ਸਾਡੇ ਆਲੇ-ਦੁਆਲੇ ਚੰਨ, ਤਾਰੇ, ਫਰਨੀਚਰ, ਜੀਵ-ਜੰਤੂ, ਸਮੁੰਦਰ ਜਾਂ ਪਹਾੜ ਆਦਿ ਸਾਰਾ ਪਦਾਰਥ ਅਸਲ ਵਿੱਚ ਕੁਝ ਬੁਨਿਆਦੀ ਕਣਾਂ ਦਾ ਬਣਿਆ ਹੋਇਆ ਹੈ। ਉਨ੍ਹਾਂ ਬੁਨਿਆਦੀ ਕਣਾਂ ਵਿੱਚੋਂ ਇਲੈਕਟ੍ਰਾਨ, ਪ੍ਰੋਟਾਨ ਅਤੇ ਨਿਊਟ੍ਰਾਨ ਪ੍ਰਮੁੱਖ ਹਨ। ਇਹ ਕਣ ਅੱਗੋਂ ਕੁਆਰਕਸ ਤੇ ਲੈਪਟਾਨ ਦੇ ਬਣੇ ਹਏ ਹਨ। ਕੁਆਰਕਸ ਦੀਆਂ ਅੱਗੋਂ ਕਿਸਮਾਂ ਹਨ ਜਿਵੇਂ ਅੱਪ ਕੁਆਰਕਸ, ਡਾਊਨ ਕੁਆਰਕਸ ਆਦਿ। ਇਸੇ ਤਰ੍ਹਾਂ ਲੈਪਟਾਨ ਕਣਾਂ ਦੀਆਂ ਵੀ ਆਪਣੀਆਂ ਕਿਸਮਾਂ ਹਨ। ਕੁਝ ਕਣ ਅਜਿਹੇ ਹਨ ਜਿਨ੍ਹਾਂ ਦਾ ਘੁੰਮਣਘੇਰ 1/2 ਹੈ ਤੇ ਕੁਝ ਕਣ ਅਜਿਹੇ ਜਿਨ੍ਹਾਂ ਦਾ ਘੁੰਮਣਘੇਰ ਇੱਕ ਜਾਂ ਜ਼ੀਰੋ ਦੇ ਬਰਾਬਰ ਹੈ। ਜਿਨ੍ਹਾਂ ਦਾ ਘੁੰਮਣਘੇਰ ਇੱਕ ਜਾਂ ਜ਼ੀਰੋ ਹੈ, ਉਨ੍ਹਾਂ ਨੂੰ ਬੋਸਾਨ ਕਿਹਾ ਜਾਂਦਾ ਹੈ। ਘੁੰਮਣਘੇਰ ਇੱਕ ਵਾਲੇ ਬੋਸਾਨ ਦੀਆਂ ਕਿਸਮਾਂ ਵਿੱਚ ਗੂਲੁਕੋਨ, ਫੋਟਾਨ W ਤੇ Z ਬੋਸਾਨ ਆਉਂਦੇ ਹਨ। ਜ਼ੀਰੋ ਘੁੰਮਣਘੇਰ ਵਾਲੇ ਬੋਸਾਨ ਦਾ ਨਾਂ ਹਿਗਸ ਬੋਸਾਨ ਹੈ। ਇਨ੍ਹਾਂ ਤੋਂ ਇਲਾਵਾ ਵੀ ਕਈ ਹੋਰ ਕਣ ਹਨ ਜਿਨ੍ਹਾਂ ਦੀ ਪਦਾਰਥ ਦੀ ਰਚਨਾ ਵਿੱਚ ਪ੍ਰਮੁੱਖ ਭੂਮਿਕਾ ਰਹੀ ਹੈ। ਹਿਗਸ ਬੋਸਾਨ ਵਿਗਿਆਨੀਆਂ ਲਈ ਕਈ ਦਹਾਕਿਆਂ ਤੋਂ ਗੁੰਝਲਦਾਰ ਵਿਸ਼ਾ ਬਣਿਆ ਰਿਹਾ। ਇਸ ਦੇ ਹੋਣ ਦੀ ਪੁਸ਼ਟੀ ਹਿਸਾਬੀ ਮਾਡਲ ਦੇ ਆਧਾਰ ’ਤੇ 1964 ਵਿੱਚ ਛੇ ਵਿਗਿਆਨੀਆਂ ਨੇ ਕੀਤੀ ਜਿਨ੍ਹਾਂ ਵਿੱਚੋਂ ਪੀਟਰ ਹਿਗਸ ਵੀ ਇੱਕ ਸੀ। ਪੀਟਰ ਹਿਗਸ ਦੇ ਨਾਮ ਤੋਂ ਇਸ ਬੋਸਾਨ ਦਾ ਨਾਂ ਹਿਗਸ ਬੋਸਾਨ ਰੱਖਿਆ ਗਿਆ। ਨੋਬੇਲ ਪੁਰਸਕਾਰ ਜੇਤੂ ਲੀਓਨ ਲੈਡਰਮੈਂਨ ਨੇ 1990 ਵਿੱਚ ਪਾਪੂਲਰ ਸਾਇੰਸ ’ਤੇ ਇੱਕ ਕਿਤਾਬ ਲਿਖੀ। ਉਸ ਵਿੱਚ ਉਸ ਨੇ ਇਸ ਬੋਸਾਨ ਨੂੰ ਗਾਡ ਪਾਰਟੀਕਲ ਕਿਹਾ।
ਇੱਥੇ ਇਹ ਗੱਲ ਵਰਣਨਯੋਗ ਹੈ ਕਿ ਹਿਗਸ ਬੋਸਾਨ ਦਾ ਗਾਡ ਜਾਂ ਰੱਬ ਨਾਲ ਕੋਈ ਸਬੰਧ ਨਹੀਂ ਹੈ। ਕਿਸੇ ਇੱਕ ਪਾਰਟੀਕਲ ਨੂੰ ਗਾਡ ਪਾਰਟੀਕਲ ਕਹਿਣਾ ਵਾਜਬ ਨਹੀਂ ਹੋਵੇਗਾ ਕਿਉਂਕਿ ਪਦਾਰਥ ਰਚਨਾ ਵਿੱਚ ਹਰ ਪਾਰਟੀਕਲ ਜਾਂ ਕਣ ਦਾ ਆਪਣਾ ਰੋਲ ਹੈ। ਹਿਗਸ ਬੋਸਾਨ ਸਕਿੰਟ ਦੇ ਬੜੇ ਥੋੜ੍ਹੇ ਜਿਹੇ ਸਮੇਂ ਲਈ ਜਿਉਂਦਾ ਰਹਿੰਦਾ ਹੈ ਤੇ ਫਿਰ ਕੁਝ ਹੋਰ ਕਣਾਂ ਵਿੱਚ ਆਪਣੇ ਆਪ ਨੂੰ ਤਬਦੀਲ ਕਰ ਲੈਂਦਾ ਹੈ ਜਾਂ ਕਹਿ ਲਓ ਕਿ ਰੱਬ ਨਾਂ ਦਾ ਇਹ ਪਾਰਟੀਕਲ ਸਕਿੰਟ ਦੇ ਕੁਝ ਕੁ ਪਲ ਜਿਉਂਦਾ ਰਹਿ ਕੇ ਮਰ ਜਾਂਦਾ ਹੈ। ਕੁਝ ਲੋਕ ਇਸ ਖੋਜ ਨੂੰ ਗ਼ਲ਼ਤ ਤਰੀਕੇ ਨਾਲ ਸੋਚ ਰਹੇ ਹਨ ਕਿ ਗਾਡ ਪਾਰਟੀਕਲ ਲੱਭਣ ਨਾਲ ਰੱਬ ਦੀ ਹੋਂਦ ਖ਼ਤਮ ਹੋ ਗਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪਾਰਟੀਕਲ ਦੇ ਲੱਭਣ ਨਾਲ ਰੱਬ ਮਰ ਗਿਆ ਹੈ। ਅਜਿਹਾ ਕੁਝ ਵੀ ਨਹੀਂ। ਰੱਬ ਦੀ ਹੋਂਦ ਦੀ ਗੱਲ ਆਪਣੀ ਜਗ੍ਹਾ ਹੈ ਤੇ ਗਾਡ ਪਾਰਟੀਕਲ ਆਪਣੀ ਜਗ੍ਹਾ ਠੀਕ ਹੈ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ। ਸਵਾਲ ਇਹ ਹੈ ਕਿ ਇਸ ਪਾਰਟੀਕਲ ਨੂੰ ਐਨੀ ਮਹੱਤਤਾ ਕਿਉਂ ਦਿੱਤੀ ਜਾ ਰਹੀ ਹੈ? ਇਸ ਪਾਰਟੀਕਲ ਜਾਂ ਕਣ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਸ੍ਰਿਸ਼ਟੀ ਰਚਨਾ ਸਮਝਣੀ ਪਏਗੀ।
ਵਿਗਿਆਨੀ ਪੀਟਰ ਹਿਗਸ (ਵਿਚਕਾਰ) ਜਿਨ੍ਹਾਂ ਦੇ ਨਾਂ ’ਤੇ ‘ਖੋਜੇ ਗਏ’ ਅਣੂ ਦਾ ਨਾਂ ਹਿਗਸ ਬੋਸਾਨ ਪਿਆ |
ਵਿਗਿਆਨ ਮੁਤਾਬਕ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਸ਼ਕਤੀ ਦਾ ਅਥਾਹ ਸਮੁੰਦਰ ਭਖਦੇ ਹੋਏ ਅੱਗ ਦੇ ਗੋਲੇ ਵਾਂਗੂੰ ਇੱਕ ਬਿੰਦੂ ਰੂਪ ਵਿੱਚ ਸੀ। ਬਿੱਗ ਬੈਂਗ ਤੋਂ ਪਹਿਲਾਂ ਪਦਾਰਥ ਨਹੀਂ ਸੀ, ਸਿਰਫ਼ ਤੇ ਸਿਰਫ਼ ਊਰਜਾ ਜਾਂ ਸ਼ਕਤੀ ਹੀ ਸੀ ਪਰ ਉਹ ਊਰਜਾ ਜਾਂ ਸ਼ਕਤੀ ਇੱਕ ਨਿੱਕੇ ਤੋਂ ਵੀ ਨਿੱਕੇ (ਆਨੰਤ ਤਕ ਨਿੱਕੇ) ਬਿੰਦੂ ’ਤੇ ਕੇਂਦਰਿਤ ਸੀ। ਇਸ ਅਵਸਥਾ ਨੂੰ ਵਿਗਿਆਨ ਬਿਆਨ ਨਹੀਂ ਕਰ ਸਕਦਾ ਕਿਉਂਕਿ ਅਨੰਤ ’ਤੇ ਆ ਕੇ ਵਿਗਿਆਨ ਦੇ ਨਿਯਮ ਟੁੱਟ ਜਾਂਦੇ ਹਨ। ਵਿਗਿਆਨ ਦੇ ਹਿਸਾਬੀ ਮਾਡਲ ਅਸਲ ਵਿੱਚ ਬਿਗ ਬੈਂਗ ਦੇ ਸ਼ੁਰੂ ਹੋਣ ਤੋਂ ਸਕਿੰਟ ਦੇ ਕੁਝ ਪਲ ਮਗਰੋਂ ਸ਼ੁਰੂ ਹੁੰਦੇ ਹਨ। ਇਸ ਬਿੰਦੂ ਵਿੱਚ ਫਿਰ ਧਮਾਕਾ ਹੋਇਆ ਜਿਸ ਤੋਂ ਬਾਅਦ ਸ਼ਕਤੀ ਨੇ ਪਦਾਰਥ ਦਾ ਰੂਪ ਧਾਰਨਾ ਸ਼ੁਰੂ ਕੀਤਾ। ਇਹ ਰੂਪਾਂਤਰਣ ਦੀ ਕਿਰਿਆ ਹੁਣ ਤੱਕ ਜਾਰੀ ਹੈ। ਵਿਗਿਆਨੀ ਜੇ.ਐਮ. ਪੈਸਾਕੋਫ ਅਨੁਸਾਰ ਇੱਕ ਵੱਡਾ ਧਮਾਕਾ ਹੋਇਆ ਜਿਸ ਨਾਲ ਬ੍ਰਹਿਮੰਡ ਦੀ ਸ਼ੁਰੂਆਤ ਹੋਈ, ਉਸ ਸਮੇਂ ਤੋਂ ਲੈ ਕੇ ਹੁਣ ਤਕ ਬ੍ਰਹਿਮੰਡ ਫੈਲਦਾ ਜਾ ਰਿਹਾ ਹੈ। ਵਿਗਿਅਨੀ ਪੇਆਸੀਕ ਮੋਰ ਅਨੁਸਾਰ ਬ੍ਰਹਿਮੰਡ ਦੀ ਸ਼ੁਰੂਆਤ ਅਤੇ ਇਸ ਦੀ ਉਤਪਤੀ ਬਾਰੇ ਕਾਫ਼ੀ ਕੁਝ ਸੁਣ ਰਹੇ ਹਾਂ ਪਰ ਅਸਲ ਵਿੱਚ ਇਹ ਵਿਚਾਰ ਭੁਲੇਖਾ ਪਾਉਣ ਵਾਲੇ ਹਨ। ਕੋਈ ਵੀ ਹੁਣ ਤੱਕ ਇਹ ਨਹੀਂ ਦੱਸ ਸਕਦਾ ਕਿ ਜਿਨ੍ਹਾਂ ਪਦਾਰਥਾਂ ਨਾਲ ਇਹ ਧਰਤੀ, ਸੂਰਜ, ਤਾਰੇ ਅਤੇ ਤਾਰਿਕਾ ਮੰਡਲ ਬਣੇ ਹਨ ਉਹ ਪਦਾਰਥ ਕਿਵੇਂ ਹੋਂਦ ਵਿੱਚ ਆਏ।
ਭੌਤਿਕ ਵਿਗਿਆਨ ਵਿੱਚ ਚਾਰ ਤਾਕਤਾਂ ਨੂੰ ਪ੍ਰਮੁੱਖ ਮੰਨਿਆ ਗਿਆ ਹੈ। ਉਨ੍ਹਾਂ ਦੇ ਨਾਂ ਹਨ (1) ਸਟਰੌਂਗ ਨਿਊੁਕਲੀਅਰ, (2) ਵੀਕ ਨਿਊੁਕਲੀਅਰ, (3) ਇਲੈਕਟ੍ਰੋਮੈਗਨੈਟਿਕ, (4) ਗਰੈਵਿਟੀ। ਇਹ ਚਾਰੇ ਸ਼ਕਤੀਆਂ ਵਿਸਫੋਟ ( ਬਿੱਗ-ਬੈਂਗ ) ਤੋਂ ਕੁਝ ਪਲ ਮਗਰੋਂ ( 10-43 ਸਕਿੰਟ ਬਾਅਦ) ਇੱਕ ਸੁਪਰ ਸ਼ਕਤੀ ਦਾ ਰੂਪ ਧਾਰਨ ਕਰ ਕੇ ਵਿਚਰਨ ਲੱਗੀਆਂ। ਇਸ ਸੁਪਰ ਸ਼ਕਤੀ ਵਿੱਚੋਂ ਮੈਟਰ ਅਤੇ ਐਂਟੀ-ਮੈਟਰ ਦਾ ਜਨਮ ਹੋਇਆ। ਤਾਪਮਾਨ ਉਦੋਂ ਅਨੰਤਤਾ ਤਕ ਵਧਿਆ ਹੋਇਆ ਸੀ। ਇਸ ਤਾਪਮਾਨ ਨੂੰ ਹਿੰਦਸਿਆਂ ਵਿੱਚ ਲਿਖਿਆ ਨਹੀਂ ਜਾ ਸਕਦਾ। ਅਜਿਹੇ ਤਾਪਮਾਨ ਵਿੱਚ ਮੈਟਰ ਅਤੇ ਐਂਟੀ-ਮੈਟਰ ਇੱਕ-ਦੂਜੇ ਵਿੱਚ ਲੀਨ ਹੋ ਕੇ ਫਿਰ ਸ਼ਕਤੀ ਦਾ ਰੂਪ ਹੋਣ ਲੱਗੇ। ਪਰ ਕੁਝ ਬਿਆਨ ਨਾ ਕੀਤੀਆਂ ਜਾਣ ਵਾਲੀਆਂ ਹਾਲਤਾਂ ਸਦਕਾ ਮੈਟਰ ਅਤੇ ਐਂਟੀ-ਮੈਟਰ ਦੀ ਵੰਡ ਇੱਕੋ ਜਿਹੀ ਨਾ ਹੋ ਸਕੀ। ਇੱਕ ਖਰਬ ਹਿੱਸਿਆਂ ਵਿੱਚੋਂ ਮੈਟਰ ਦਾ ਇੱਕ ਹਿੱਸਾ ਦੁਬਾਰਾ ਸ਼ਕਤੀ ਦਾ ਰੂਪ ਨਾ ਲੈਂਦਾ ਹੋਇਆ ਬ੍ਰਹਿਮੰਡ ਵਿੱਚ ਫੈਲਣ ਲੱਗਾ। ਵਿਗਿਆਨੀ ਹੱਬਲ ਮੁਤਾਬਕ ਜਿਵੇਂ ਜਿਵੇਂ ਉਸ ਦਾ ਫੈਲਾਅ ਵਧਿਆ ਉਸ ਦੇ ਦੂਰ ਜਾਣ ਦੀ ਰਫ਼ਤਾਰ ਵੀ ਉਸੇ ਹਿਸਾਬ ਨਾਲ ਵਧਣ ਲੱਗੀ। ਇਸ ਫੈਲਾਅ ਨਾਲ ਬ੍ਰਹਿਮੰਡ ਦਾ ਤਾਪਮਾਨ ਘਟਣ ਲੱਗਾ। ਤਾਪਮਾਨ ਘਟਦਾ ਹੋਇਆ ਜਦੋਂ ਤਕਰੀਬਨ ਚਾਰ ਹਜ਼ਾਰ ਖਰਬ ਡਿਗਰੀ ਸੈਂਟੀਗਰੇਡ ’ਤੇ ਪਹੁੰਚਿਆ ਤਾਂ ਫੋਟਾਨ, ਨਿਊਟਰੀਨੋ, ਇਲੈਕਟ੍ਰਾਨ ਅਤੇ ਕੁਆਰਕ ਵਰਗੇ ਪਾਰਟੀਕਲਾਂ ਦਾ ਜਨਮ ਹੋਇਆ। ਤਾਪਮਾਨ ਹੋਰ ਘਟਣ ਨਾਲ (ਤਿੰਨ ਹਜ਼ਾਰ ਖਰਬ ਡਿਗਰੀ ਸੈਂਟੀਗਰੇਡ) ਕੁਆਰਕ ਆਪਸ ਵਿੱਚ ਜੁੜਨ ਲੱਗੇ। ਉਨ੍ਹਾਂ ਦੇ ਇਸ ਮਿਲਨ ਤੋਂ ਜਨਮ ਹੋਇਆ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦਾ। ਹੁਣ ਸਮਾਂ ਆਪਣੀ ਚਾਲ ਚੱਲ ਰਿਹਾ ਸੀ। ਇੱਕ ਤੋਂ ਤਿੰਨ ਮਿੰਟਾਂ ਬਾਅਦ ਜਦੋਂ ਤਾਪਮਾਨ ਇੱਕ ਖਰਬ ਡਿਗਰੀ ਸੈਂਟੀਗਰੇਡ ’ਤੇ ਪਹੁੰਚਿਆ ਤਾਂ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੇ ਜੋੜੇ ਮਿਲ ਕੇ ਹੀਲੀਅਮ ਨਿਊੁਕਲੀਅਸ ਦਾ ਰੂਪ ਅਖਤਿਆਰ ਕਰਨ ਲੱਗੇ। ਹੀਲੀਅਮ ਨਿਊੁਕਲੀਅਸ ਇਸ ਅਵਸਥਾ ਵਿੱਚ ਤਕਰੀਬਨ 3,00,000 ਸਾਲ ਤੱਕ ਵਿਚਰਦੇ ਰਹੇ। ਫਿਰ ਇਨ੍ਹਾਂ ਨੇ ਬ੍ਰਹਿਮੰਡ ਵਿੱਚ ਤੈਰ ਰਹੇ ਇਲੈਕਟ੍ਰਾਨਾਂ ਨੂੰ ਆਪਣੇ ਨਾਲ ਜੋੜ ਲਿਆ। ਇਸ ਤਰ੍ਹਾਂ ਹੀਲੀਅਮ ਐਟਮ ਦਾ ਜਨਮ ਹੋਇਆ। ਹੀਲੀਅਮ, ਹਾਈਡਰੋਜਨ ਆਦਿ ਵਰਗੇ ਐਟਮਾਂ ਨਾਲ ਪਦਾਰਥ ਦੇ ਹੋਂਦ ਵਿੱਚ ਆਉਣ ਦੇ ਆਸਾਰ ਬਣਨ ਲੱਗੇ। ਇਹ ਹੈ ਕਹਾਣੀ ਬ੍ਰਹਿਮੰਡ ਅਤੇ ਬ੍ਰਹਿਮੰਡੀ ਪਦਾਰਥ ਦੇ ਹੋਂਦ ਵਿੱਚ ਆਉਣ ਦੀ।
ਖੋਜ ਲਈ ਵਰਤੀ ਗਈ ਐਲਐਚਸੀ ਮਸ਼ੀਨ |
ਲਾਰਜ਼ ਹੈਡਰਾਨ ਕਲਾਈਡਰ L83 ਦੁਨੀਆਂ ਦੀ ਸਭ ਤੋਂ ਜ਼ਿਆਦਾ ਤਾਕਤਵਰ ਐਕਸਲਰੇਟਰ ਮਸ਼ੀਨ ਹੈ, ਜਿਸ ਨੂੰ ਬਣਾਉਣ ਲਈ ਵਿਗਿਆਨੀਆਂ ਨੇ ਪਿਛਲੇ 30 ਸਾਲ ਤੋਂ ਦਿਨ ਰਾਤ ਮੁਸ਼ੱਕਤ ਕੀਤੀ। ਇਹ ਮਸ਼ੀਨ ਬੜੇ ਹੀ ਸੂਖ਼ਮ ਕਿਸਮ ਦੇ ਪਾਰਟੀਕਲਾਂ ਨੂੰ ਬੜੀ ਜ਼ਿਆਦਾ ਰਫ਼ਤਾਰ ਦਿੰਦੇ ਹੋਏ (ਤਕਰੀਬਨ ਰੋਸ਼ਨੀ ਦੀ ਰਫ਼ਤਾਰ ਦੇ ਬਰਾਬਰ) ਆਪਸ ਵਿੱਚ ਟਕਰਾਓ ਕਰਾਉਣ ਦੀ ਸਮਰੱਥਾ ਰੱਖਦੀ ਹੈ। ਅਜਿਹਾ ਕਰਨ ਨਾਲ ਬਿਗ ਬੈਂਗ ਵਰਗੀਆਂ ਉਹੋ ਜਿਹੀਆਂ ਹਾਲਤਾਂ ਪੈਦਾ ਹੋ ਸਕਦੀਆਂ ਹਨ ਜਿਹੋ ਜਿਹੀਆਂ ਹਾਲਤਾਂ ਬ੍ਰਹਿਮੰਡ ਦੇ ਬਣਨ ਤੋਂ ਕੁਝ ਕੁ ਪਲ ਮਗਰੋਂ (14 ਖਰਬ ਸਾਲ ਪਹਿਲਾਂ ) ਸਨ। ਪ੍ਰੋਟਾਨ ਜਿਹੜਾ ਐਟਮ ਦੇ ਨਿਊਕਲੀਅਸ ਦਾ ਇੱਕ ਖ਼ਾਸ ਪਾਰਟੀਕਲ ਹੈ, ਉਹੋ ਜਿਹੇ ਦੋ ਪ੍ਰੋਟਾਨਾਂ ਦੀ ਬੀਮ ਨੂੰ 27 ਕਿਲੋਮੀਟਰ ਦੇ ਰਿੰਗ ਵਿੱਚ ਤਕਰੀਬਨ 11000 ਵਾਰ 1,86,000 ਮੀਲ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਘੁਮਾਇਆ ਜਾਂਦਾ ਹੈ। 10 ਟੈਰਾ (ਟਰੀਲੀਅਨ) ਇਲੈਕਟ੍ਰਾਨ ਵੋਲਟ ਤੋਂ ਲੈ ਕੇ 14 ਟੈਰਾ ਇਲੈਕਟ੍ਰਾਨ ਵੋਲਟ ਤਕ ਉਨ੍ਹਾਂ ਨੂੰ ਤਾਕਤ ਦਿੱਤੀ ਜਾਂਦੀ ਹੈ। ਬੀਮ ਨੂੰ ਗੋਲਾਕਾਰ ਰਸਤੇ ਵਿੱਚ ਰੱਖਣ ਲਈ ਤਕਰੀਬਨ 2000 ਇਲੈਕਟ੍ਰੋਮੈਗਨਿਟ ਲਗਾਏ ਗਏ ਸਨ। ਇਨ੍ਹਾਂ ਵਿੱਚੋਂ 7000 ਮੈਗਨਿਟ ਅਜਿਹੇ ਸਨ ਜਿਨ੍ਹਾਂ ’ਤੇੰ ਚੁੰਬਕੀ ਖੇਤਰ ਵਧਾਉਣ ਲਈ ਤਰਲ ਹੀਲੀਅਮ ਦੀ ਵਰਤੋਂ ਕੀਤੀ ਗਈ ਸੀ। ਤਰਲ ਹੀਲੀਅਮ ਨਾਲ ਇਨ੍ਹਾਂ ਮੈਗਨਿਟ ਦਾ ਤਾਪਮਾਨ ਬਰਫ਼ ਜੰਮਣ ਦੇ ਤਾਪਮਾਨ ਤੋਂ 271 ਡਿਗਰੀ ਸੈਂਟੀਗਰੇਡ ਘਟ ਜਾਂਦਾ ਹੈ। ਪ੍ਰੋਟਾਨਾਂ ਦੇ ਹਰ ਇੱਕ ਸਕਿੰਟ ਵਿੱਚ 800 ਮਿਲੀਅਨ ਟਕਰਾਓ ਕਰਾਉਣ ਨਾਲ ਤਾਪਮਾਨ ਬੇਹੱਦ ਵਧਾ ਦਿੱਤਾ ਗਿਆ। ਇੱਕ ਰਿਪੋਰਟ ਅਨੁਸਾਰ 100 ਬਿਲੀਅਨ ਪ੍ਰੋਟਾਨਾਂ ਦੀ ਬੀਮ ਜਿਹੜੀ ਕੁਝ ਸੈਂਟੀਮੀਟਰ ਲੰਮੀ ਤੇ ਵਾਲ ਤੋਂ ਵੀ ਬਰੀਕ ਹੁੰਦੀ ਹੈ, ਜੇ ਉਹੋ ਜਿਹੇ ਬੀਮਾਂ ਦੇ ਕਈ ਹਜ਼ਾਰਾਂ ਗੁੱਛਿਆਂ ਦਾ ਟਕਰਾਓ ਕਰਵਾਇਆ ਜਾਵੇ ਤਾਂ ਉਹ ਹਾਲਾਤ ਪੈਦਾ ਹੋ ਜਾਣਗੇ ਜਿਹੋ ਜਿਹੇ ਬ੍ਰਹਿਮੰਡ ਦੀ ਰਚਨਾ ਤੋਂ ਕੁਝ ਕੁ ਪਲ ਮਗਰੋਂ ਸਨ। ਇਸ ਪ੍ਰੋਜੈਕਟ ਵਿੱਚ ਦੁਨੀਆਂ ਦੇ 85 ਦੇਸ਼ਾਂ ਦੇ 10000 ਵਿਗਿਆਨੀਆਂ ਨੇ ਭਾਗ ਲਿਆ। ਇਸ ਲਈ ਜਨੇਵਾ ਵਿੱਚ ਧਰਤੀ ਤੋਂ 100 ਮੀਟਰ ਥੱਲੇ 27 ਕਿਲੋਮੀਟਰ ਲੰਬੀ ਗੋਲਾਕਾਰ ਸੁਰੰਗ ਬਣਾਈ ਗਈ। ਬਿਗ ਬੈਂਗ ਵਰਗੇ ਪ੍ਰਯੋਗਾਂ ਦੀ ਸ਼ੁਰੂਆਤ 10 ਸਤੰਬਰ 2008 ਨੂੰ ਯੂਰਪੀਅਨ ਨਿਊਕਲੀਅਰ ਰਿਸਰਚ (35RN) ਵੱਲੋਂ ਸ਼ੁਰੂ ਕੀਤੀ ਗਈ। 10 ਸਤੰਬਰ 2008 ਦਾ ਦਿਨ ਵਿਗਿਆਨੀਆਂ ਲਈ ਇਤਹਾਸਕ ਦਿਹਾੜਾ ਹੋ ਨਿੱਬੜਿਆ ਜਦੋਂ ਪ੍ਰੋਟਾਨਾਂ ਦੀ ਬੀਮ ਨੂੰ ਕੁਝ ਦੇਰ ਲਈ ਸਰਕਟ ਵਿੱਚ ਘੁਮਾਇਆ ਗਿਆ। ਇਸ ਪ੍ਰੋਜੈਕਟ ਵਿੱਚ ਬੇ-ਹਿਸਾਬੀ ਮੈਨ ਪਾਵਰ ਅਤੇ ਪੈਸਾ ਖਰਚ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਇਹ ਖਰਚਾ ਤਕਰੀਬਨ 5 ਬਿਲੀਅਨ ਪੌਂਡ ਤੋਂ ਵੀ ਜ਼ਿਆਦਾ ਹੈ ਜਿਸ ਵਿੱਚ ਬਰਤਾਨੀਆ ਨੇ 78 ਮਿਲੀਅਨ ਪੌਂਡ ਨਿਵੇਸ਼ ਕੀਤੇ ਹਨ ਅਤੇ ਜਰਮਨੀ ਦਾ ਨਿਵੇਸ਼ ਇਸ ਤੋਂ ਵੀ ਵੱਧ ਹੈ। ਚਾਰ ਜੁਲਾਈ 2012 ਦਾ ਦਿਹਾੜਾ ਵੀ ਇਤਿਹਾਸਕ ਹੋ ਨਿਬੜਿਆ ਜਦੋਂ (35RN) ਏਜੰਸੀ ਨੇ ਹਿਗਸ ਬੋਸਾਨ ਜਾਂ ਇਸ ਦੇ ਨਾਲ ਮਿਲਦੇ-ਜੁਲਦੇ ਪਾਰਟੀਕਲ ਦੇ ਲੱਭਣ ਦੀ ਪੁਸ਼ਟੀ ਕਰ ਦਿੱਤੀ। ਇਸ ਖ਼ਬਰ ਨਾਲ ਵਿਗਿਆਨ ਜਗਤ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਅਜਿਹਾ ਨਹੀਂ ਕਿ ਇਸ ਇਤਿਹਾਸਕ ਘਟਨਾ ਵਿੱਚ ਏਸ਼ੀਆਈ ਵਿਗਿਆਨੀਆਂ ਦਾ ਕੋਈ ਰੋਲ ਨਹੀਂ ਰਿਹਾ। ਪਾਕਿਸਤਾਨ ਤੇ ਹਿੰਦੋਸਤਾਨ ਦੇ ਵਿਗਿਆਨੀਆਂ ਦੇ ਨਾਂ ਵੀ ਏਥੇ ਵਰਣਨਯੋਗ ਹਨ। ਅਮਰੀਕੀ ਭੌਤਿਕ ਵਿਗਿਆਨੀ ਸ਼ੈਲਡਨ ਗਲਾਸਹਾਓ ਨੇ 1960 ਵਿੱਚ ਕੁਝ ਬੁਨਿਆਦੀ ਤਾਕਤਾਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਸੀ। ਪਾਕਿਸਤਾਨ ਦੇ ਨੋਬੇਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਅਬਦੁਸ ਸਲਾਮ ਤੇ ਅਮਰੀਕਾ ਦੇ ਵਿਗਿਆਨੀ ਸਟੀਵਨ ਵੇਨਬਰਗ ਨੇ 1967 ਵਿੱਚ ਹਿਗਸ ਸਿਧਾਂਤ ਨੂੰ ਸ਼ੈਲਡਨ ਗਲਾਸਹਾਓ ਦੇ ਸਿਧਾਂਤ ਨਾਲ ਜੋੜਨ ਦਾ ਕੰਮ ਕੀਤਾ। 1974 ਵਿੱਚ ਡਾ. ਅਬਦੁਸ ਸਲਾਮ ਨੇ ਹਿੰਦੋਸਤਾਨ ਦੇ ਭੌਤਿਕ ਵਿਗਿਆਨੀ ਜੋਗੇਸ਼ ਪਤੀ ਨਾਲ ਮਿਲ ਕੇ ਕਣਾਂ ਦੇ ਸਬੰਧ ਵਿੱਚ ਪਤੀ-ਸਲਾਮ ਮਾਡਲ ਦੀ ਰਚਨਾ ਕੀਤੀ।
1964 ਵਿੱਚ ਪੀਟਰ ਹਿਗਸ ਨੇ ਪਾਰਟੀਕਲ ਥਿਊਰੀ ਵਿੱਚ ਹਾਈਪੋਥੈਟੀਕਲ ਮਾਸ (ਪਦਾਰਥੀ ਤੱਤ) ਪਾਰਟੀਕਲ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਗਾਡ ਪਾਰਟੀਕਲ ਵਜੋਂ ਜਾਣਿਆ ਜਾਂਦਾ ਹੈ। ਹੁਣ ਤਕ ਇਹ ਇੱਕ ਬੁਝਾਰਤ ਹੀ ਸੀ ਕਿ ਅਸਲ ਵਿੱਚ ਇਨ੍ਹਾਂ ਦੀ ਹੋਂਦ ਹੈ ਵੀ ਜਾਂ ਨਹੀਂ। ਲ਼੍ਹਛ ਮਸ਼ੀਨ ਤੋਂ ਅੱਜ ਇਹ ਸਿੱਧ ਹੋ ਚੁੱਕਾ ਹੈ ਕਿ ਬੋਸਾਨ ਜਾਂ ਬੋਸਾਨ ਵਰਗੇ ਕਣ ਬਿਗ ਬੈਂਗ ਦੇ ਕੁਝ ਕੁ ਪਲ ਮਗਰੋਂ ਮੌਜੂਦ ਸਨ ਜਿਨ੍ਹਾਂ ਨੇ ਬ੍ਰਹਿਮੰਡੀ ਖਲਾਅ ਨੂੰ ਪਦਾਰਥੀ ਤੱਤਾਂ ਨਾਲ ਭਰ ਦਿੱਤਾ। ਹਿਗਸ ਬੋਸਾਨ ਵਰਗੇ ਕਣ ਲੱਭਣ ਨਾਲ ਵਿਗਿਆਨੀ ਇਹ ਜਾਣ ਸਕਣਗੇ ਕਿ ਬ੍ਰਹਿਮੰਡੀ ਸ਼ਕਤੀ ਬ੍ਰਹਿਮੰਡੀ ਮਾਸ (ਪਦਾਰਥੀ ਤੱਤ) ਵਿੱਚ ਕਿਵੇਂ ਪਰਿਵਰਤਤ ਹੁੰਦੀ ਹੈ? ਗੁਰੂਤਾ ਸ਼ਕਤੀ ਦਾ ਜਨਮ ਕਿਵੇਂ ਹੁੰਦਾ ਹੈ? ਬ੍ਰਹਿਮੰਡ ਵਿੱਚ ਖਿੱਲਰੇ ਲੱਖਾਂ ਕਰੋੜਾਂ ਤਾਰੇ, ਗ੍ਰਹਿ ਅਤੇ ਉਪਗ੍ਰਹਿ ਬ੍ਰਹਿਮੰਡੀ ਸ਼ਕਤੀ ਦਾ ਸਿਰਫ਼ 4 ਫ਼ੀਸਦੀ ਹਿੱਸਾ ਹਨ, 23 ਫ਼ੀਸਦੀ ਡਾਰਕ ਮੈਟਰ ਅਤੇ 73 ਫ਼ੀਸਦੀ ਡਾਰਕ ਐਨਰਜੀ ਹੈ। ਡਾਰਕ ਮੈਟਰ ਅਤੇ ਡਾਰਕ ਐਨਰਜੀ ਬਾਰੇ ਮਨੁੱਖ ਨੂੰ ਅਜੇ ਤਾਈਂ ਕੋਈ ਜਾਣਕਾਰੀ ਨਹੀਂ, ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਵੇਂ ਸਾਨੂੰ ਪਤਾ ਹੈ ਸਪੇਸ ਚਾਰ ਡਾਇਮਨਸ਼ਨਲ ਹੈ ਜਿਸ ਵਿੱਚੋਂ ਇੱਕ ਡਾਇਮੈਨਸ਼ਨ ਟਾਈਮ ਹੈ ਤਾਂ ਕਿਸੇ ਹੋਰ ਵਾਧੂ ਡਾਇਮਨਸ਼ਨ ਦੀ ਘੋਖ ਵੀ ਕੀਤੀ ਜਾਵੇਗੀ। ਇਸ ਖੋਜ ਦਾ ਸਿਹਰਾ ਸੰਸਾਰ ਦੇ ਉਨ੍ਹਾਂ ਸਾਰੇ ਵਿਗਿਆਨੀਆਂ ਸਿਰ ਬੱਝਦਾ ਹੈ ਜਿਨ੍ਹਾਂ ਨੇ ਰਾਤ ਦਿਨ ਲੈਬਾਰਟਰੀਆਂ ਵਿੱਚ ਮੁਸ਼ਕਤ ਕਰ ਕੇ ਬ੍ਰਹਿਮੰਡ ਦੀ ਰਚਨਾ ਦੇ ਧੁਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਹ ਅੰਤਿਮ ਖੋਜ ਨਹੀਂ ਹੈ। ਇੱਕ ਖੋਜ ਕਾਲੀ ਹਨੇਰੀ ਰਾਤ ਵਿੱਚ ਇੱਕ ਨਿੱਕਾ ਜਿਹਾ ਦੀਵਾ ਜਗਾਉਣ ਦੇ ਬਰਾਬਰ ਹੈ। ਵਿਸ਼ਵਾਸ ਨਾਲ ਅਜੇ ਇਹ ਪੁਸ਼ਟੀ ਨਹੀਂ ਕੀਤੀ ਜਾ ਸਕੀ ਕਿ ਜਿਹੜਾ ਕਣ ਲੱਭਿਆ ਗਿਆ ਹੈ ਉਹ ਅਸਲ ਵਿੱਚ ਹਿਗਸ ਬੋਸਾਨ ਹੀ ਹੈ, ਪੁਸ਼ਟੀ ਇਹ ਹੈ ਕਿ ਇਹ ਉਸ ਨਾਲ ਮਿਲਦਾ ਜੁਲਦਾ ਹੈ। ਆਉਣ ਵਾਲਾ ਸਮਾਂ ਬਿਆਨ ਕਰੇਗਾ ਕਿ ਸੱਚਾਈ ਕੀ ਹੈ?
* ਮੋਬਾਈਲ: 098881-69226