ ਦੇ ਮਾਮਲੇ ਦੇ ਚਲਦਿਆਂ ਇੱਥੇ ਅਸੀਂ ਕੁੱਝ ਹੋਰ ਵਿਵਾਦਤ ਡੇਰਿਆ ਦਾ ਵੇਰਵਾ ਦੇਣ ਜਾ ਰਹੇ ਹਾਂ ਜਿਨ੍ਹਾਂ ਨੂੰ ਸਿੱਖ ਧਰਮ ਨੂੰ ਕਮਜ਼ੋਰ ਕਰਨ ਲਈ ਸਰਕਾਰਾਂ ਨੇ ਅਦਾਤਲਾਂ ਤੱਕ ਸਰਪ੍ਰਸਤੀ ਵੀ ਸਰਪ੍ਰਸਤੀ ਦਿੱਤੀ ਹੈ। ਹੱਥਲੇ ਅੰਕ ‘ਚ ਭਨਿਆਰਾ ਸਾਧ ਦਾ ਵਿਸਥਾਰ ਨਾਲ ਅਤੇ ਕੁੱਝ ਹੋਰ ਭਾਰਤੀ ਸਾਧਾਂ ਦਾ ਸੰਖੇਪ ਵਿੱਚ ਜ਼ਿਕਰ ਕਰਾਂਗੇ ਤੇ ਅਗਲੇ ਅੰਕ ਵਿੱਚ ਪੰਜਾਬ ਨਾਲ ਸਬੰਧਤ ਹੋਰ ਡੇਰੇਦਾਰਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਇਸਦੇ ਨਾਲ ਹੀ ਉਨ੍ਹਾਂ ਡੇਰਿਆਂ ਨੂੰ ਵੀ ਛੋਹਿਆ ਜਾਵੇਗਾ ਜਿਹੜੇ ਦਾਆਵਾ ਤਾਂ ਸਿੱਖੀ ਪ੍ਰਚਾਰ ਦਾ ਕਰਦੇ ਹਨ ਪਰ ਖ਼ੁਦ ਕਈ ਵਿਵਾਦਾਂ ‘ਚ ਘਿਰੇ ਹੋਏ ਹਨ ਤੇ ਸਿੱਖਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਹਨ।#

ਵਿਵਾਦਤ ਸਾਧ ਪਿਆਰਾ ਭਨਿਆਰਾਂ ਵਾਲਾ

ਪਿਆਰਾ ਸਿੰਘ ਭਨਿਆਰਾਂ ਵਾਲਾ ਕੇਸ ਬਹੁਤ ਚਰਚਿਤ ਰਿਹਾ ਹੈ। 17 ਸਤੰਬਰ 2001 ਨੂੰ ਪਿੰਡ ਰਤਨਗੜ ਦੇ ਗੁਰੂ ਘਰ ਵਿਚੋਂ ਤੜਕ ਸਾਰ ਪਿਆਰਾ ਸਿੰਘ ਭਨਿਆਰਾ ਦੇ ਚੇਲਿਆਂ ਨੇ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੁੱਕ ਕੇ ਇਨਾਂ ਨੂੰ ਫਾੜਨ ਉਪਰੰਤ ਪਿੰਡ ਰਸੂਲਪੁਰ ਦੇ ਬੱਸ ਅੱਡੇ ‘ਤੇ ਅਗਨ ਭੇਟ ਕਰ ਦਿਤਾ ਸੀ। ਜਿਸ ‘ਤੇ ਰੋਪੜ ਦੇ ਤਤਕਾਲੀ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਭੁੱਲਰ ਦੇ ਆਦੇਸ਼ਾਂ ‘ਤੇ ਸਾਧ ਤੇ ਉਸ ਦੇ 13 ਚੇਲਿਆਂ ਵਿਰੁਧ ਧਾਰਾ 452, 435, 411, 380, 153, 295 ਏ, 120 ਬੀ ਅਤੇ 109 ਅਧੀਨ ਮੋਰਿੰਡਾ ਥਾਣੇ ਵਿਖੇ ਮੁਕੱਦਮਾ ਨੰਬਰ 161 ਦਰਜ ਕੀਤਾ ਗਿਆ ਸੀ ਜਿਸ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ‘ਤੇ ਟਰਾਇਲ ਅੰਬਾਲਾ ਦੇ ਚੀਫ਼ ਜੂਡੀਸ਼ੀਅਲ ਦੀ ਅਦਾਲਤ ‘ਚ ਹੋਈ ਜਿਸ ਦੌਰਾਨ 22 ਸਰਕਾਰੀ ਤੇ ਗ਼ੈਰ ਸਰਕਾਰੀ ਗਵਾਹਾਂ ਨੇ ਆਪੋ-ਅਪਣੇ ਬਿਆਨ ਦਰਜ ਕਰਵਾਏ। 12 ਸਾਲ ਚੱਲੇ ਮੁੱਕਦਮੇ ਪਿੱਛੋਂ ‘ਚ 11 ਮਈ ਨੂੰ ਜਦੋਂ ਅੰਬਾਲਾ ਦੇ ਚੀਫ਼ ਜੁਡੀਸੀਅਲ ਮੈਜਿਸਟ੍ਰੇਟ ਸ੍ਰੀ ਏ ਕੇ ਜੈਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਕਰਨ ਦੇ ਮਾਮਲੇ ਵਿਚ ਅਖੌਤੀ ਸਾਧ ਭਨਿਆਰੇ ਤੇ ਉਸ ਦੇ 8 ਚੇਲਿਆਂ ਨੂੰ ਦੋਸ਼ੀ ਮੰਨਦਿਆਂ ਉਨਾਂ ਨੂੰ ਸਜ਼ਾ ਸੁਣਾਉਣ ਲਈ 13 ਮਈ 2013 ਦਾ ਦਿਨ ਨਿਰਧਾਰਤ ਕੀਤਾ। ਪਰ 13 ਮਈ ਨੂੰ ਸਿੱਖਾਂ ਨਾਲ ਜੋ ਭਾਰਤੀ ਜੁਡੀਸ਼ਰੀ ਵੱਲੋਂ ਕੀਤਾ ਜਾਂਦਾ ਹੈ ਉਹੀ ਹੋਇਆ। ਸਾਧ ਨੂੰ ਸਿਰਫ਼ 3 ਸਾਲ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚ ਮੌਕੇ ‘ਤੇ ਹੀ ਦੋਸ਼ੀ ਦੀ ਜ਼ਮਾਨਤ ਹੋ ਜਾਂਦੀ ਹੈ। ਭਨਿਆਰਾ ਸਾਧ ਵੀ ਇਸ ਮਾਮਲੇ ਵਿੱਚ ਆਪਣੀ ਜ਼ਮਾਨਤ ਭਰ ਕੇ ਰਿਹਾਅ ਹੋ ਗਿਆ।


ਕੌਣ ਹੈ ਪਿਆਰਾ ਭਨਿਆਰਾਂ ਵਾਲਾ?
ਕਿਹਾ ਜਾ ਰਿਹਾ ਹੈ ਕਿ ਭਨਿਆਰੇ ਦੇ ਡੇਰੇ ਦੀ ਸਥਾਪਤੀ ‘ਚ ਪਿਆਰੇ ਅਤੇ ਕੇਂਦਰੀ ਏਜੰਸੀਆਂ ਵਿਚਕਾਰ ਅਹਿਮ ਭੂਮਿਕਾ ਕਾਂਹਰਸੀ ਆਗੂ ਬੂਟਾ ਸਿੰਘ ਨੇ ਹੀ ਨਿਭਾਈ ਸੀ।

ਪਿਆਰਾ ਭਨਿਆਰਾਂ ਵਾਲਾ ਇੱਕ ਚੌਥੇ ਦਰਜੇ ਦਾ ਸਰਕਾਰੀ ਕਰਮਚਾਰੀ ਸੀ, ਜਿਸਨੂੰ ਦੋ ਦਹਾਕੇ ਪਹਿਲਾਂ ਕੇਂਦਰੀ ਏਜੰਸੀਆਂ ਨੇ ਸਿੱਖੀ ਨੂੰ ਕਮਜ਼ੋਰ ਕਰਨ ਲਈ ਚੁਣਿਆ। ਉਸਨੂੰ ਇਸ ਕੰਮ ਲਈ ਚੁਣਨ ਦਾ ਕਾਰਨ ਇਹ ਸੀ ਕਿ ਨਿਰੰਕਾਰੀ, ਰਾਧਾ ਸੁਆਮੀ ਤੇ ਹੋਰ ਡੇਰੇ ਅਮੀਰ ਲੋਕਾਂ ਦੇ ਡੇਰੇ ਬਣ ਗਏ ਸਨ ਅਤੇ ਦਲਿਤ ਵਰਗ ਨੂੰ ਆਪਣੇ ਵੱਲ ਖਿਚਣ ਵਿੱਚ ਬਹੁਤੇ ਸਹਾਈ ਨਹੀਂ ਸਨ ਹੋਏ। ਇਸ ਲਈ ਕਾਫ਼ੀ ਸਮੇਂ ਦੀ ਭਾਲ ਤੋਂ ਬਾਅਦ ਨੂਰਪੁਰ ਬੇਦੀ ਇਲਾਕੇ ਦੇ ਪਿਆਰੇ ਨਾਂ ਦੇ ਇਸ ਵਿਅਕਤੀ ਨੂੰ ਸਿਲੈਕਟ ਕੀਤਾ ਗਿਆ। ਇਸ ਮਗਰੋਂ ਪਿਆਰਾ ‘ਸਿੰਘ’ ਨੂੰ ਕੇਂਦਰੀ ਸਹਾਇਤਾ ਮਿਲਣ ਦਾ ਕੰਮ ਤੇਜ਼ ਹੋ ਗਿਆ। ਇਸ ਸਹਾਇਤਾ ਦੇ ਸਿਰ ‘ਤੇ ਉਹ ਅਤਿ ਗਰੀਬ, ਵਿਦਿਆਹੀਣ ਦਲਿਤਾਂ ਨੂੰ ਆਪਣੇ ਪਿੱਛੇ ਲਾਉਣ ‘ਚ ਬਹੁਤ ਸਫ਼ਲਤਾ ਪ੍ਰਾਪਤ ਕਰ ਗਿਆ ਸੀ।ਉਸ ਕੋਲ ਇਕ ਖਾਸ ਵਰਗ ਦੇ ਲੋਕਾਂ ਦਾ ਵਡਾ ਵੋਟ ਬੈਂਕ ਸੀ। ਪੰਜਾਬ ਭਰ ਵਿਚ ਉਸ ਦੇ ਕਈ ਲਖਾਂ ਸ਼ਰਧਾਲੂ ਬਣ ਗਏ ਸਨ। ਇਹ ਉਹ ਸਮਾਂ ਸੀ ਜਦੋਂ ਭਨਿਆਰਾਂ ਵਾਲਾ ਆਪਣੇ ਆਪ ਨੂੰ ਸਿਖ ਗੁਰੂਆਂ ਦੇ ਸਾਮਾਨ ਸਮਝਣ ਲਗ ਪਿਆ। ਉਸ ਸਮੇਂ ਕਦੇ ਉਹ ਠਾਠਾਂ ਮਾਰਦੇ ਆਪਣੇ ਸ਼ਰਧਾਲੂਆਂ ਦੇ ਇਕਠ ਵਿਚ ਘੋੜੇ ‘ਤੇ ਚੜਦਾ ਅਤੇ ਕਦੇ ਸ਼ਿੰਗਾਰੇ ਹਾਥੀਆਂ ‘ਤੇ। ਏਜੰਸੀਆਂ ਤੋਂ ਮਿਲ ਰਹੀ ਸਹਾਇਤਾ ਨੂੰ ਭਨਿਆਰਾਂ ਵਾਲਾ ਖੁੱਲ ਕੇ ਵਰਤਣ ਲੱਗਿਆ। ਚੇਲਿਆਂ ਦੀ ਲੱਖਾਂ ‘ਚ ਗਿਣਤੀ ਪਹੰਚਿਦਿਆਂ ਹੀ ਉਸ ਨੇ ਵੀ ਆਪਣੇ-ਆਪ ਨੂੰ ਹੋਰਨਾਂ ਡੇਰੇਦਾਰਾਂ ਵਾਂਗ ‘ਸਰਬ-ਸ਼ਕਤੀਮਾਨ’ ਸਮਝਣਾ ਸ਼ੁਰੂ ਕਰ ਦਿੱਤਾ। ਫਿਰ ਉਸਦੇ ਕੰਨ ‘ਚ ਫ਼ੂਕ ਮਾਰੀ ਗਈ ਕਿ ਉਹ ਆਪਣਾ ਗਰੰਥ ਤਿਆਰ ਕਰ ਲਵੇ। ਅਨਪੜ ਪਿਆਰੇ ਨੂੰ ਲਿਖਣਾ ਨਹੀਂ ਸੀ ਆਉਂਦਾ। ਫਿਰ ਦੋ-ਚਾਰ ਭਾੜੇ ਦੇ ਬੰਦਿਆਂ, ਜਿਨਾਂ ‘ਚ ਕੁੜੀਆਂ ਵੀ ਸ਼ਾਮਲ ਸਨ, ਨੂੰ ਤਿਆਰ ਕੀਤਾ ਗਿਆ ਕਿ ਇੱਧਰੋਂ-ਉਧਰੋਂ ਨਕਲ ਮਾਰ ਕੇ ਬਾਬੇ ਦਾ ‘ਗ੍ਰੰਥ’ ਤਿਆਰ ਕਰ ਦੇਣ। ਜਿਸ ਵਿੱਚ ਬਾਬੇ ਦੀਆਂ ਸਿਫ਼ਤਾਂ ਹੋਣ। ਇਹ ਕੁੜੀਆਂ ਵੀ ਇਸ ਬਾਬੇ ਦੇ ਡੇਰੇ ‘ਚ ਦਿਨ-ਰਾਤ ਰਹਿੰਦੀਆਂ ਰਹੀਆਂ।ਇਹ ਇਸਦੇ ਅੰਧ-ਵਿਸਵਾਸ਼ੀ ਚੇਲੇ ਆਪਣੀਆਂ ਕੁੜੀਆਂ ਨੂੰ ਖ਼ੁਦ ਇਸ ਦੇ ਡੇਰੇ ‘ਚ ਛੱਡਣ ਲੱਗੇ। ਆਪਣੇ ਕੋਲ ਆਉਣ ਵਾਲਿਆਂ ਨੂੰ ਭਨਿਆਰਾਂ ਵਾਲਾ ਪ੍ਰਸ਼ਾਦ ਦੇ ਰੂਪ ‘ਚ ਨਗਦੀ ਵੀ ਦਿੰਦਾ ਰਿਹਾ ਹੈ।ਭਨਿਆਰੇ ਸਾਧ ਦਾ ਗ੍ਰੰਥ ਤਿਆਰ ਕਰਨ ਵਿੱਚ ਇੱਕ ਬਦਨਾਮ ਨਾਸਤਕ ਲੇਖਕ ਦਾ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ ਤੇ ਲੇਖਕ ਹੁਣ ਗੁਰੂ ਨਾਨਕ ਸਾਹਿਬ ਪ੍ਰਤੀ ਗਾਲਾਂ ਵਰਗੀ ਸ਼ਬਦਾਵਲੀ ਵਰਤਣ ਦੇ ਦੋਸ਼ ‘ਚ ਜੇਲ੍ਹ ‘ਚ ਬੰਦ ਹੈ।


ਇਨਾਂ ਲੋਕਾਂ ਦੀਆਂ ਫ਼ੋਟੋਆਂ ਖਿੱਚਣ ਦਾ ਵੀ ਭਨਿਆਰੇ ਸਾਧ ਨੇ ਪੂਰਾ ਪ੍ਰਬੰਧ ਕੀਤਾ ਹੋਇਆ ਸੀ। ਇਹ ਤਸਵੀਰਾਂ ਉਸਨੇ ਆਪਣੇ ‘ਗ੍ਰੰਥ’ ‘ਚ ਵੀ ਸਾਮਲ ਕਰ ਲਈਆਂ ਅਤੇ ਸਾਲ 2001 ਦੀ ਵਿਸਾਖੀ ਨੂੰ ਇੱਕ ਅਖ਼ਬਾਰ ਵਿੱਚ ਸਪਲੀਮੈਂਟ ਕਢਵਾ ਕੇ ਇਹ ਤਸਵੀਰਾਂ ਵੀ ਛਪਵਾ ਦਿੱਤੀਆਂ ਤਾਂ ਜੋ ਲੋਕਾਂ ‘ਚ ਇਹ ਗੱਲ ਪਹੁੰਚਾਈ ਜਾ ਸਕੇ ਕਿ ਇਸ ‘ਬਾਬੇ’ ਕੋਲ ਤਾਂ ਵੱਡੇ-ਵੱਡੇ ਅਕਾਲੀ, ਕਾਂਗਰਸੀ ਲੀਡਰ ਅਤੇ ਅਫਸਰ ਵੀ ਆਉਂਦੇ ਹਨ। ਇੰਨਾ ਹੀ ਨਹੀਂ ਇਸ ਵਿੱਚ ਇਕ ਤਰਕਸ਼ੀਲ ਆਗੂ ਦੀ ਤਸਵੀਰ ਵੀ ਸ਼ਾਮਲ ਸੀ। ਅਖ਼ਬਾਰ ਵਿੱਚ ਅਤੇ ਭਨਿਆਰੇ ਦੇ ਗ੍ਰੰਥ ‘ਚ ਅਕਾਲੀ ਆਗੂਆਂ ਦੀਆਂ ਤਸਵੀਰਾਂ ਜਿਨਾਂ ‘ਚ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਅਕਾਲੀ ਮੰਤਰੀ ਗੁਰਦੇਵ ਸਿੰਘ ਬਾਦਲ, ਉਸਦਾ ਲੜਕਾ ਕੇਵਲ ਸਿੰਘ ਬਾਦਲ, ਜੋ ਕਿ ਉਸ ਸਮੇਂ ਸ਼੍ਰੋਮਣੀ ਕਮੇਟੀ ਦਾ ਮੀਤ ਪ੍ਰਧਾਨ ਵੀ ਸੀ ਮੁੱਖ ਸਨ। ਇਹ ਦੋਵੇਂ ਤਾਂ ਭਨਿਆਰਾਂ ਵਾਲੇ ਨੂੰ ਪੰਥ ‘ਚੋਂ ਛੇਕੇ ਜਾਣ ਤੋਂ ਬਾਅਦ ਵੀ ੳਸਦੇ ਸਮਾਗਮਾਂ ‘ਚ ਸ਼ਾਮਲ ਹੁੰਦੇ ਰਹੇ ਹਨ ਅਤੇ ਉਸਦੀਆਂ ਸਟੇਜਾਂ ‘ਤੇ ਬੈਠਦੇ ਰਹੇ ਹਨ। ਇੰਨਾ ਹੀ ਨਹੀਂ ‘ਜਥੇਦਾਰ’ ਵੱਲੋਂ ਛੇਕੇ ਜਾਣ ਦਾ ‘ਹੁਕਮਨਾਨਮਾ’ ਜਾਰੀ ਹੋਣ ਤੋਂ ਬਾਅਦ ਭਨਿਆਰਾਂ ਵਾਲਾ ਨੇ ਇਹ ਵੀ ਕਹਿ ਦਿੱਤਾ ਸੀ ਕਿ, ”ਮੈਨੂੰ ਕਿਹੜੇ ਪੰਥ ‘ਚੋਂ ਛੇਕ ਰਹੇ ਹੋ? ਮੈਂ ਤਾਂ ਕਦੇ ਇਸ ਪੰਥ ‘ਚ ਸ਼ਾਮਲ ਹੀ ਨਹੀਂ ਸੀ।” ਭਨਿਆਰਾਂ ਵਾਲੇ ਦੇ ਇਸ ਬਿਆਨ ਦਾ ਵੀ ਗੁਰਦੇਵ ਬਾਦਲ ਤੇ ਕੇਵਲ ਬਾਦਲ ‘ਤੇ ਕੋਈ ਅਸਰ ਨਹੀਂ ਸੀ ਹੋਇਆ।
ਇੱਕ ਹੋਰ ਅਕਾਲੀ ਆਗੂ ਅਮਰੀਕ ਸਿੰਘ ਅਲੀਵਾਲ ਦੀਆਂ ਤਸਵੀਰਾਂ ਵੀ ਭਨਿਆਰੇ ਦੇ ਗ੍ਰੰਥ ‘ਚ ਸ਼ਾਮਲ ਸਨ। ਕਾਂਗਰਸੀ ਆਗੂਆਂ ‘ਚੋਂ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਬੱਬੂ ਨਾਂ ਦਾ ਉਸ ਸਮੇਂ ਦਾ ਯੂਥ ਕਾਂਗਰਸ ਦਾ ਪ੍ਰਧਾਨ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਨੂਰਪੁਰ ਬੇਦੀ ‘ਚ ਭਨਿਆਰਾਂ ਵਾਲਾ ਦੇ ਡੇਰੇ ਦੀ ਸਥਾਪਤੀ ਵਿੱਚ ਕੇਂਦਰੀ ਏਜੰਸੀਆਂ ਵਿਚਕਾਰ ਵਿਚੋਲਗੀ ਬੂਟਾ ਸਿੰਘ ਨੇ ਹੀ ਨਿਭਾਈ ਸੀ। ਅਹਿਮ ਅਕਾਲੀ ਅਗੂਆਂ ਦੀਆਂ ਅਖ਼ਬਾਰਾਂ ਅਤੇ ਇਸਦੇ ਗ੍ਰੰਥ ‘ਚ ਫ਼ੋਟੋਆਂ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤਾਂ ਦੇ ਜਥੇਦਾਰਾਂ ਨੇ ਭੇਦਭਰੀ ਚੁੱਪ ਵੱਟ ਲਈ ਸੀ।


ਇਸ ਤੋਂ ਬਾਅਦ ਪਿਆਰਾ ਭਨਿਆਰਾਂ ਵਾਲੇ ਦਾ ਹੌਸਲਾ ਵਧਦਾ ਗਿਆ। ਉਸਨੇ ਆਪਣੇ ਚੇਲਿਆਂ ਦੇ ਘਰਾਂ ‘ਚ ਆਪਣੇ ‘ਗ੍ਰੰਥ’ ਦੇ ਆਖੰਡ ਪਾਠ ਸ਼ੁਰੂ ਕਰਵਾ ਦਿੱਤੇ। ਅਜਿਹੇ ਇੱਕ ਆਖੰਡ ਪਾਠ ਵਿਰੁੱਧ ਸਿੱਖ ਸਟੂਡੈਂਟਸ ਫ਼ੈਂਡਰੇਸ਼ਨ ਦੇ ਵਿਦਿਅਰਥੀਆਂ ਨੇ ਲੁਧਿਆਣਾ ‘ਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਕੇਂਦਰੀ ਏਜੰਸੀਆਂ ਦਾ ਥਾਪੜਾ ਪ੍ਰਾਪਤ ਭਨਿਆਰੇ ਦਾ ਦਿਮਾਗ ਪਹਿਲਾਂ ਹੀ ਸੱਤਵੇਂ ਅਸਮਾਨੀਂ ਪਹੁੰਚ ਚੁੱਕਾ ਸੀ। ਇਸ ਵਿਰੋਧ ਪ੍ਰਦਰਸ਼ਨ ਤੋਂ ਚਿੜ ਕੇ ਉਸਨੇ ਆਪਣੇ ਪਿੱਛਲੱਗਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਾੜ ਦੇਣ ਦਾ ਹੁਕਮ ਜਾਰੀ ਕਰ ਦਿੱਤਾ।

ਬੀੜਾਂ ਸਾੜਣ ਦੀਆਂ ਘਟਨਾਵਾਂ ਲਗਾਤਾਰ ਵਾਪਰਨ ਲੱਗੀਆਂ। ਇੰਨਾ ਕੁਝ ਵਾਪਰ ਜਾਣ ‘ਤੇ ਵੀ ਪੰਜਾਬ ਦੀ ਬਾਦਲ ਸਰਕਾਰ ਦੀ ‘ਕੁਝ ਨਹੀਂ ਹੋਇਆ’ ਵਰਗੀ ਖਾਮੋਸ਼ੀ ਤੋਂ ਤੰਗ ਆ ਕੇ ਸਿੱਖ ਆਪਣੇ ਕੰਮ ਕਾਰ ਛੱਡ ਕੇ ਸੜਕਾਂ ‘ਤੇ ਆਉਣ ਲੱਗੇ। ਸਿੱਖਾਂ ਦੇ ਇਸ ਰੋਹ ਨੂੰ ਹਿੰਸਕ ਰੂਪ ਧਾਰਦਾ ਵੇਖ ਕੇ ਆਖਰ ਉਸ ਸਮੇਂ ਭਨਿਆਰਾਂ ਵਾਲੇ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਭਨਿਆਰੇ ਦੇ ਡੇਰੇ ‘ਚ ਜਾਣ ਵਾਲੇ ਅਕਾਲੀ ਆਗੂਆਂ ਨੇ ਸਿੱਖਾਂ ਦਾ ਰੋਹ ਵੇਖ ਕੇ ਅਕਾਲ ਤਖ਼ਤ ਸਾਹਿਬ ‘ਤੇ ਜਾ ਕੇ ‘ਤਨਖਾਹਾਂ’ ਲੁਆ ਕੇ ‘ਸੱਚੇ’ ਹੋ ਜਾਣ ਵਿੱਚ ਹੀ ਬਿਹਤਰੀ ਸਮਝੀ। ਸਿੱਖਾਂ ਦਾ ਰੋਹ ਉਠਣ ਤੋਂ ਪਹਿਲਾਂ ਤੱਕ ਉਨਾਂ ਅਕਾਲੀ ਆਗੂਆਂ ਨੇ ਉਂਝ ਅਜਿਹੀ ਕੋਈ ਲੋੜ ਵੀ ਨਹੀਂ ਸੀ ਸਮਝੀ। ਜਦੋਂ ਇਨਾਂ ਆਗੂਆਂ ਨੂੰ ਅਕਾਲ ਤਖ਼ਤ ‘ਤੇ ‘ਤਨਖ਼ਾਹ’ ਲਗਾਈ ਜਾ ਰਹੀ ਸੀ ਤਾਂ ਸੰਗਤ ‘ਚੋਂ ਆਵਾਜ਼ਾਂ ਆ ਰਹੀਆਂ ਸਨ ਕਿ ਇਹ ਲੋਕ ਸਖ਼ਤ ਸਜ਼ਾ ਦੇ ਹੱਕਦਾਰ ਹਨ ਇਨਾ ਨਾਲ ਨਰਮੀ ਨਹੀਂ ਵਰਤਣੀ ਚਾਹੀਦੀ।



ਬੰਤ ਰਾਮ ਘੇੜਾ
ਪਿਆਰਾ ਸਿੰਘ ਭਨਿਆਰਾ ਤੋਂ ਪਹਿਲਾਂ ਬੰਤਾ ਰਾਮ ਘੇੜਾ ਨਾਂ ਦੇ ਇੱਕ ਵਿਅਕਤੀ ਨੇ ‘ਆਦਿ-ਧਰਮ ਮਿਸ਼ਨ’ ਦੇ ਨਾਂ ਹੇਠ ਇੱਕ ਜਥੇਬੰਦੀ ਦੀ ਸਥਾਪਨਾ ਕੀਤੀ ਸੀ। ਉਸਨੇ ਗੁਰੂ ਗ੍ਰੰਥ ਸਾਹਿਬ ‘ਚ ਦਰਜ ਭਗਤ ਰਵੀਦਾਸ ਜੀ ਦੀ ਬਾਣੀ ਨੂੰ ਤੋੜ-ਮਰੋੜ ਕੇ ਇੱਕ ਗ੍ਰੰਥ ਵੀ ਤਿਆਰ ਕਰ ਲਿਆ। ਇਸ ਦੇ ਨਾਲ ਹੀ ਉਸਨੇ ਗੁਰੂ ਨਾਨਕ ਸਾਹਿਬ ਅਤੇ ਭਗਤ ਕਬੀਰ ਜੀ ਦੀ ਬਾਣੀ ‘ਚ ਫੇਰ-ਬਦਲ ਕਰਕੇ ਭਗਤ ਰਵੀਦਾਸ ਜੀ ਦੀ ਬਾਣੀ ਦੇ ਨਾਂ ਹੇਠ ਆਪਣੇ ‘ਗ੍ਰੰਥ’ ‘ਚ ਸ਼ਾਮਿਲ ਕਰ ਲਿਆ ਸੀ। ਫਿਰ ਉਸਨੇ ਇੱਕ ਪ੍ਰਚਾਰ ਮੁਹਿੰਮ ਸ਼ੁਰੂ ਕਰਕੇ ਪਿੰਡਾਂ ‘ਚ ਜਾਤਾਂ ਦੇ ਆਧਾਰ ‘ਤੇ ਬਣੇ ਦਲਿਤਾਂ ਦੇ ਗੁਰਦੁਆਰਿਆਂ ‘ਚੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਹਟਵਾ ਕੇ ਇਸ 70 ਸਫ਼ਿਆਂ ਦੇ ਗ੍ਰੰਥ ਨੂੰ ਰੱਖਣਾ ਸ਼ੁਰੂ ਕਰ ਦਿੱਤਾ। ਇਸ ਕੰਮ ‘ਚ ਉਸਨੂੰ ਇੰਦਰਾ ਗਾਂਧੀ ਨੇ ਵੀ ਭਰਪੂਰ ਥਾਪੜਾ ਦਿੱਤਾ। ਫਿਰ ਉਸਨੇ ਇਸ ਗ੍ਰੰਥ ਦਾ ਹਿੰਦੀ ਅਨੁਵਾਦ ਕਰਵਾ ਕੇ ਇਸ ਨੂੰ ‘ਅੰਮ੍ਰਿਤਬਾਣੀ’ ਦੇ ਨਾਂ ਹੇਠ ਛਪਵਾ ਦਿੱਤਾ ਅਤੇ ਇਸਦੇ ਉਦਘਾਟਨ ਲਈ ਵੀ ਦਿਨ ਤਹਿ ਕਰ ਲਿਆ।ਇਸ ਗ੍ਰੰਥ ਦਾ ਉਦਘਾਟਨ ਕਿਸੇ ਹੋਰ ਨੇ ਨਹੀਂ ਸਗੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਐਚ.ਕੇ.ਐਲ. ਭਗਤ ਨੇ ਕਰਨਾ ਸੀ ਪਰ ਦਿੱਲੀ ਦੇ ਸਿੱਖਾਂ ਨੂੰ ਵੇਲੇ ਸਿਰ ਇਸਦਾ ਪਤਾ ਲੱਗ ਜਾਣ ‘ਤੇ ਉਨਾਂ ਨੇ ਆਪਣਾ ਰਸੂਖ ਵਰਤਦਿਆਂ ਭਗਤ ਵਲੋਂ ਕੀਤੇ ਜਾਣ ਵਾਲੇ ਇਸ ਗ੍ਰੰਥ ਦੇ ਉਦਘਾਟਨ ਨੂੰ ਰੋਕ ਦਿੱਤਾ।ਇਸ ਪਿੱਛੋਂ ਲੁਧਿਆਣਾ ਦੇ ਇੱਕ ਦਲਿਤ ਸਿੱਖ ਸ. ਮੱਘਰ ਸਿੰਘ ਨੇ ਬੰਤਾ ਰਾਮ ਘੇੜਾ ਵਿਰੁੱਧ ਇੱਕਲੇ ਨੇ ਹੀ ਕਾਨੂੰਨੀ ਲੜਾਈ ਲੜੀ। ਇਸ ਕੰਮ ‘ਚ ਉਸਦਾ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਵਲੋਂ ਵੀ ਕੋਈ ਸਾਥ ਨਹੀਂ ਦਿੱਤਾ ਗਿਆ ਆਖਰ ਲੰਮੀ ਕਾਨੂੰਨੀ ਜੱਦੋ-ਜਹਿਦ ਪਿੱਛੋਂ ਸ. ਮੱਘਰ ਸਿੰਘ ਜੁਲਾਈ 1999 ‘ਚ ਇਸ ਗ੍ਰੰਥ ‘ਤੇ ਪਾਬੰਦੀ ਲਗਾਉਣ ‘ਚ ਸਫ਼ਲ ਹੋ ਹੀ ਗਏ। #

Post a Comment

0 Comments
Post a Comment (0)
To Top